ਬੇਰੁਜ਼ਗਾਰਾਂ ਨੇ ਰੁਜ਼ਗਾਰ ਮੇਲੇ ਦਾ ਹੀ ਕੀਤਾ ਵਿਰੋਧ, ਦਿੱਤੀ ਵੱਡੀ ਧਮਕੀ

TeamGlobalPunjab
2 Min Read

ਜਲਾਲਾਬਾਦ : ਸੂਬੇ ਅੰਦਰ ਬੇਰੁਜ਼ਗਾਰੀ ਅਤੇ ਨਸ਼ੇ ਦੀਆਂ ਦੋ ਵੱਡੀਆਂ ਸਮੱਸਿਆਵਾਂ ਲਗਾਤਾਰ ਵਧਦੀਆਂ ਜਾ ਰਹੀਆਂ ਹਨ। ਇਨ੍ਹਾਂ ਸਮੱਸਿਆਵਾਂ ਵਿਰੁੱਧ ਨੌਜਵਾਨ ਮੁੰਡੇ ਕੁੜੀਆਂ ਵੱਲੋਂ ਲਗਾਤਾਰ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਇਸ ਦੀ ਤਾਜ਼ਾ ਮਿਸਾਲ ਮਿਲੀ ਹੈ ਜਲਾਲਾਬਾਦ ਅੰਦਰ ਲੱਗੇ ਰੁਜ਼ਗਾਰ ਮੇਲੇ ਦੌਰਾਨ। ਜਿੱਥੇ ਈਟੀਟੀ ਟੈੱਟ ਪਾਸ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਮੇਲੇ ਦੌਰਾਨ ਸਰਕਾਰ ਵਿਰੁੱਧ ਰੋਸ ਪ੍ਰਦਰਸ਼ਨ ਕਰਦਿਆਂ ਉੱਥੇ ਮੌਜੂਦ ਪ੍ਰਸ਼ਾਸਨ ਤੋਂ ਰੁਜ਼ਗਾਰ ਦੀ ਮੰਗ ਕੀਤੀ ਹੈ। ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਇਹ ਮਾਹੌਲ ਉਸ ਵੇਲੇ ਹੋਰ ਵੀ ਤਲਖੀ ਭਰਿਆ ਬਣ ਗਿਆ ਜਦੋਂ ਪ੍ਰਸ਼ਾਸਨ ਨੇ ਇਹ ਕਹਿੰਦਿਆਂ ਅਧਿਆਪਕਾਂ ਨੂੰ ਮਨ੍ਹਾਂ ਕਰ ਦਿੱਤਾ ਕਿ ਅਧਿਆਪਕਾਂ ਨੂੰ ਨੌਕਰੀ ਦੇਣ ਲਈ ਸਰਕਾਰ ਵੱਲੋਂ ਅਜੇ ਕੋਈ ਹੁਕਮ ਜਾਰੀ ਨਹੀਂ ਹੋਏ।

ਪ੍ਰਾਪਤ ਜਾਣਕਾਰੀ ਮੁਤਾਬਿਕ ਇਸ ਤੋਂ ਬਾਅਦ ਅਧਿਆਪਕਾਂ ਨੇ ਰੋਸ ‘ਚ ਆ ਕੇ ਸਰਕਾਰ ਵਿਰੁੱਧ ਹੱਥਾਂ ਵਿੱਚ ਬੈਨਰ ਫੜ ਕੇ ਨਾਅਰੇਬਾਜ਼ੀ ਕਰਨੀ ਸ਼ੁਰੂ ਕਰ ਦਿੱਤੀ। ਨਾਅਰੇ ਲਗਾਉਂਦਿਆਂ ਬੇਰੁਜ਼ਗਾਰ ਅਧਿਆਪਕਾਂ ਨੇ ਰੁਜ਼ਗਾਰ ਮੇਲੇ ਨੂੰ ਵੀ ਨੌਜਵਾਨ ਮੁੰਡੇ ਕੁੜੀਆਂ ਨਾਲ ਧੋਖਾ ਕਰਾਰ ਦੇ ਦਿੱਤਾ। ਉਨ੍ਹਾਂ ਕਿਹਾ ਕਿ ਰੁਜ਼ਗਾਰ ਮੇਲਿਆਂ ਦੌਰਾਨ ਨੌਜਵਾਨਾਂ ਨੂੰ ਸਿਰਫ 6 ਤੋਂ 7 ਹਜ਼ਾਰ ਰੁਪਏ ਦਾ ਹੀ ਰੁਜ਼ਗਾਰ ਦਿੱਤਾ ਜਾਂਦਾ ਹੈ। ਉਨ੍ਹਾਂ ਦੋਸ਼ ਲਾਇਆ ਕਿ ਜਿਹੜੇ ਨੌਜਵਾਨਾਂ ਨੂੰ ਰੁਜ਼ਗਾਰ ਲਈ ਬਾਹਰਲੇ ਸੂਬਿਆਂ ‘ਚ ਭੇਜ ਦਿੱਤਾ ਜਾਂਦਾ ਹੈ ਉਨ੍ਹਾਂ ਦੇ ਰਹਿਣ ਸਹਿਣ ਦਾ ਖਰਚਾ ਵੀ ਤਨਖਾਹ ਨਾਲੋਂ ਵੱਧ ਹੁੰਦਾ ਹੈ। ਉਨ੍ਹਾਂ ਮੁਜ਼ਾਹਰਾ ਕਰਦਿਆਂ  ਧਮਕੀ ਦਿੱਤੀ ਕਿ ਜੇਕਰ ਉਨ੍ਹਾਂ ਨੂੰ ਨੌਕਰੀਆਂ ਨਾ ਦਿੱਤੀਆਂ ਗਈਆਂ ਤਾਂ ਸੰਗਰੂਰ ਵਿਖੇ ਟੈਂਕੀ ‘ਤੇ ਚੜ੍ਹੇ ਉਨ੍ਹਾਂ ਦੇ ਸਾਥੀ ਅਧਿਆਪਕਾਂ ਵੱਲੋਂ ਆਤਮ ਦਾਅ ਕੀਤਾ ਜਾਵੇਗਾ ਤੇ ਇਸ ਲਈ ਜਿੰਮੇਵਾਰ ਸਰਕਾਰ ਅਤੇ ਪ੍ਰਸ਼ਾਸਨ ਹੋਵੇਗਾ।

ਇਨ੍ਹਾਂ ਹਾਲਾਤਾਂ ਦੀ ਨਾਜੁਕਤਾ ਨੂੰ ਸਮਝਦਿਆਂ ਮੌਕੇ ‘ਤੇ ਇੱਥੋਂ ਦੇ ਤਹਿਸੀਲਦਾਰ ਆਰ ਕੇ ਜੈਨ ਵੀ ਪਹੁੰਚੇ ਅਤੇ ਉਨ੍ਹਾਂ ਨੇ ਮੁਜ਼ਾਹਰਾ ਕਰ ਰਹੇ ਬੇਰੁਜ਼ਗਾਰ ਅਧਿਆਪਕਾਂ ਨੂੰ ਸ਼ਾਂਤ ਹੋਣ ਲਈ ਕਿਹਾ। ਆਰ ਕੇ ਜੈਨ ਨੇ ਬੇਰੁਜ਼ਗਾਰ ਅਧਿਆਪਕਾਂ ਵੱਲੋਂ ਦਿੱਤਾ ਗਿਆ ਮੰਗ ਪੱਤਰ ਵੀ ਸਰਕਾਰ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।

Share this Article
Leave a comment