ਅੱਜ ਪੰਜਾਬ ਦਾ ਹੇਠਾਂ ਤੋਂ ਉਪਰ ਤਕ ਹਰ ਮੁਲਾਜ਼ਮ ਪਰੇਸ਼ਾਨ: ਸਾਬਕਾ ਸਿਹਤ ਮੰਤਰੀ

Prabhjot Kaur
2 Min Read

ਐਸ.ਏ.ਐਸ. ਨਗਰ: ਪੰਜਾਬ ਦੇ ਸਾਬਕਾ ਸਿਹਤ ਮੰਤਰੀ ਅਤੇ ਸੀਨੀਅਰ ਭਾਜਪਾ ਆਗੂ ਬਲਬੀਰ ਸਿੰਘ ਸਿੱਧੂ ਨੇ ਕਿਹਾ ਪੰਜਾਬ ਸਰਕਾਰ ਮੈਡੀਕਲ ਸੇਵਾਵਾਂ ਨੂੰ ਆਮ ਜਨਤਾ ਤਕ ਯਕੀਨੀ ਬਣਾਉਣ ਵਿੱਚ ਫੇਲ੍ਹ ਸਾਬਿਤ ਹੋ ਰਹੀ ਹੈ । ਸਿੱਧੂ ਨੇ ਕਿਹਾ 108 ਐਮਬੂਲੈਂਸ ਸੇਵਾ ਦੇ ਮੁਲਾਜ਼ਮਾਂ ਦੀ ਹੜਤਾਲ ਨੂੰ ਅੱਜ ਤੀਜਾ ਦਿਨ ਹੋ ਗਿਆ ਹੈ ਜੋ ਕਿ ਪੰਜਾਬ ਕੇ ਲੋਕਾਂ ਦੀ ਜਾਨਾਂ ਨਾਲ ਸਿੱਧਾ ਖਿਲਵਾੜ ਹੈ।

ਉਨ੍ਹਾਂ ਨੇ ਕਿਹਾ ਕਿ ਇੰਜ ਜਾਪਦਾ ਹੈ ਕਿ ਆਪ ਦੇ ਸਿਹਤ ਮੰਤਰੀ ਇਸ ਮਾਮਲੇ ਨੂੰ ਗੰਭੀਰਤਾ ਨਾਲ ਨਹੀਂ ਲੈ ਰਹੀ ਹੈ ਅਤੇ ਦੂਜੇ ਪਾਸੇ ਪੰਜਾਬ ਦੇ ਲੋਕਾਂ ਦਾ ਗੁੱਸਾ ਵੱਧਦਾ ਜਾ ਰਿਹਾ ਹੈ। 108 ਐਂਬੂਲੈਂਸ ਸੇਵਾ ਸਿੱਧੇ ਤੌਰ ‘ਤੇ ਲੋਕਾਂ ਦੀਆਂ ਕੀਮਤੀ ਜਾਨਾਂ ਨੂੰ ਬਚਾਉਣ ਦੀ ਸੇਵਾ ਹੈ ਅਤੇ ਇਸ ਵਿੱਚ ਕਿਸੇ ਵੀ ਤਰ੍ਹਾਂ ਦੀ ਢਿੱਲ ਨਹੀਂ ਦਿੱਤੀ ਜਾ ਸਕਦੀ। ਸਿੱਧੂ ਨੇ ਤੰਜ ਕਸਦਿਆਂ ਕਿਹਾ ਕਿ ਇਸ ਗੱਲ ਦਾ ਆਪ ਸਰਕਾਰ ਨੂੰ ਕੋਈ ਫ਼ਰਕ ਨਹੀਂ ਪੈਂਦਾ।

ਸਿੱਧੂ ਨੇ ਕਿਹਾ ਜਦੋਂ ਤੋਂ ਪੰਜਾਬ ਵਿੱਚ ਆਪ ਦੀ ਸਰਕਾਰ ਬਣੀ ਹੈ ਰਾਜ ਵਿੱਚ ਸੱਭ ਤੋਂ ਵੱਧ ਹੜਤਾਲਾਂ ਅਤੇ ਰੋਸ਼ ਪ੍ਰਦਰਸ਼ਨਾਂ ਦੇ ਮਾਮਲੇ ਵੇਖੇ ਜਾ ਰਹੇ ਹਨ। ਉਨ੍ਹਾਂ ਅੱਗੇ ਕਿਹਾ ਕਿ ਅਧਿਆਪਕ, ਖਿਡਾਰੀ, ਸਰਕਾਰੀ ਮੁਲਾਜ਼ਮ, ਅਧਿਕਾਰੀ ਅਤੇ ਕਿਸਾਨ, ਹਰ ਖੇਤਰਾਂ ਦੇ ਲੋਕਾਂ ਨੇ ਆਪ ਸਰਕਾਰ ਨੂੰ ਹਰ ਮੋੜ ਤੇ ਘੇਰਿਆ ਹੈ ਅਤੇ ਕਿਸੇ ਦਾ ਵੀ ਕੋਈ ਮਸਲਾ ਹਾਲੇ ਤਕ ਹੱਲ ਹੁੰਦਾ ਨਹੀਂ ਦਿੱਖ ਰਿਹਾ ਹੈ ਜੋ ਕਿ ਪੰਜਾਬ ਸਰਕਾਰ ਦੀ ਨਾਕਾਮੀਆਂ ਨੂੰ ਉਜਾਗਰ ਕਰਦਾ ਹੈ।

ਸਿੱਧੂ ਨੇ ਭਗਵੰਤ ਮਾਨ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਇਸ ਮਾਮਲੇ ਵਿੱਚ ਨਿੱਜੀ ਤੌਰ ਉੱਤੇ ਦਿਲਚਸਪੀ ਲੈ ਕੇ ਸੂਬੇ ਦੇ ਲੋਕਾਂ ਦੀ ਸਿਹਤ ਨੂੰ ਸੁਰੱਖਿਅਤ ਕਰਨ।

- Advertisement -

Share this Article
Leave a comment