ਚੰਡੀਗੜ੍ਹ (ਦਰਸ਼ਨ ਸਿੰਘ ਖੋਖਰ) : ਪੰਜਾਬ ਦੇ ਮੁਲਾਜ਼ਮਾਂ ਦੀਆਂ 16 ਜਥੇਬੰਦੀਆਂ ਦੇ ਆਗੂਆਂ ਨਾਲ ਪੇ- ਕਮਿਸ਼ਨ ਦੀ ਰਿਪੋਰਟ ਲਾਗੂ ਕਰਨ ਬਾਰੇ ਬਣੇ ਰੇੜਕੇ ਸਬੰਧੀ ਮੀਟਿੰਗ ਕਰਨ ਤੋਂ ਬਾਅਦ ਪੰਜਾਬ ਦੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਬ੍ਰਹਮ ਮਹਿੰਦਰਾ ਨੇ ਕਿਹਾ ਕਿ ਉਨ੍ਹਾਂ ਮੁਲਾਜ਼ਮ ਆਗੂਆਂ ਨੂੰ ਯਕੀਨ ਦਿਵਾਇਆ ਹੈ ਕਿ ਸਾਰੇ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਘੱਟੋ ਘੱਟ 15 ਫੀਸਦੀ ਇਜ਼ਾਫਾ ਜਰੂਰ ਹੋਵੇਗਾ।
ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਇਨ੍ਹਾਂ ਮੰਤਰੀਆਂ ਨੇ ਕਿਹਾ ਕਿ ਰੋਸ ਵਿਖਾਵੇ ਖ਼ਤਮ ਕਰਨ ਸਬੰਧੀ ਫ਼ੈਸਲਾ ਤਾਂ ਮੁਲਾਜ਼ਮ ਆਗੂਆਂ ਨੇ ਆਪਣੀਆਂ ਜਥੇਬੰਦੀਆਂ ਨਾਲ ਮੀਟਿੰਗਾਂ ਤੋਂ ਬਾਅਦ ਕਰਨਾ ਹੈ ਪਰ ਉਹ ਯਕੀਨ ਨਾਲ ਕਹਿ ਸਕਦੇ ਹਨ ਕਿ ਮੁਲਾਜ਼ਮ ਆਗੂ ਉਨ੍ਹਾਂ ਦੀ ਗੱਲ ਤੋਂ ਖੁਸ਼ ਹੋ ਕੇ ਗਏ ਹਨ।
ਮਨਪ੍ਰੀਤ ਸਿੰਘ ਬਾਦਲ ਨੇ ਕਿਹਾ ਕਿ ਡਾਕਟਰਾਂ ਦਾ ਐੱਨਪੀਏ ਪਹਿਲਾਂ ਦੀ ਤਰ੍ਹਾਂ ਹੀ ਚੱਲਦਾ ਰਹੇਗਾ । ਪਰ ਇਸ ਵਾਰ ਤਨਖਾਹਾਂ ਵਿਚ ਵਾਧਾ ਮੁੱਢਲੀ ਤਨਖ਼ਾਹ ਨਾਲ ਜੋਡ਼ਿਆ ਗਿਆ ਹੈ ਕਿਉਂਕਿ ਜਿਉਂ ਜਿਉਂ ਮੁੱਢਲੀ ਤਨਖਾਹ ਵਧਦੀ ਹੈ ਤਾਂ ਤਨਖਾਹ ਵਾਧੇ ਦੀ ਦਰ ਵੀ ਘੱਟ ਹੋ ਜਾਂਦੀ ਹੈ । ਉਨ੍ਹਾਂ ਦੱਸਿਆ ਕਿ ਮੁਲਾਜ਼ਮਾਂ ਦੀਆਂ ਤਨਖਾਹਾਂ ਵਿਚ ਵਾਧਾ ਹੋ ਜਾਣ ਨਾਲ ਪੰਜਾਬ ਸਰਕਾਰ ਉੱਤੇ ਇੱਕ ਹਜ਼ਾਰ ਕਰੋੜ ਸਾਲਾਨਾ ਦਾ ਵਿੱਤੀ ਬੋਝ ਪਵੇਗਾ।
ਜ਼ਿਕਰਯੋਗ ਹੈ ਕਿ ਮੁਲਾਜ਼ਮਾਂ ਦਾ ਰੋਸ ਘੱਟ ਕਰਨ ਵਾਸਤੇ ਪੰਜਾਬ ਸਰਕਾਰ ਵੱਲੋਂ ਮੰਤਰੀ ਮੰਡਲ ਦੀ ਸਬ ਕਮੇਟੀ ਨਾਲ ਅੱਜ ਮੀਟਿੰਗ ਹੋਈ ਸੀ ਜਦਕਿ ਪਿਛਲੇ ਸਮੇਂ ਦੌਰਾਨ ਗੱਲਬਾਤ ਸਫ਼ਲ ਨਹੀਂ ਹੁੰਦੀ ਰਹੀ।