ਚੰਡੀਗੜ੍ਹ (ਅਵਤਾਰ ਸਿੰਘ): ਪੀ.ਏ.ਯੂ. ਵੱਲੋਂ ਕਰਵਾਏ ਜਾਂਦੇ ਹਫਤਾਵਰ ਲਾਈਵ ਪ੍ਰੋਗਰਾਮ ਵਿੱਚ ਸਮਰਾਲਾ ਦੇ ਪਿੰਡ ਦਿਵਾਲਾ ਦੇ ਕਿਸਾਨ ਸੁਖਜੀਤ ਸਿੰਘ ਅਤੇ ਪਿੰਡ ਭੂਰਲੇ ਤੋਂ ਗੁਰਿੰਦਰ ਸਿੰਘ ਸ਼ਾਮਿਲ ਹੋਏ। ਇਹਨਾਂ ਕਿਸਾਨਾਂ ਨੇ ਪਰਾਲੀ ਨਾ ਸਾੜ ਕੇ ਵਾਤਾਵਰਨ ਪੱਖੀ ਖੇਤੀ ਸੰਬੰਧੀ ਆਪਣੇ ਤਜ਼ਰਬੇ ਹੋਰ ਕਿਸਾਨਾਂ ਨਾਲ ਸਾਂਝੇ ਕੀਤੇ। ਸੁਖਜੀਤ ਸਿੰਘ ਨੇ ਦੱਸਿਆ ਕਿ ਉਹ ਪਿਛਲੇ 8-9 ਸਾਲਾਂ ਤੋਂ ਬਿਨਾਂ ਪਰਾਲੀ ਸਾੜੇ ਖੇਤੀ ਕਰ ਰਿਹਾ ਹੈ। ਇਸਦੀ ਪ੍ਰੇਰਨਾ ਉਸਨੂੰ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਵਿਗਿਆਨੀਆਂ ਤੋਂ ਮਿਲੀ। ਉਸ ਨੇ ਕਿਹਾ ਕਿ ਉਸਨੇ ਇਸ ਸੰਬੰਧੀ ਹੋਰ ਜਾਣਕਾਰੀ ਹਾਸਿਲ ਕੀਤੀ ਅਤੇ ਕਣਕ ਦੀ ਬਿਜਾਈ ਲਈ ਹੈਪੀਸੀਡਰ ਦੀ ਵਰਤੋਂ ਦੀ ਤਕਨੀਕ ਵਿੱਚ ਮੁਹਾਰਤ ਹਾਸਲ ਕੀਤੀ। ਇਸ ਤੋਂ ਬਿਨਾਂ ਆਲੂ ਬੀਜਣ ਸਮੇਂ ਪਰਾਲੀ ਨੂੰ ਖੇਤ ਵਿੱਚ ਵਾਹੁਣ ਦੇ ਤਰੀਕੇ ਨੂੰ ਅਪਣਾਇਆ। ਇਸ ਤਰ੍ਹਾਂ ਕਰਕੇ ਨਾ ਸਿਰਫ਼ ਫ਼ਸਲਾਂ ਦਾ ਝਾੜ ਵਧਿਆ, ਖਾਦਾਂ ਦੀ ਵਰਤੋਂ ਘਟੀ ਬਲਕਿ ਮਿੱਟੀ ਦੀ ਸਿਹਤ ਵੀ ਪਹਿਲਾਂ ਨਾਲੋਂ ਬਿਹਤਰ ਹੋਈ। ਇਸੇ ਲਈ ਭਾਰਤ ਸਰਕਾਰ ਵੱਲੋਂ 2019 ਵਿੱਚ ਸੁਖਜੀਤ ਸਿੰਘ ਨੂੰ ਪਰਾਲੀ ਦੀ ਸੰਭਾਲ ਕਰਨ ਕਰਕੇ ਸਨਮਾਨਿਤ ਕੀਤਾ ਗਿਆ।
ਗੁਰਿੰਦਰ ਸਿੰਘ ਨੇ ਦੱਸਿਆ ਕਿ ਉਹ ਝੋਨਾ, ਆਲੂ ਤੇ ਕਈ ਹੋਰ ਫ਼ਸਲਾਂ ਦੀ ਖੇਤੀ ਕਰਦਾ ਹੈ। ਪਿਛਲੇ 4 ਸਾਲਾਂ ਤੋਂ ਉਸਨੇ ਪਰਾਲੀ ਸੰਭਾਲਣ ਦੀਆਂ ਵਾਤਾਵਰਨ ਪੱਖੀ ਤਕਨੀਕਾਂ ਅਪਨਾਈਆਂ ਹਨ। ਇਹਨਾਂ ਵਿੱਚੋਂ ਕੰਬਾਈਨ ਨਾਲ ਜੁੜੇ ਐਸ ਐਮ ਐਸ ਅਤੇ ਪਰਾਲੀ ਨੂੰ ਖੇਤ ਤੋਂ ਬਾਹਰ ਸੰਭਾਲਣ ਲਈ ਬੇਲਰ ਦੀ ਵਰਤੋਂ ਉਹ ਪ੍ਰਮੁੱਖ ਤੌਰ ਤੇ ਕਰਦਾ ਹੈ। ਗੁਰਿੰਦਰ ਸਿੰਘ ਨੇ ਅਗਵਾਈ ਅਤੇ ਸਲਾਹ ਲਈ ਪੀ.ਏ.ਯੂ. ਦੇ ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਮਾਹਿਰਾਂ ਦਾ ਧੰਨਵਾਦ ਵੀ ਕੀਤਾ । ਕ੍ਰਿਸ਼ੀ ਵਿਗਿਆਨ ਕੇਂਦਰ ਸਮਰਾਲਾ ਦੇ ਖੇਤੀ ਮਾਹਿਰਾ ਡਾ. ਤਰੁਨ ਸ਼ਰਮਾ ਨੇ ਦੱਸਿਆ ਕਿ ਉਹ ਨਵੀਆਂ ਤਕਨੀਕਾਂ ਕਿਸਾਨਾਂ ਤੱਕ ਪਹੁੰਚਾਉਣ ਲਈ ਹਰ ਸੰਭਵ ਤਰੀਕਾ ਅਪਾਣਾਉਂਦੇ ਹਨ।
ਸਹਾਇਕ ਪੌਦਾ ਰੋਗ ਵਿਗਿਆਨੀ ਡਾ. ਪਰਮਿੰਦਰ ਸਿੰਘ ਨੇ ਆਉਂਦ ਹਾੜ੍ਹੀ ਸੀਜ਼ਨ ਵਿੱਚ ਕਣਕ ਦੀ ਬਿਜਾਈ ਲਈ ਬੀਜ ਦੀ ਸੋਧ ਦੇ ਮਹੱਤਵ ਬਾਰੇ ਗੱਲ ਕੀਤੀ। ਉਹਨਾਂ ਦੱਸਿਆ ਕਿ ਕਣਕ ਵਿੱਚ ਕਾਂਗਿਆਰੀ ਅਤੇ ਕਰਨਾਲ ਬੰਟ ਦੀ ਰੋਕਥਾਮ ਲਈ ਪੀ.ਏ.ਯੂ. ਵੱਲੋਂ ਸਿਫ਼ਾਰਸ਼ ਕੀਤੀਆਂ ਬੀਜ ਸੋਧ ਤਕਨੀਕਾਂ ਅਪਨਾਉਣਾ ਕਿਸਾਨਾਂ ਲਈ ਬੇਹੱਦ ਲਾਹੇਵੰਦ ਹੈ।
ਕੀਟ ਵਿਗਿਆਨ ਡਾ. ਇੰਦਰਪ੍ਰੀਤ ਕੌਰ ਅਤੇ ਰਵਿੰਦਰ ਭਲੂਰੀਆ ਨੇ ਗੁਲਾਬੀ ਸੁੰਡੀ ਦੀ ਰੋਕਥਾਮ, ਟਮਾਟਰਾਂ ਦੀ ਕਾਸ਼ਤ, ਪਾਲਕ, ਪਿਆਜ਼, ਰਾਇਆ ਸਰੋਂ ਕਰਨੌਲੀ, ਗੋਭੀ ਅਤੇ ਚਾਰਿਆਂ ਦੀ ਕਾਸ਼ਤ ਸੰਬੰਧੀ ਸਿਫ਼ਾਰਸ਼ਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ । ਇਸ ਤੋਂ ਇਲਾਵਾ ਸਕਿੱਲ ਡਿਵੈਲਪਮੈਂਟ ਸੈਂਟਰ ਅਤੇ ਕ੍ਰਿਸ਼ੀ ਵਿਗਿਆਨ ਕੇਂਦਰਾਂ ਵੱਲੋਂ ਕੀਤੇ ਜਾਣ ਵਾਲੇ ਸਿਖਲਾਈ ਸੰਬੰਧੀ ਪ੍ਰੋਗਰਾਮਾਂ ਬਾਰੇ ਵੀ ਸੰਖੇਪ ਜਾਣਕਾਰੀ ਉਹਨਾਂ ਦਿੱਤੀ । ਮੌਸਮ ਵਿਗਿਆਨ ਡਾ. ਕੇ.ਕੇ. ਗਿੱਲ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਸੰਬੰਧੀ ਸੰਭਾਵਨਾਵਾਂ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ। ਕਮਿਊਨਟੀ ਸਾਇੰਸ ਕਾਲਜ ਤੋਂ ਪ੍ਰੋ. ਨਰਿੰਦਰਜੀਤ ਕੌਰ ਨੇ ਪੇਂਡੂ ਜੀਵਨ ਦੇ ਅਜਾਇਬ ਘਰ ਰਾਹੀਂ ਯੂਨੀਵਰਸਿਟੀ ਵੱਲੋਂ ਪੰਜਾਬ ਦੀ ਸੱਭਿਆਚਾਰਕ ਵਿਰਾਸਤ ਦੀ ਸੰਭਾਲ ਦੀਆਂ ਕੋਸ਼ਿਸ਼ਾਂ ਬਾਰੇ ਜਾਣਕਾਰੀ ਦਿੱਤੀ। ਉਹਨਾਂ ਕਿਹਾ ਕਿ ਇਹ ਅਜਾਇਬ ਘਰ ਆਪਣੇ ਪੁਰਾਤਨ ਸੱਭਿਆਚਾਰਕ ਪ੍ਰਦਰਸ਼ਨ ਕਾਰਨ ਯਾਤਰੂਆਂ ਲਈ ਵਿਸ਼ੇਸ਼ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ।