ਸਿਆਸੀ ਪਾਰਟੀਆਂ ਵਲੋਂ ਪ੍ਰਵਾਸ ਨੂੰ ਉਤਸ਼ਾਹਿਤ ਕਰਨਾ ਬਹੁਤ ਗਲਤ ਵਰਤਾਰਾ- ਡਾ: ਸਵਰਾਜ ਸਿੰਘ

TeamGlobalPunjab
7 Min Read

ਫਗਵਾੜਾ: ਪੰਜਾਬੀ ਕਾਲਮਨਵੀਸ ਪੱਤਰਕਾਰ ਮੰਚ (ਰਜਿ:) ਵਲੋਂ ਪ੍ਰਧਾਨ ਗੁਰਮੀਤ ਸਿੰਘ ਪਲਾਹੀ ਦੀ ਅਗਵਾਈ ‘ਚ ਕਰਵਾਏ ਗਏ ਵੈਬੀਨਾਰ ‘ਪੰਜਾਬ ਦੀਆਂ ਚੋਣਾਂ -2022 ਵਿੱਚੋਂ ਪ੍ਰਵਾਸ ਦਾ ਮੁੱਦਾ ਕਿਉਂ ਗਾਇਬ ਹੈ?’ ਵਿਸ਼ੇ ‘ਤੇ ਬੋਲਦਿਆਂ ਮੁੱਖ ਬੁਲਾਰੇ ਡਾ: ਸਵਰਾਜ ਸਿੰਘ ਨੇ ਦਸਿਆ ਕਿ ਪੰਜਾਬ ਤੋਂ ਸਧਾਰਨ ਪ੍ਰਵਾਸ ਤਾਂ ਬਹੁਤ ਦੇਰ ਤੋਂ ਚਲ ਰਿਹਾ ਹੈ। ਲੋਕ ਪੈਸੇ ਕਮਾਉਣ ਲਈ ਬਾਹਰ ਜਾਂਦੇ ਸਨ। ਪੈਸੇ ਲਿਆ ਕੇ ਪੰਜਾਬ ਨੂੰ ਖ਼ੁਸ਼ਹਾਲ ਕਰਨ ਵਿੱਚ ਲਗਾਉਂਦੇ ਸਨ। ਇਹ ਕੁਦਰਤੀ ਪ੍ਰਵਾਸ ਸੀ ਪਰ ਜਿਹੜਾ ਹੁਣ ਸਾਮਰਾਜੀ ਪ੍ਰਵਾਸ ਹੋ ਰਿਹਾ ਹੈ, ਉਹ ਪਹਿਲਾਂ ਨਾਲੋਂ ਬਹੁਤ ਖ਼ਤਰਨਾਕ ਹੈ। ਇਸ ਵਿੱਚ ਸਾਮਰਾਜੀ ਤਾਕਤਾਂ ਨੇ ਲੋਕਾਂ ਨੂੰ ਮਜ਼ਬੂਰ ਕੀਤਾ ਹੈ ਬਾਹਰ ਜਾਣ ਲਈ। ਪੰਜਾਬ ਵਿੱਚੋਂ ਹੁਣ ਬਰੇਨ ਡਰੇਨ ਵੀ ਹੋ ਰਹੀ ਹੈ। ਇਸ ਦੇ ਨਾਲ ਹੀ ਇਥੋਂ ਦਾ ਸਰਮਾਇਆ ਵੀ ਬਾਹਰ ਜਾ ਰਿਹਾ ਹੈ। ਪਹਿਲੇ ਪ੍ਰਵਾਸੀਆਂ ਨੇ ਬਹੁਤ ਮਿਹਨਤ ਕੀਤੀ ਤੇ ਪੈਸਾ ਲਿਆ ਕੇ ਬਹੁਤ ਸਾਰੇ ਸਕੂਲ, ਕਾਲਜ ਅਤੇ ਧਾਰਮਿਕ ਸੁਧਾਰ ਤੇ ਪੈਸਾ ਖ਼ਰਚਿਆ। ਹੁਣ ਬਿਲਕੁਲ ਇਸਦੇ ਉਲਟ ਹੋ ਰਿਹਾ ਹੈ। ਪਹਿਲਾਂ ਲੋਕ ਕੁਝ ਸਮਾਂ ਵਿਦੇਸ਼ ‘ਚ ਲਗਾਕੇ ਵਾਪਿਸ ਆ ਜਾਂਦੇ ਸਨ। ਪਰ ਹੁਣ ਉਹ ਬਾਹਰ ਪੱਕੇ ਵਸ਼ਿੰਦੇ ਬਣ ਕੇ ਜਾਂਦੇ ਹਨ ਤੇ ਇਥੋਂ ਦੀਆਂ ਜਾਇਦਾਦਾਂ ਵੀ ਵੇਚ ਕੇ ਉਧਰ ਲਗਾ ਰਹੇ ਹਨ। ਪੰਜਾਬ ਤੋਂ ਕੈਨੇਡਾ 70 % ਲੋਕ ਜਾ ਰਹੇ ਹਨ। ਉਥੇ ਘਰ ਤੇ ਜਾਇਦਾਦਾਂ ਮਹਿੰਗੀਆਂ ਹੋ ਗਈਆਂ ਹਨ। ਉਹ ਖ੍ਰੀਦਣ ਲਈ ਇਥੋਂ ਪੈਸੇ ਲਿਜਾ ਕੇ ਬੱਚਿਆਂ ਨੂੰ ਘਰ ਖਰੀਦ ਕੇ ਦੇ ਰਹੇ ਹਨ। ਕੈਨੇਡੀਅਨ ਸੰਸਥਾਵਾਂ ਨੇ ਵਿਦਿਆਰਥੀਆਂ ਦੀਆਂ ਫ਼ੀਸਾਂ ਤਿੰਨ ਤੋਂ ਚਾਰ ਗੁਣਾ ਵਧਾ ਦਿੱਤੀਆਂ ਹਨ। ਇਸ ਤੋਂ ਕੈਨੇਡਾ ਨੂੰ ਸਾਢੇ ਪੰਜ ਅਰਬ ਰੁਪਏ ਦਾ ਫ਼ਾਇਦਾ ਹੋ ਰਿਹਾ ਹੈ।

ਉਹਨਾ ਇਹ ਵੀ ਦੁੱਖ ਪ੍ਰਗਟ ਕੀਤਾ ਕਿ ਬਾਹਰਲੇ ਦੇਸ਼ਾਂ ਵਾਲੇ ਸਾਡੇ ਉੱਚ ਸਿੱਖਿਆ ਪ੍ਰਾਪਤ ਨੌਜਵਾਨਾਂ ਨੂੰ ਉਥੇ ਮਜ਼ਦੂਰੀ ਕਰਨ ਲਈ ਅਸਿੱਧੇ ਢੰਗ ਨਾਲ ਸੱਦ ਰਹੇ ਹਨ। ਡਾਕਟਰਾਂ , ਇੰਜੀਨੀਅਰਾਂ ਨੂੰ ਵੀ ਉਥੇ ਜਾ ਕੇ ਦੁਬਾਰਾ ਪੜ੍ਹਨਾ ਪੈਂਦਾ ਹੈ ਨਹੀਂ ਤਾਂ ਉਹਨਾ ਨੂੰ ਘਟੀਆ ਕੰਮਾਂ ਵਿੱਚ ਲਗਾਇਆ ਜਾਂਦਾ ਹੈ। ਜਿਹੜੇ ਕੰਮ ਉਥੋਂ ਦੇ ਨੌਜਵਾਨ ਨਹੀਂ ਕਰਨਾ ਚਾਹੁੰਦੇ ਉਹ ਸਾਡੇ ਪੜ੍ਹੇ-ਲਿਖੇ ਨੌਜਵਾਨ ਤੋਂ ਕਰਵਾਏ ਜਾਂਦੇ ਹਨ। ਉਹਨਾ ਕਿਹਾ ਕਿ ਭਾਰਤ ਜਵਾਨਾਂ ਦਾ ਦੇਸ਼ ਹੈ, ਜਦ ਕਿ ਕੈਨੇਡਾ, ਅਮਰੀਕਾ ਤੇ ਇੰਗਲੈਂਡ ਬੁੱਢਿਆਂ ਦਾ ਦੇਸ਼ ਹੈ। ਉਥੋਂ ਦੀ ਵਸੋਂ ਵੀ ਬਹੁਤ ਘੱਟ ਹੈ।ਇਸ ਕਰਕੇ ਉਹਨਾ ਨੂੰ ਕੰਮ ਕਰਵਾਉਣ ਲਈ ਜਵਾਨਾਂ ਦੀ ਲੋੜ ਹੈ। ਇਸ ਕਾਰਨ ਹਰ ਸਾਲ ਇਕੱਲਾ ਕੈਨੇਡਾ ਹੀ 3.5 ਤੋਂ 4 ਲੱਖ ਜਵਾਨਾਂ ਨੂੰ ਪੰਜਾਬ ਅਤੇ ਭਾਰਤ ਤੋਂ ਮੰਗਵਾਉਂਦਾ ਹੈ। ਇਸ ਤਰ੍ਹਾਂ ਉਹ ਦੇਸ਼ ਸਾਡੇ ਜਵਾਨਾਂ ਸਿਰ ‘ਤੇ ਜਵਾਨ ਹੋ ਰਹੇ ਹਨ ਤੇ ਭਾਰਤ ਨੂੰ ਬੁੱਢਾ ਕਰ ਰਹੇ ਹਨ। ਉਹਨਾ ਦੇਸ਼ਾਂ ਨੇ ਸਾਨੂੰ ਲੁੱਟਣ ਦੇ ਤਰੀਕੇ ਬਦਲ ਦਿੱਤੇ ਹਨ। ਪਹਿਲਾਂ ਇੰਗਲੈਂਡ ਤੇ ਬਾਕੀ ਦੇਸ਼ ਇਥੋਂ ਕੱਚਾ ਮਾਲ ਮੰਗਾ ਕੇ ਆਪਣੀਆਂ ਫੈਕਟਰੀਆਂ ਵਿੱਚ ਪੱਕਾ ਮਾਲ ਤਿਆਰ ਕਰ ਕੇ ਮੁੜ ਇਧਰ ਭੇਜ ਕੇ ਕਈ ਗੁਣਾ ਕੀਮਤ ਤੇ ਵੇਚ ਕੇ ਇਥੋਂ ਧੰਨ ਖਿੱਚਦੇ ਸਨ। ਹੁਣ ਉਹਨਾ ਸਰਮਾਇਆ ਤੇ ਸਕਿੱਲਡ ਕਾਮੇ ਦੋਵੇਂ ਇਧਰੋਂ ਮੰਗਵਾਉਣੇ ਸ਼ੁਰੂ ਕਰ ਦਿੱਤੇ ਹਨ। ਆਪਣੀ ਕਰੰਸੀ ਦਾ ਰੇਟ ਵਧਾ ਕੇ ਰੁਪਏ ਦਾ ਮੁੱਲ ਘਟਾ ਕੇ ਵੀ ਸਾਡੇ ਦੇਸ਼ ਨੂੰ ਲੁਟਿਆ ਜਾ ਰਿਹਾ ਹੈ। 1950 ਵਿੱਚ ਸਾਡਾ ਇੱਕ ਰੁਪਿਆ ਇੱਕ ਅਮਰੀਕੀ ਡਾਲਰ ਦੇ ਬਰਾਬਰ ਸੀ ਜੇਕਰ ਹੁਣ ਵੀ ਇਹਨਾ ਦਾ ਮੁੱਲ ਬਰਾਬਰ ਹੋ ਜਾਵੇ ਤਾਂ ਪ੍ਰਵਾਸ ਰੋਕਿਆ ਜਾ ਸਕਦਾ ਹੈ। ਜਿੰਨੀ ਰੁਪਏ ਦੀ ਕੀਮਤ ਘਟੀ ਹੈ ਉਤਨਾ ਹੀ ਪ੍ਰਵਾਸ ਵਧਿਆ ਹੈ। ਇਹ ਸਾਮਰਾਜ ਦੀ ਸੋਚੀ ਸਮਝੀ ਸਾਜ਼ਸ਼ ਹੈ। ਪ੍ਰਵਾਸ ਦਾ ਮੁੱਦਾ ਰੁਜ਼ਗਾਰ ਨਾਲ ਜੁੜਿਆ ਹੋਇਆ ਹੈ। ਪੰਜਾਬ ਵਿੱਚ ਜਿਸ ਤਰ੍ਹਾਂ ਰੇਤ ਮਾਫੀਆ ਹੈ, ਡਰੱਗ ਮਾਫੀਆ ਹੈ। ਉਸੇ ਤਰ੍ਹਾਂ ਪ੍ਰਵਾਸ ਮਾਫੀਆ ਵੀ ਪੈਦਾ ਹੋ ਗਿਆ ਹੈ, ਜਿਸ ਨੂੰ ਕਿ ਟਰੈਵਲਿੰਗ ਏਜੰਡ ਚਲਾ ਰਹੇ ਹਨ।

ਇਹ ਗੱਲ ਵੀ ਸਾਹਮਣੇ ਆਈ ਹੈ ਕਿ ਬੱਚੇ ਦੀ ਪਹਿਲੇ ਮਹੀਨੇ ਦੀ ਫ਼ੀਸ ਇਹਨਾ ਏਜੰਟਾਂ ਨੂੰ ਮਿਲਦੀ ਹੈ। ਇਹ ਇਹਨਾ ਦੀ ਕਮਿਸ਼ਨ ਹੈ। ਇਹੀ ਮਾਫੀਆ ਮੁੰਡਿਆਂ ਨੂੰ ਡਰੱਗਜ਼ ਦੀ ਸਮਗਲਿੰਗ ਵੱਲ ਧੱਕਦਾ ਹੈ ਅਤੇ ਕੁੜੀਆਂ ਨੂੰ ਵੇਸਵਾਪੁਣੇ ਵੱਲ ਧੱਕਦਾ ਹੈ। ਹੁਣ ਇਹ ਲੋੜ ਬਣ ਗਈ ਹੈ ਕਿ ਜਵਾਨੀ ਨੂੰ ਇਹਨਾ ਤੋਂ ਬਚਾਇਆ ਜਾਵੇ। ਮਾੜੀ ਕਿਸਮਤ ਇਹ ਹੈ ਕਿ ਸਾਡੀਆਂ ਸਿਆਸੀਆਂ ਪਾਰਟੀਆਂ ਇਹਨਾ ਗੱਲਾਂ ਵੱਲ ਕੋਈ ਧਿਆਨ ਨਹੀਂ ਦੇ ਰਹੀਆਂ। ਇਥੇ ਰੁਜ਼ਗਾਰ ਪੈਦਾ ਕਰਨ ਦੀ ਬਜਾਏ ਇਹ ਪਾਰਟੀਆਂ ਲੋਕਾਂ ਨੂੰ ਬਾਹਰ ਭੇਜਣ ਲਈ ਦੱਸ ਲੱਖ ਰੁਪਏ ਦੇਣ ਦੇ ਵਾਅਦੇ ਕਰ ਰਹੀਆਂ ਹਨ। ਪੰਜਾਬ ਬੌਧਿਕ ਤੌਰ ‘ਤੇ ਸੱਖਣਾ ਹੋ ਰਿਹਾ ਹੈ। ਇਹ ਪੰਜਾਬ ਲਈ ਮਾੜਾ ਪਰ ਉਹਨਾ ਦੇਸ਼ਾਂ ਲਈ ਵਧੀਆ ਗੱਲ ਹੈ। ਪੁਰਾਣੇ ਪ੍ਰਵਾਸੀ ਲੋਕ ਬਹੁਤ ਮਿਹਨਤ ਨਾਲ ਚੰਗੀ ਤਰ੍ਹਾ ਸੈੱਟ ਹਨ ਸਾਰੇ ਨਹੀਂ ਬਾਕੀ ਮੁਸ਼ਕਿਲ ਨਾਲ ਗੁਜ਼ਾਰਾ ਕਰਦੇ ਹਨ। ਹੁਣ ਦੀ ਜਨਰੇਸ਼ਨ ਉਥੇ ਜਾ ਕੇ ਵੀ ਡਿਪਰੇਸ਼ਨ ਦਾ ਸ਼ਿਕਾਰ ਹੋ ਰਹੀ ਹੈ। ਆਤਮ ਹੱਤਿਆ ਦੇ ਕੇਸ ਵੱਧ ਰਹੇ ਹਨ। ਪਰ ਇਸ ਗੱਲ ਨੂੰ ਸਮਝਦੇ ਹੋਏ ਵੀ ਸਾਡੇ ਰਾਜਨੀਤੀਕ ਲੀਡਰ ਪ੍ਰਵਾਸ ਨੂੰ ਪ੍ਰਮੋਟ ਕਰਨ ਦੀਆਂ ਗੱਲਾਂ ਕਰ ਰਹੇ ਹਨ। ਇਸ ਗੱਲ ਨੂੰ ਅੱਗੇ ਤੋਰਦਿਆਂ ਡਾ: ਸ਼ਿਆਮ ਸੁੰਦਰ ਦੀਪਤੀ ਨੇ ਕਿਹਾ ਕਿ ਸਿਆਸੀ ਲੋਕ ਇਥੇ ਰੁਜ਼ਗਾਰ ਪੈਦਾ ਨਹੀਂ ਕਰ ਸਕੇ।, ਇਸ ਲਈ ਉਹ ਚਾਹੁੰਦੇ ਹਨ ਕਿ ਨੌਜਵਾਨ ਬਾਹਰ ਹੀ ਚਲੇ ਜਾਣ। ਇਸੇ ਲਈ ਉਹ ਇਸ ਨੂੰ ਆਪਣੀਆਂ ਚੋਣਾਂ ਦਾ ਮੁੱਦਾ ਨਹੀਂ ਬਣਾਉਣਾ ਚਾਹੁੰਦੇ।

ਜਰਮਨ ਤੋਂ ਕੇਹਰ ਸ਼ਰੀਫ ਨੇ ਆਖਿਆ ਕਿ ਪੰਜਾਬ ਦੀਆਂ ਸਿਆਸੀ ਪਾਰਟੀਆਂ ਸਿਰਫ਼ ਪ੍ਰਵਾਸ ਦੇ ਮੁੱਦੇ ਨੂੰ ਹੀ ਨਜ਼ਰਅੰਦਾਜ਼ ਨਹੀਂ ਕਰ ਰਹੀਆਂ, ਉਹ ਸਗੋਂ ਰੁਜ਼ਗਾਰ, ਵਾਤਾਵਰਨ, ਧਰਤੀ ਹੇਠਲੇ ਪਾਣੀ ਅਤੇ ਹੋਰ ਕੁਦਰਤੀ ਸੰਭਾਲ ਦੇ ਮੁੱਦਿਆਂ ਨੂੰ ਵੀ ਨਜ਼ਰਅੰਦਾਜ਼ ਕਰ ਰਹੀਆਂ ਹਨ। ਇਹਨਾ ਖੇਤੀਬਾੜੀ ਵੀ ਫੇਲ੍ਹ ਕਰਵਾ ਦਿੱਤੀ ਹੈ। ਪੰਜਾਬ ਦੀ ਨਸਲ ਤੇ ਫ਼ਸਲ ਦੋਵੇਂ ਬਰਬਾਦ ਹੋ ਰਹੀਆਂ ਹਨ। ਗੁਰਚਰਨ ਸਿੰਘ ਨੂਰਪੂਰ ਨੇ ਜਨਤਕ ਤੇ ਕੁਦਰਤੀ ਸਾਧਨਾਂ ਦੀ ਲੁੱਟ ਨੂੰ ਪ੍ਰਵਾਸ ਦਾ ਕਾਰਨ ਦੱਸਿਆ। ਇਸੇ ਤਰ੍ਹਾਂ ਐਡਵੋਕੇਟ ਐਸ.ਐਲ. ਵਿਰਦੀ ਨੇ ਕਿਹਾ ਕਿ ਸਿਆਸੀ ਅਫ਼ਸਰਸ਼ਾਹੀ ਤੇ ਧਾਰਮਿਕ ਆਗੂ ਭ੍ਰਿਸ਼ਟ ਹੋ ਚੁੱਕੇ ਹਨ। ਇਸ ਕਾਰਨ ਇਥੋਂ ਦੇ ਪ੍ਰਬੰਧ ਤੋਂ ਤੰਗ ਆਕੇ ਲੋਕ ਬਾਹਰ ਵੱਲ ਭੱਜ ਰਹੇ ਹਨ। ਇਥੇ ਰੁਜ਼ਗਾਰ ਪੈਦਾ ਨਹੀਂ ਕੀਤਾ ਜਾ ਰਿਹਾ। ਇਸੇ ਤਰ੍ਹਾਂ ਚਰਨਜੀਤ ਸਿੰਘ ਗੁੰਮਟਾਲਾ, ਦਰਸ਼ਨ ਸਿੰਘ ਰਿਆੜ ਤੇ ਜਗਦੀਪ ਕਾਹਲੋਂ ਨੇ ਵੀ ਆਪਣੇ ਵਿਚਾਰ ਰੱਖੇ। ਅੰਤ ਵਿੱਚ ਰਵਿੰਦਰ ਚੋਟ ਨੇ ਸਭ ਦਾ ਧੰਨਵਾਦ ਕਰਦਿਆਂ ਆਖਿਆ ਕਿ ਸਿਆਸੀ ਲੋਕਾਂ ਕੋਲ ਜਨਤਾ ਜਾਂ ਪ੍ਰਵਾਸ ਦੇ ਮੁੱਦਿਆਂ ਬਾਰੇ ਸੋਚਣ ਦਾ ਕੋਈ ਸਮਾਂ ਨਹੀਂ। ਉਹ ਹਰ ਵੇਲੇ ਆਪਣੀ ਕੁਰਸੀ ਬਚਾਉਣ ਜਾਂ ਸੱਤਾ ਹਾਸਲ ਕਰਨ ਦੇ ਜੋੜ-ਤੋੜ ਵਿੱਚ ਪਏ ਰਹਿੰਦੇ ਹਨ।

- Advertisement -

Share this Article
Leave a comment