ਮੁੰਬਈ : ਇਨ੍ਹੀਂ ਦਿਨੀਂ ਸੀ. ਆਈ. ਐੱਸ. ਐੱਫ. (ਸੈਂਟਰਲ ਇੰਡਸਟਰੀਅਲ ਸਕਿਓਰਿਟੀ ਫੋਰਸ) ਦਾ ਇਕ ਜਵਾਨ ਕਾਫੀ ਚਰਚਾ ‘ਚ ਹੈ। ਇਸ ਜਵਾਨ ਦਾ ਨਾਂ ਸੋਮਨਾਥ ਮੋਹੰਤੀ ਹੈ।ਜਿਸਦੀ ਏਅਰਪੋਰਟ ‘ਤੇ ਸਲਮਾਨ ਖਾਨ ਦੀ ਤਲਾਸ਼ੀ ਲੈਣ ਵਾਲੀ ਵੀਡੀਓ ਖੂਬ ਵਾਇਰਲ ਹੋ ਰਹੀ ਹੈ।ਇਸ ਵੀਡੀਓ ਨੂੰ ਲੈ ਕੇ ਜਵਾਨ ਦੀ ਬਹੁਤ ਪ੍ਰਸ਼ੰਸਾ ਕੀਤੀ ਗਈ ਸੀ, ਪਰ ਹਾਲ ਹੀ ਵਿੱਚ ਖ਼ਬਰ ਆਈ ਸੀ ਕਿ ਇਸ ਕਾਰਨ ਉਸ ਨੂੰ ਸਜ਼ਾ ਦਿੱਤੀ ਗਈ, ਪਰ ਸੀਆਈਐਸਐਫ ਨੇ ਸਪੱਸ਼ਟ ਕਰ ਦਿੱਤਾ ਹੈ ਕਿ ਉਨ੍ਹਾਂ ਨੇ ਆਪਣੇ ਜਵਾਨ ਨੂੰ ਸਜ਼ਾ ਨਹੀਂ ਦਿੱਤੀ ਬਲਕਿ ਆਪਣੀ ਡਿਊਟੀ ਸਹੀ ਢੰਗ ਨਾਲ ਨਿਭਾਉਣ ਲਈ ਇਨਾਮ ਦਿੱਤਾ ਹੈ।
ਹਾਲ ਹੀ ’ਚ ਮੀਡੀਆ ’ਚ ਇਸ ਤਰ੍ਹਾਂ ਦੀਆਂ ਖ਼ਬਰਾਂ ਸੀ ਕਿ ਮੀਡੀਆ ਨਾਲ ਗੱਲ ਕਰਨ ਦੀ ਵਜ੍ਹਾ ਨਾਲ ਸੋਮਨਾਥ ਮੋਹੰਤੀ ਦਾ ਮੋਬਾਈਲ ਫ਼ੋਨ ਜਬਤ ਕਰ ਲਿਆ ਗਿਆ ਪਰ ਹੁਣ ਸੀਆਈਐੱਸਐੱਫ ਨੇ ਇਸ ਤਰ੍ਹਾਂ ਦੀਆਂ ਖ਼ਬਰਾਂ ਦਾ ਖੰਡਨ ਕੀਤਾ ਹੈ।ਨਾਲ ਹੀ ਕਿਹਾ ਹੈ ਕਿ ਸੋਮਨਾਥ ਮੋਹੰਤੀ ਨੂੰ ਆਪਣੇ ਕੰਮ ਦੇ ਪ੍ਰਤੀ ਪ੍ਰੋਫੈਸ਼ਨਲ ਰਵੱਈਆ ਦਿਖਾਉਣ ਲਈ ਉਤਸ਼ਾਹਿਤ ਕੀਤਾ ਗਿਆ ਹੈ। ਇਹ ਜਾਣਕਾਰੀ ਖ਼ੁਦ ਸੀ. ਆਈ. ਐੱਸ. ਐੱਫ. ਨੇ ਮੀਡੀਆ ਨੂੰ ਦਿੱਤੀ ਹੈ।
ਦਸ ਦਈਏ ਕਿ ਜਦੋਂ ਸਲਮਾਨ ਖਾਨ ਆਪਣੀ ਫਿਲਮ ਟਾਈਗਰ 3 ਦੀ ਸ਼ੂਟਿੰਗ ਲਈ ਮੁੰਬਈ ਏਅਰਪੋਰਟ ਤੋਂ ਰੂਸ ਲਈ ਰਵਾਨਾ ਹੋ ਰਹੇ ਸਨ। ਸਲਮਾਨ ਬਿਨਾਂ ਜਾਂਚ ਕੀਤੇ ਅੰਦਰ ਜਾ ਰਹੇ ਸਨ, ਜਦੋਂ ਸੋਮਨਾਥ ਮੋਹੰਤੀ ਨਾਂ ਦੇ ਜਵਾਨ ਨੇ ਉਨ੍ਹਾਂ ਨੂੰ ਰੋਕ ਕੇ ਚੈਕ ਕੀਤਾ। ਇਹ ਜਵਾਨ ਸਲਮਾਨ ਖਾਨ ਦੇ ਪ੍ਰਭਾਵ ਵਿੱਚ ਆਏ ਬਿਨਾਂ ਆਪਣੀ ਡਿਊਟੀ ਵਧੀਆ ਢੰਗ ਨਾਲ ਨਿਭਾ ਰਿਹਾ ਸੀ। ਇਹ ਵੀਡੀਓ ਦੇਖਦੇ ਹੀ ਦੇਖਦੇ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈ, ਨੇਟੀਜ਼ਨਾਂ ਨੇ ਕੰਮ ਪ੍ਰਤੀ ਉਸਦੇ ਸਮਰਪਣ ਦੀ ਪ੍ਰਸ਼ੰਸਾ ਕਰਨੀ ਸ਼ੁਰੂ ਕਰ ਦਿੱਤੀ।