ਫਰਿਜ਼ਨੋ, ਕੈਲੀਫੋਰਨੀਆ (ਗੁਰਿੰਦਰਜੀਤ ਨੀਟਾ ਮਾਛੀਕੇ/ ਕੁਲਵੰਤ ਧਾਲੀਆਂ) : ਅਮਰੀਕਾ ਵਿੱਚ ਕੋਰੋਨਾ ਮਹਾਂਮਾਰੀ ਦੇ ਚਲਦਿਆਂ ਪਬਲਿਕ (ਸਰਕਾਰੀ) ਸਕੂਲਾਂ ਵਿੱਚ ਦਾਖਲਿਆਂ ਦੀ ਗਿਣਤੀ ਵਿੱਚ ਵੱਡੇ ਪੱਧਰ ‘ਤੇ ਗਿਰਾਵਟ ਦਰਜ ਕੀਤੀ ਗਈ ਹੈ। ਇਸ ਸਬੰਧੀ ਅਮਰੀਕਾ ਦੇ ਸਿੱਖਿਆ ਵਿਭਾਗ ਅਨੁਸਾਰ ਮਹਾਂਮਾਰੀ ਦੇ ਦੌਰਾਨ ਪਬਲਿਕ ਸਕੂਲਾਂ ਵਿੱਚ ਦਾਖਲੇ ‘ਚ 1.5 ਮਿਲੀਅਨ ਤੋਂ ਵੱਧ ਵਿਦਿਆਰਥੀਆਂ ਦੀ ਗਿਰਾਵਟ ਆਈ ਹੈ।
ਮਹਾਂਮਾਰੀ ਕਾਰਨ ਕਈ ਵਿਦਿਆਰਥੀਆਂ ਨੇ ਪ੍ਰਾਈਵੇਟ ਸਕੂਲਾਂ ਵੱਲ ਰੁਖ ਕੀਤਾ ਹੈ ਜਾਂ ਉਹ ਘਰ ਤੋਂ ਹੀ ਪੜ੍ਹਾਈ ਕਰ ਰਹੇ ਹਨ। ਦੇਸ਼ ਦੇ ਪਬਲਿਕ ਸਕੂਲਾਂ ਵਿੱਚ ਪੜਾਈ ਸ਼ੁਰੂ ਹੋਣ ਉਪਰੰਤ ਗੈਰਹਾਜ਼ਰ ਬੱਚਿਆਂ ਦੀ ਗਿਣਤੀ ਨੂੰ ਲੈ ਕੇ ਅਧਿਆਪਕ ਪ੍ਰੇਸ਼ਾਨ ਹਨ। ਕਈ ਮਾਪੇ ਆਪਣੇ ਬੱਚਿਆਂ ਨੂੰ ਲੰਮਾ ਸਮਾਂ ਸਕੂਲ ਬੰਦ ਰਹਿਣ ਦੇ ਕਾਰਨ ਅਤੇ ਵਾਇਰਸ ਦੇ ਡਰ ਤੋਂ ਸਕੂਲ ਭੇਜਣ ਲਈ ਤਿਆਰ ਨਹੀਂ ਹਨ। ਜਿਆਦਾਤਰ ਬੱਚਿਆਂ ਦੇ ਮਾਪੇ ਡਾਕਟਰਾਂ ਦੁਆਰਾ ਯਕੀਨ ਦੁਆਏ ਜਾਣ ਤੋਂ ਬਾਅਦ ਬੱਚਿਆਂ ਨੂੰ ਸਕੂਲ ਭੇਜਣ ਲਈ ਤਿਆਰ ਹੁੰਦੇ ਹਨ।
ਅਮਰੀਕਾ ਵਿਚਲੇ ਇੱਕ ਮਿਡਲ ਸਕੂਲ ਦੇ ਕੈਂਪਸ ਵਿੱਚ ਆਮ ਤੌਰ ‘ਤੇ 1,200 ਵਿਦਿਆਰਥੀ ਹੁੰਦੇ ਹਨ ਪਰ ਇਸ ਸਾਲ, ਸਿਰਫ 871 ਦੀ ਉਮੀਦ ਕੀਤੀ ਗਈ ਹੈ ਅਤੇ ਕਲਾਸਾਂ ਵਿੱਚ ਜਿਆਦਾਤਰ ਡੈਸਕ ਖਾਲੀ ਹਨ। ਐਜੂਕੇਸ਼ਨ ਮਾਹਿਰਾਂ ਦੇ ਅਨੁਸਾਰ ਪਿਛਲੇ ਸਾਲ ਮਹਾਂਮਾਰੀ ਕਾਰਨ ਸਕੂਲਾਂ ਦੇ ਬੰਦ ਹੋਣ ਤੋਂ ਬਾਅਦ, ਦੇਸ਼ ਭਰ ਵਿੱਚ, 30 ਲੱਖ ਬੱਚਿਆਂ ਨੇ ਸਕੂਲ ਜਾਂ ਆਨਲਾਈਨ ਕਲਾਸਾਂ ਵਿੱਚ ਜਾਣਾ ਬੰਦ ਕਰ ਦਿੱਤਾ ਸੀ। ਇਸਦੇ ਇਲਾਵਾ ਜੇ ਵਿਦਿਆਰਥੀ ਸਕੂਲਾਂ ਵਿੱਚ ਵਾਪਸ ਨਹੀਂ ਆਉਂਦੇ ਤਾਂ ਇਸ ਨਾਲ ਸਟਾਫ ਵਿੱਚ ਵੀ ਕਮੀ ਆ ਸਕਦੀ ਹੈ। ਸਕੂਲਾਂ ਵਿੱਚ ਬੱਚਿਆਂ ਦੀ ਗਿਣਤੀ ਨੂੰ ਵਧਾਉਣ ਲਈ ਪ੍ਰਬੰਧਕਾਂ ਦੁਆਰਾ ਹੁਣ ਘਰ-ਘਰ ਜਾ ਕੇ ਬੱਚਿਆਂ ਨਾਲ ਸੰਪਰਕ ਕਰਨ ਦੀ ਯੋਜਨਾ ਬਣਾਈ ਜਾ ਰਹੀ ਹੈ।