ਵਾਸ਼ਿੰਗਟਨ: ਅਮਰੀਕਾ ‘ਚ ਰਾਸ਼ਟਰਪਤੀ ਚੋਣਾਂ ‘ਚ ਹੁਣ ਕੁਝ ਹੀ ਦਿਨ ਬਾਕੀ ਹਨ। ਅਰਬਪਤੀ ਕਾਰੋਬਾਰੀ ਅਤੇ ਟੇਸਲਾ ਦੇ ਸੀਏਓ ਐਲੋਨ ਮਸਕ ਵੀ ਇਨ੍ਹਾਂ ਚੋਣਾਂ ਵਿੱਚ ਟਰੰਪ ਦੇ ਜਿੱਤਣ ਦੀਆਂ ਸੰਭਾਵਨਾਵਾਂ ਨੂੰ ਵਧਾਉਣ ਲਈ ਖੁੱਲ੍ਹ ਕੇ ਪ੍ਰਚਾਰ ਕਰ ਰਹੇ ਹਨ। ਇਸ ਸੰਦਰਭ ‘ਚ ਮਸਕ ਨੇ ਵੱਡਾ ਐਲਾਨ ਕੀਤਾ ਹੈ। ਮਸਕ ਨੇ ਕਿਹਾ ਹੈ ਕਿ ਉਹ ਰਾਸ਼ਟਰਪਤੀ ਚੋਣ ਦੀ ਤਰੀਕ ਤੱਕ ਹਰ ਦਿਨ ਕਿਸੇ ਇੱਕ ਚੁਣੇ ਹੋਏ ਵੋਟਰ ਨੂੰ 1 ਮਿਲੀਅਨ ਡਾਲਰ ਯਾਨੀ ਲਗਭਗ 8.40 ਕਰੋੜ ਰੁਪਏ ਦੇਣਗੇ। ਪਰ ਇਸ ਸ਼ਰਤ ਦੇ ਨਾਲ ਕਿ ਵੋਟਰ ਨੂੰ ਆਪਣੀ ਇੱਕ ਪਟੀਸ਼ਨ ‘ਤੇ ਦਸਤਖਤ ਕਰਨੇ ਪੈਣਗੇ।
ਦਰਅਸਲ, ਇਸ ਪਟੀਸ਼ਨ ਵਿੱਚ ਬੋਲਣ ਦੀ ਆਜ਼ਾਦੀ ਅਤੇ ਹਥਿਆਰ ਰੱਖਣ ਦੇ ਅਧਿਕਾਰਾਂ ਨੂੰ ਕਾਇਮ ਰੱਖਣ ਦੀ ਗਾਰੰਟੀ ਦਿੱਤੀ ਗਈ ਹੈ। ਪਰ ਦਿਲਚਸਪ ਗੱਲ ਇਹ ਹੈ ਕਿ ਜੇਤੂ ਸੱਤ ਸਵਿੰਗ ਰਾਜਾਂ ਵਿੱਚੋਂ ਹੀ ਚੁਣੇ ਜਾਣਗੇ। ਇਨ੍ਹਾਂ ਵਿੱਚ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨੇਵਾਡਾ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਸ਼ਾਮਲ ਹਨ। ਮਸਕ ਦੇ ਇਸ ਐਲਾਨ ‘ਤੇ ਡੈਮੋਕ੍ਰੇਟਿਕ ਪਾਰਟੀ ਨੇ ਸਵਾਲ ਖੜ੍ਹੇ ਕੀਤੇ ਹਨ। ਪੈਨਸਿਲਵੇਨੀਆ ਦੇ ਡੈਮੋਕਰੇਟਿਕ ਗਵਰਨਰ ਜੋਸ਼ ਸ਼ਾਪੀਰੋ ਨੇ ਇਸ ਸਬੰਧੀ ਕਾਨੂੰਨ ਲਾਗੂ ਕਰਨ ਵਾਲੀਆਂ ਏਜੰਸੀਆਂ ਤੋਂ ਜਾਂਚ ਦੀ ਮੰਗ ਕੀਤੀ ਹੈ।
ਜਿਸ ਪਟੀਸ਼ਨ ‘ਤੇ ਐਲੋਨ ਮਸਕ ਵੋਟਰਾਂ ਨੂੰ ਹਸਤਾਖਰ ਕਰਨ ਦੀ ਅਪੀਲ ਕਰ ਰਹੇ ਹਨ, ਉਹ ਪ੍ਰਗਟਾਵੇ ਦੀ ਆਜ਼ਾਦੀ ਅਤੇ ਹਥਿਆਰ ਚੁੱਕਣ ਦੇ ਅਧਿਕਾਰ ਦੀ ਗਾਰੰਟੀ ਦਿੰਦੀ ਹੈ। ਕੋਈ ਵੀ ਵੋਟਰ ਜੋ 1 ਮਿਲੀਅਨ ਡਾਲਰ ਦੀ ਰਕਮ ਚਾਹੁੰਦਾ ਹੈ, ਉਸ ਲਈ ਪਹਿਲੀ ਸ਼ਰਤ ਇਹ ਹੈ ਕਿ ਉਹ ਰਜਿਸਟਰਡ ਵੋਟਰ ਹੋਣਾ ਚਾਹੀਦਾ ਹੈ। ਇਸ ਤੋਂ ਇਲਾਵਾ, ਵੋਟਰ ਦਾ ਸੱਤ ਸਵਿੰਗ ਰਾਜਾਂ ਵਿੱਚੋਂ ਕਿਸੇ ਇੱਕ ਦਾ ਵਾਸੀ ਹੋਣਾ ਲਾਜ਼ਮੀ ਹੈ। ਉਹਨਾਂ ਕਿਹਾ ਕਿ 22 ਅਕਤੂਬਰ ਤੱਕ, ਪੈਨਸਿਲਵੇਨੀਆ ਦੇ ਵੋਟਰਾਂ ਵਿੱਚੋਂ ਜੇਤੂ ਦੀ ਚੋਣ ਕੀਤੀ ਜਾਵੇਗੀ। ਫਿਰ ਉਸ ਤੋਂ ਬਾਅਦ 5 ਨਵੰਬਰ ਤੱਕ ਹੋਰਨਾਂ ਸਵਿੰਗ ਸੂਬਿਆਂ ਦੇ ਵੋਟਰਾਂ ਦੀ ਚੋਣ ਕੀਤੀ ਜਾਵੇਗੀ।
ਸਿਰਫ਼ ਸਵਿੰਗ ਰਾਜਾਂ ਦੇ ਵੋਟਰ ਹੀ ਕਿਉਂ?
ਜਿਵੇਂ ਕਿ ਨਾਮ ਤੋਂ ਪਤਾ ਲੱਗਦਾ ਹੈ, ਸਵਿੰਗ ਸਟੇਟ ਅਮਰੀਕਾ ਦੇ ਉਹ ਸੂਬੇ ਹਨ ਜਿੱਥੇ ਵੋਟਰਾਂ ਨੂੰ ਸਪੱਸ਼ਟ ਨਹੀਂ ਹੁੰਦਾ ਕਿ ਉਹ ਕਿਸ ਪਾਰਟੀ ਦਾ ਸਮਰਥਨ ਕਰਨਗੇ। ਇਸ ਲਈ ਕਾਫੀ ਹੱਦ ਤੱਕ ਕਿਸੇ ਉਮੀਦਵਾਰ ਦੀ ਜਿੱਤ ਜਾਂ ਹਾਰ ਦਾ ਫੈਸਲਾ ਇਨ੍ਹਾਂ ਸੂਬਿਆਂ ‘ਤੇ ਹੀ ਹੁੰਦਾ ਹੈ। ਇਨ੍ਹਾਂ ਸੱਤ ਸਵਿੰਗ ਰਾਜਾਂ ਵਿੱਚ ਐਰੀਜ਼ੋਨਾ, ਜਾਰਜੀਆ, ਮਿਸ਼ੀਗਨ, ਨੇਵਾਡਾ, ਉੱਤਰੀ ਕੈਰੋਲੀਨਾ, ਪੈਨਸਿਲਵੇਨੀਆ ਅਤੇ ਵਿਸਕਾਨਸਿਨ ਸ਼ਾਮਲ ਹਨ।