ਹੜ੍ਹਾਂ ਦੇ ਸੰਕਟ ‘ਚ ਸਾਰਾ ਪੰਜਾਬ ਪੀੜਤਾਂ ਦੀ ਮਦਦ ਲਈ ਨਿਕਲਿਆ: ਸਿਹਤ ਮੰਤਰੀ

Global Team
4 Min Read

ਅੰਮ੍ਰਿਤਸਰ: ਪੰਜਾਬ ‘ਚ ਆਏ ਹੜਾਂ ਦੇ ਸੰਕਟ ਨਾਲ ਨਿਜੱਠਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਤੇ ਕੀਤੇ ਜਾਣ ਵਾਲੇ ਪ੍ਰਬੰਧਾਂ ਦਾ ਪੰਜਾਬ ਭਰ ‘ਚ ਨਿਰੀਖਣ ਕਰ ਰਹੇ ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਅੰਮ੍ਰਿਤਸਰ ਵਿਖੇ ਡਾਕਟਰਾਂ, ਗੈਰ ਸਰਕਾਰੀ ਸੰਸਥਾਵਾਂ, ਸਿਹਤ ਸਬੰਧੀ ਸਨਅਤ ਦੇ ਪ੍ਰਤੀਨਿਧੀਆਂ, ਕੈਮਿਸਟ ਐਸੋਸੀਏਸ਼ਨ ਅਤੇ ਹੋਰ ਸੰਸਥਾਵਾਂ ਦੇ ਪ੍ਰਤੀਨਿਧੀਆਂ ਨਾਲ ਗੱਲਬਾਤ ਕਰਦੇ ਸਮੁੱਚੇ ਪੰਜਾਬ ਵੱਲੋਂ ਪੀੜਤਾਂ ਦੀ ਕੀਤੀ ਜਾ ਰਹੀ ਮਦਦ ਦੀ ਸਰਾਹਨਾ ਕਰਦੇ ਹੋਏ ਕਿਹਾ ਕਿ ਜਿਸ ਤਰਾਂ ਪੰਜਾਬ ਵਾਸੀ ਹੜ੍ਹ ਪੀੜਤਾਂ ਦੀ ਮਦਦ ਲਈ ਬਹੁੜੇ ਹਨ, ਉਸਦੀ ਸਰਾਹਨਾ ਦੁਨੀਆਂ ਭਰ ‘ਚ ਕੀਤੀ ਜਾ ਰਹੀ ਹੈ। ਮਾਝੇ ਦੀਆਂ ਸੰਸਥਾਵਾਂ ਦੀ ਗੱਲ ਕਰਦੇ ਉਨਾਂ ਕਿਹਾ ਕਿ ਮੈਨੂੰ ਪਟਿਆਲਾ, ਮਾਨਸਾ ਤੱਕ ਅੰਮ੍ਰਿਤਸਰ ਦੇ ਲੋਕ ਸੇਵਾ ਕਰਦੇ ਮਿਲੇ ਹਨ। ਉਨਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਖਾਲਸਾ ਏਡ, ਆਈ ਐਮ ਏ, ਕਾਰ ਸੇਵਾ ਵਾਲੇ ਮਹਾਂਪੁਰਸ਼ਾਂ, ਕਿਸਾਨ ਜਥੇਬੰਦੀਆਂ ਅਤੇ ਹੋਰ ਸੰਸਥਾਵਾਂ ਵੱਲੋਂ ਹੜ੍ਹ ਪੀੜਤਾਂ ਦੀ ਕੀਤੀ ਜਾ ਰਹੀ ਸਹਾਇਤਾ ਦਾ ਜ਼ਿਕਰ ਕਰਦੇ ਕਿਹਾ ਕਿ ਨੁਕਸਾਨ ਵੀ ਹਰੇਕ ਕਿੱਤੇ-ਕਾਰੋਬਾਰ ਦਾ ਹੋਇਆ ਹੈ ਅਤੇ ਮਦਦ ਲਈ ਵੀ ਹਰ ਹੱਥ ਉਠਿਆ ਹੈ, ਜੋ ਕਿ ਬਹੁਤ ਵੱਡੀ ਅਤੇ ਮਾਣ ਵਾਲੀ ਗੱਲ ਹੈ। ਉਨਾਂ ਕਿਹਾ ਕਿ ਮੁੱਖ ਮੰਤਰੀ ਸ ਭਗਵੰਤ ਸਿੰਘ ਮਾਨ ਵੱਲੋਂ ਇਸ ਸੰਕਟ ਦੇ ਪੱਕੇ ਹੱਲ ਲਈ ਮੌਜੂਦਾ ਸਥਿਤੀ ਦਾ ਡਰੋਨ ਸਰਵੇ ਕਰਵਾਇਆ ਗਿਆ ਹੈ ਅਤੇ ਇਸ ਅਧਾਰ ਉਤੇ ਭਵਿੱਖ ਲਈ ਪੱਕੇ ਪ੍ਰਬੰਧ ਕੀਤੇ ਜਾਣਗੇ। ਉਨਾਂ ਦੱਸਿਆ ਕਿ ਇਸੇ ਤਰਾਂ ਨੁਕਸਾਨ ਦਾ ਸਰਵੈ ਕਰਵਾਇਆ ਜਾ ਰਿਹਾ ਹੈ ਅਤੇ ਮੁੱਖ ਮੰਤਰੀ ਇੰਨਾ ਦਾ ਜਾਇਜ਼ਾ ਲੈ ਕੇ ਰਾਹਤ ਦਾ ਐਲਾਨ ਕਰਨਗੇ।

ਸਿਹਤ ਮੰਤਰੀ ਨੇ ਦੱਸਿਆ ਕਿ ਸਮੁੱਚੇ ਪੰਜਾਬ ‘ਚ ਮੁੱਖ ਮੰਤਰੀ, ਕੈਬਨਿਟ ਮੰਤਰੀ, ਵਿਧਾਇਕ, ਜਿਲ੍ਹਾ ਅਧਿਕਾਰੀਆਂ ਸਮੇਤ ਸਾਰਾ ਅਮਲਾ ਪਾਣੀ ਤੋਂ ਪ੍ਰਭਾਵਿਤ ਇਲਾਕਿਆਂ ‘ਚ ਲੋਕਾਂ ਦੀ ਮਦਦ ਕਰ ਰਿਹਾ ਹੈ। ਉਨਾਂ ਕੇਂਦਰ ਸਰਕਾਰ ਵੱਲੋਂ ਪੰਜਾਬ ਨੂੰ ਦਿੱਤੀ ਰਾਹਤ ਸਹਾਇਤਾ ਦਾ ਜ਼ਿਕਰ ਕਰਦੇ ਕਿਹਾ ਕਿ ਪ੍ਰਧਾਨ ਮੰਤਰੀ ਨੂੰ ਹਰੇਕ ਹੜ੍ਹ ਪ੍ਰਭਾਵਿਤ ਸੂਬਾ ਚਾਹੇ ਉਹ ਪੰਜਾਬ ਹੋਵੇ, ਹਿਮਾਚਲ, ਹਰਿਆਣਾ ਜਾਂ ਦਿੱਲੀ ਵਿਖੇ ਖੁਦ ਮੌਕੇ ਦਾ ਜਾਇਜ਼ਾ ਲੈ ਕੇ ਨੁਕਸਾਨ ਦਾ ਅਨੁਮਾਨ ਲਗਾ ਕੇ ਸਹਾਇਤਾ ਦੇਣੀ ਚਾਹੀਦੀ ਹੈ, ਤਾਂ ਹੀ ਹਰੇਕ ਪੀੜਤ ਨਾਲ ਨਿਆਂ ਹੋ ਸਕਦਾ ਹੈ। ਉਨਾਂ ਦੱਸਿਆ ਕਿ ਡੈਮਾਂ ਤੋਂ ਛੱਡੇ ਜਾ ਰਹੇ ਪਾਣੀ ਲਈ ਵੀ ਪੰਜਾਬ ਸਰਕਾਰ ਲਗਾਤਾਰ ਸੰਪਰਕ ‘ਚ ਹੈ ਤਾਂ ਜੋ ਪਾਣੀ ਨੂੰ ਇਕ ਵਾਰ ਦੀ ਥਾਂ ਨਿਰੰਤਰ ਵਹਿਣ ‘ਚ ਛੱਡ ਕੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ।

ਸਿਹਤ ਮੰਤਰੀ ਨੇ ਸਿਹਤ ਵਿਭਾਗ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਭਾਵੇਂ ਕਿ ਅੰਮ੍ਰਿਤਸਰ ‘ਚ ਹੜ੍ਹ ਨਹੀਂ ਆਇਆ, ਪਰ ਜਿੱਥੇ ਵੀ ਪਾਣੀ ਖੜਾ ਹੈ ਉਥੇ ਬਰਸਾਤ ਨਾਲ ਹੋਣ ਵਾਲੀਆਂ ਬਿਮਾਰੀਆਂ ਨੂੰ ਰੋਕਣ ਲਈ ਢੁਕਵੇਂ ਪ੍ਰਬੰਧ ਕੀਤੇ ਜਾਣ। ਇਸ ਮੌਕੇ ਆਈ ਐਮ ਏ ਅੰਮ੍ਰਿਤਸਰ ਨੇ ਇਕ ਲੱਖ ਰੁਪਏ ਦੀ ਸਹਾਇਤਾ ਰਾਸ਼ੀ ਦਾ ਚੈਕ ਦਿੱਤਾ, ਜਦਕਿ ਕੈਮਿਸਟ ਐਸੋਸੀਏਸ਼ਨ ਨੇ ਕਲੋਰੀਨ ਦੀਆਂ 10 ਲੱਖ ਗੋਲੀਆਂ ਦੇਣ ਦਾ ਐਲਾਨ ਕੀਤਾ। ਸਿਹਤ ਮੰਤਰੀ ਨੇ ਦੱਸਿਆ ਕਿ ਅੰਮ੍ਰਿਤਸਰ ਤੇ ਤਰਨਤਾਰਨ ‘ਚ ਆਈ ਐਮ ਏ ਨੇ 10-10 ਐਂਬੂਲੈਸ ਡਾਕਟਰਾਂ ਤੇ ਦਵਾਈਆਂ ਸਮੇਤ ਦਿੱਤੀਆਂ ਹਨ, ਜੋ ਕਿ ਸ਼ਲਾਘਾਯੋਗ ਕਾਰਜ ਹੈ। ਸਿਹਤ ਮੰਤਰੀ ਨੇ ਹੜਾਂ ਦੀ ਮਾਰ ਹੇਠ ਆਏ ਖੇਤਰ ‘ਚ ਕੰਮ ਕਰ ਰਹੇ ਸਿਹਤ ਕਰਮੀਆਂ ਦੀ ਪਿੱਠ ਥਾਪੜਦੇ ਕਿਹਾ ਕਿ ਜਿੱਥੇ ਵੀ ਲੋੜ ਪਈ ਹੈ ਉਥੇ ਸਿਹਤ ਵਿਭਾਗ ਦੀਆਂ ਟੀਮਾਂ ਐਬੂਲੈਂਸ ਤੇ ਦਵਾਈਆਂ ਸਮੇਤ ਪੁੱਜੀਆਂ ਤੇ ਲੋੜਵੰਦਾਂ ਦਾ ਇਲਾਜ ਕੀਤਾ ਹੈ ਅਤੇ ਹੁਣ ਅਗਲੀ ਚੁਣੌਤੀ ਜੋ ਕਿ ਲੋਕਾਂ ਦੇ ਨੁਕਸਾਨ ਹੋਣ ਨਾਲ ਮਾਨਸਿਕ ਤਨਾਅ ਦੀ ਪੈਦਾ ਹੋਈ ਹੈ।

Share This Article
Leave a Comment