ਨਵੀਂ ਦਿੱਲੀ: ਰਾਜਧਾਨੀ ਦਿੱਲੀ ‘ਚ ਆਕਸੀਜਨ ਦੀ ਘਾਟ ਕਾਰਨ 8 ਮਰੀਜ਼ਾਂ ਦੀ ਜਾਨ ਚਲੀ ਗਈ। ਦਿੱਲੀ ਦੇ ਬੱਤਰਾ ਹਸਪਤਾਲ ‘ਚ ਸ਼ਨੀਵਾਰ ਨੂੰ ਆਕਸੀਜਨ ਖ਼ਤਮ ਹੋ ਗਈ। ਜਿਸ ਦੇ ਚਲਦਿਆਂ ਲਗਭਗ 1 ਘੰਟਾ 20 ਮਿੰਟ ਤੱਕ ਆਕਸੀਜਨ ਦੀ ਸਪਲਾਈ ਰੁਕੀ ਰਹੀ। ਆਕਸੀਜਨ ਨਾਂ ਮਿਲਣ ਕਾਰਨ ਮਰਨ ਵਾਲੇ 8 ਮਰੀਜ਼ਾਂ ‘ਚ ਇੱਕ ਡਾਕਟਰ ਵੀ ਸ਼ਾਮਲ ਹੈ।
ਅਧਿਕਾਰੀਆਂ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਹਸਪਤਾਲ ਵਿੱਚ ਆਕਸੀਜਨ ਦੀ ਘਾਟ ਕਾਰਨ ਮਰਨ ਵਾਲਿਆਂ ਵਿੱਚ ਬੱਤਰਾ ਹਸਪਤਾਲ ਦੇ ਗੈਸਟਰੋਐਂਟੇਰੋਲੌਜੀ ਵਿਭਾਗ ਦੇ ਐੱਚਓਡੀ ਵੀ ਸ਼ਾਮਲ ਹਨ। ਇਹ ਵੀ ਖਬਰ ਆ ਰਹੀ ਹੈ ਕਿ ਡਾਕਟਰ ਹੋਰ 5 ਗੰਭੀਰ ਮਰੀਜ਼ਾਂ ਨੂੰ ਬਚਾਉਣ ਦੀ ਕੋਸ਼ਿਸ਼ ਕਰ ਰਹੇ ਹਨ।
ਬੱਤਰਾ ਹਸਪਤਾਲ ਦੇ ਮੈਡੀਕਲ ਡਾਇਰੈਕਟਰ ਐੱਸਸੀਐੱਲ ਨੇ ਕਿਹਾ 6 ਕੋਰੋਨਾ ਮਰੀਜ਼ਾਂ ਦੀ ਮੌਤ ਆਈਸੀਯੂ ਵਿੱਚ ਤੇ ਦੋ ਦੀ ਮੌਤ ਵਾਰਡ ਵਿਚ ਹੋਈ ਹੈ, ਅਸੀਂ ਉਨ੍ਹਾਂ ਨੂੰ ਲੱਖ ਕੋਸ਼ਿਸ਼ਾਂ ਤੋਂ ਬਾਅਦ ਵੀ ਨਹੀਂ ਬਚਾ ਸਕੇ। ਉਨ੍ਹਾਂ ਕਿਹਾ ਜਦੋਂ ਤੋਂ ਮਹਾਂਮਾਰੀ ਦੀ ਇਸ ਲਹਿਰ ਨੇ ਦੇਸ਼ ਵਿੱਚ ਦਸਤਕ ਦਿੱਤੀ ਹੈ ਅਸੀਂ ਸਰਕਾਰ ਤੋਂ ਆਕਸੀਜਨ ਦੀ ਮੰਗ ਕਰ ਰਹੇ ਹਾਂ।