ਪਟਿਆਲਾ: ਪਟਿਆਲਾ’ਵਿੱਚ ਪੁਲਿਸ ਅਤੇ ਇੱਕ ਨਸ਼ਾ ਤਸਕਰ ਵਿਚਾਲੇ ਮੁਠਭੇੜ ਹੋਣ ਦੀ ਘਟਨਾ ਸਾਹਮਣੇ ਆਈ ਹੈ। ਇਸ ਦੌਰਾਨ, ਗੋਲੀ ਲੱਗਣ ਕਾਰਨ ਮੁਲਜ਼ਮ ਜ਼ਖਮੀ ਹੋ ਗਿਆ, ਜਿਸ ਨੂੰ ਇਲਾਜ ਲਈ ਹਸਪਤਾਲ ਭੇਜਿਆ ਗਿਆ। ਇਹ ਐਨਕਾਊਂਟਰ ਉਸ ਸਮੇਂ ਹੋਇਆ ਜਦੋਂ ਪੁਲਿਸ ਮੁਲਜ਼ਮ ਨੂੰ ਉਸ ਦੀ ਦੱਸੀ ਹੋਈ ਥਾਂ ’ਤੇ ਰਿਕਵਰੀ ਲਈ ਲੈਣ ਗਈ ਸੀ।
ਐਸਐਸਪੀ ਡਾ. ਨਾਨਕ ਸਿੰਘ ਮੁਤਾਬਕ, ਮੁਲਜ਼ਮ ਦੇਵੀ ਅਤੇ ਉਸ ਦੀ ਪਤਨੀ ਖ਼ਿਲਾਫ਼ ਐਫਆਈਆਰ ਨੰਬਰ 55 ਤਹਿਤ ਮਾਮਲਾ ਦਰਜ ਸੀ। ਪੁਲਿਸ ਨੇ ਇਸ ਮਾਮਲੇ ਵਿੱਚ 1100 ਗੋਲੀਆਂ ਬਰਾਮਦ ਕਰਦਿਆਂ NDPS ਐਕਟ ਅਧੀਨ ਕੇਸ ਦਰਜ ਕੀਤਾ। ਪੁੱਛਗਿੱਛ ਦੌਰਾਨ, ਮੁਲਜ਼ਮ ਨੇ ਕੁਝ ਹਥਿਆਰ ਅਤੇ ਜ਼ਿੰਦਾ ਗੋਲੀਆਂ ਗੁਪਤ ਥਾਂ ਤੇ ਹੋਣ ਦੀ ਗੱਲ ਦੱਸੀ। ਇਸ ਤੋਂ ਬਾਅਦ, ਪੁਲਿਸ ਉਸ ਨੂੰ ਬਿਜਲੀ ਬੋਰਡ ਦੇ ਸੁੰਨਸਾਨ ਖਾਲੀ ਕੁਆਟਰਾਂ ’ਚ ਰਿਕਵਰੀ ਲਈ ਲੈ ਗਈ, ਜਿੱਥੇ ਇਹ ਘਟਨਾ ਵਾਪਰੀ।
ਪੁਲਿਸ ਮੁਤਾਬਕ ਮੁਲਜ਼ਮ ਨੇ ਹਥਿਆਰ ਕੱਢ ਕੇ ਏਐਸਆਈ ’ਤੇ ਗੋਲੀ ਚਲਾਈ ਤਾਂ ਜਵਾਬੀ ਕਾਰਵਾਈ ਵਿੱਚ, ਏਐਸਆਈ ਤਾਰਾ ਚੰਦ ਨੇ ਗੋਲੀ ਚਲਾਈ, ਇੱਕ ਗੋਲੀ ਜ਼ਮੀਨ ਤੇ ਲੱਗੀ, ਜਦਕਿ ਇੱਕ ਗੋਲੀ ਮੁਲਜ਼ਮ ਦੀ ਲੱਤ ’ਚ ਵੱਜੀ। ਉਸ ਨੂੰ ਤੁਰੰਤ ਹਸਪਤਾਲ ਪਹੁੰਚਾਇਆ ਗਿਆ। ਦੱਸਣਯੋਗ ਹੈ ਕਿ, ਮੁਲਜ਼ਮ ਦੇਵੀ ਖ਼ਿਲਾਫ਼ ਪਹਿਲਾਂ ਹੀ 25 ਮਾਮਲੇ ਦਰਜ ਹਨ, ਜਿਨ੍ਹਾਂ ਵਿੱਚ 20 ਚੋਰੀ ਦੇ ਅਤੇ 5 ਐਨਡੀਪੀਐਸ ਐਕਟ ਨਾਲ ਸੰਬੰਧਤ ਹਨ। ਉਸ ਦੀ ਪਤਨੀ ਨੂੰ ਵੀ 55/2 ਦੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ, ਜਿਸ ’ਤੇ ਵੀ ਪਹਿਲਾਂ ਹੀ ਕਈ ਕੇਸ ਦਰਜ ਹਨ।
ਪੁਲਿਸ ਵੱਲੋਂ ਜਵਾਬੀ ਕਾਰਵਾਈ, ਜਾਂਚ ਜਾਰੀ
ਐਸਐਸਪੀ ਮੁਤਾਬਕ, ਪੁਲਿਸ ਦਾ ਮੁੱਖ ਉਦੇਸ਼ ਜ਼ਖਮੀ ਮੁਲਜ਼ਮ ਨੂੰ ਤੁਰੰਤ ਇਲਾਜ ਮੁਹੱਈਆ ਕਰਵਾਉਣਾ ਸੀ। ਮੁਲਜ਼ਮ ਕੋਲੋਂ ਮਿਲੀ ਜਾਣਕਾਰੀ ਮੁਤਾਬਕ, 1100 ਗੋਲੀਆਂ ਦੀ ਬਰਾਮਦੀ ਹੋਈ। ਐਨਕਾਊਂਟਰ ਦੌਰਾਨ, ਪੁਲਿਸ ਨੇ ਜਵਾਬੀ ਕਾਰਵਾਈ ਕਰਦਿਆਂ ਦੋ ਵਾਰ ਗੋਲੀਆਂ ਚਲਾਈਂ, ਜਦਕਿ ਮੁਲਜ਼ਮ ਨੇ ਵੀ ਇਕ ਗੋਲੀ ਚਲਾਈ, ਜੋ ਕੰਧ ‘ਚ ਲੱਗੀ। ਪੁਲਿਸ ਅਧਿਕਾਰੀਆਂ ਅਨੁਸਾਰ, ਮੁਲਜ਼ਮ ਕੋਲ ਇੱਕ ਦੇਸੀ ਪਿਸਤੌਲ ਸੀ। ਹੁਣ ਪੁਲਿਸ ਵੱਲੋਂ ਮਾਮਲੇ ਦੀ ਅੱਗੇਲੀ ਜਾਂਚ ਜਾਰੀ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।