ਨਿਊ ਯਾਰਕ : ਈਲੌਨ ਮਸਕ ਨੇ ਬਰਤਾਨੀਆ ਸਰਕਾਰ ’ਤੇ ਵੱਡਾ ਦੋਸ਼ ਲਾਉਂਦਿਆਂ ਕਿੰਗ ਚਾਰਲਸ ਨੂੰ ਸੰਸਦ ਭੰਗ ਕਰਨ ਦੀ ਅਪੀਲ ਕੀਤੀ ਹੈ। ਦੁਨੀਆਂ ਦੇ ਸਭ ਤੋਂ ਅਮੀਰ ਸ਼ਖਸ ਦਾ ਕਹਿਣਾ ਹੈ ਕਿ ਇਕ ਪਾਕਿਸਤਾਨੀ ਗਿਰੋਹ ਨੇ 1400 ਨਾਬਾਲਗ ਬੱਚੀਆਂ ਦਾ ਜਿਣਸੀ ਸ਼ੋਸ਼ਣ ਕੀਤਾ ਅਤੇ ਪ੍ਰਧਾਨ ਮੰਤਰੀ ਕਿਅਰ ਸਟਾਰਮਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਵਿਚ ਅਸਫ਼ਲ ਰਹੇ। ਉਧਰ ਯੂ.ਕੇ. ਦੇ ਸਿਹਤ ਮੰਤਰੀ ਵੈਸ ਸਟ੍ਰੀਟਿੰਗ ਨੇ ਮਸਕ ਦੇ ਦੋਸ਼ਾਂ ਨੂੰ ਸਰਾਸਰ ਬੇਬੁਨਿਆਦ ਕਰਾਰ ਦਿਤਾ। ਉਨ੍ਹਾਂ ਕਿਹਾ ਕਿ ਇਸ ਮੁੱਦੇ ਨਾਲ ਨਜਿੱਠਣ ਲਈ ਉਹ ਮਸਕ ਨਾਲ ਤਾਲਮੇਲ ਤਹਿਤ ਕੰਮ ਕਰਨ ਵਾਸਤੇ ਸਹਿਮਤ ਹਨ।
ਦੱਸ ਦੇਈਏ ਕਿ ਸਾਲ 2022 ਵਿਚ ਆਈ ਇਕ ਅਹਿਮ ਰਿਪੋਰਟ ਵਿਚ ਦਾਅਵਾ ਕੀਤਾ ਗਿਆ ਕਿ ਇੰਗਲੈਂਡ ਦੇ ਰਦਰਹੈਮ, ਕੌਰਨਵਾਲ, ਡਰਬੀਸ਼ਾਇਰ, ਰੌਸ਼ਡੇਲ ਅਤੇ ਬ੍ਰਿਸਟਲ ਸ਼ਹਿਰ ਵਿਚ 1997 ਤੋਂ 2013 ਦਰਮਿਆਨ ਘੱਟੋ ਘਟ 1,400 ਨਾਬਾਲਗ ਕੁੜੀਆਂ ਜਿਣਸੀ ਸ਼ੋਸ਼ਣ ਦਾ ਸ਼ਿਕਾਰ ਬਣੀਆਂ ਅਤੇ ਸ਼ੱਕੀਆਂ ਵਿਚੋਂ ਸਭ ਤੋਂ ਵੱਧ ਗਿਣਤੀ ਪਾਕਿਸਤਾਨੀ ਮੂਲ ਦੇ ਲੋਕਾਂ ਦੀ ਸੀ। ਜ਼ਿਆਦਾਤਰ ਮਾਮਲਿਆਂ ਵਿਚ ਇਕ ਗਿਰੋਹ ਨੇ ਕੁੜੀਆਂ ਨੂੰ ਵਰਗਲਾ ਕੇ ਸ਼ਿਕਾਰ ਬਣਾਇਆ ਅਤੇ ਉਨ੍ਹਾਂ ਨੂੰ ਅੱਗੇ ਵੇਚ ਦਿਤਾ ਗਿਆ।
ਇਸ ਮਾਮਲੇ ਨੂੰ ਗਰੂਮਿੰਗ ਗੈਂਗ ਸਕੈਂਡਲ ਦਾ ਨਾਂ ਦਿਤਾ ਗਿਆ। ਮਸਕ ਦਾ ਦੋਸ਼ ਹੈ ਕਿ 15 ਸਾਲ ਪਹਿਲਾਂ ਕਿਅਰ ਸਟਾਰਮਰ ਪਬਲਿਕ ਪ੍ਰੌਸੀਕਿਊਸ਼ਨ ਦੇ ਡਾਇਰੈਕਟਰ ਸਨ ਅਤੇ ਉਨ੍ਹਾਂ ਨੇ ਪੀੜਤ ਕੁੜੀਆਂ ਨੂੰ ਇਨਸਾਫ਼ ਨਹੀਂ ਦਿਵਾਇਆ। ਗਰੂਮਿੰਗ ਦਾ ਸ਼ਿਕਾਰ ਬਣ ਚੁੱਕੀ ਡਾ. ਐਲਾ ਹਿਲ ਨੇ ਇਕ ਇੰਟਰਵਿਊ ਦੌਰਾਨ ਦੱਸਿਆ ਕਿ ਗਿਰੋਹਾਂ ਵੱਲੋਂ ਜਾਤ ਅਤੇ ਧਰਮ ਦੇ ਆਧਾਰ ’ਤੇ ਕੁੜੀਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।