ਸ਼੍ਰੋਮਣੀ ਕਮੇਟੀ ਵੱਲੋਂ ਬੰਦੀ ਸਿੰਘਾਂ ਸਬੰਧੀ 20 ਦਸੰਬਰ ਦੇ ਦਿੱਲੀ ਪ੍ਰਦਰਸ਼ਨ ’ਚ ਵੱਡੀ ਸ਼ਮੂਲੀਅਤ ਲਈ ਯਤਨ ਤੇਜ

Global Team
3 Min Read

ਅੰਮ੍ਰਿਤਸਰ: ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਬੰਦੀ ਸਿੰਘਾਂ ਦੀ ਰਿਹਾਈ ਨੂੰ ਲੈ ਕੇ 20 ਦਸੰਬਰ ਨੂੰ ਗੁਰਦੁਆਰਾ ਸ੍ਰੀ ਰਕਾਬਗੰਜ ਸਾਹਿਬ ਦਿੱਲੀ ਤੋਂ ਰਾਸ਼ਟਰਪਤੀ ਭਵਨ ਤੱਕ ਕੀਤੇ ਜਾ ਰਹੇ ਪੰਥਕ ਪ੍ਰਦਰਸ਼ਨ ਵਿਚ ਸਮੁੱਚੀਆਂ ਜਥੇਬੰਦੀਆਂ ਦੀ ਸ਼ਮੂਲੀਅਤ ਨੂੰ ਯਕੀਨੀ ਬਣਾਉਣ ਲਈ ਅੱਜ ਇਥੇ ਸੰਤ ਸਮਾਜ ਅਤੇ ਕਾਰਸੇਵਾ ਸੰਪ੍ਰਦਾਵਾਂ ਦੇ ਮੁਖੀਆਂ ਨਾਲ ਵਿਸ਼ੇਸ਼ ਇਕੱਤਰਤਾ ਕੀਤੀ ਗਈ। ਸ਼੍ਰੋਮਣੀ ਕਮੇਟੀ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਦੌਰਾਨ ਵੱਡੀ ਗਿਣਤੀ ਵਿਚ ਕਾਰਸੇਵਾ ਵਾਲੇ ਮਹਾਂਪੁਰਖਾਂ ਅਤੇ ਉਨ੍ਹਾਂ ਦੇ ਨੁਮਾਇੰਦਿਆਂ ਨੇ ਸ਼ਮੂਲੀਅਤ ਕੀਤੀ। ਇਸ ਮੌਕੇ ਹਾਜ਼ਰ ਧਾਰਮਿਕ ਸ਼ਖ਼ਸੀਅਤਾਂ ਨੇ ਦਿੱਲੀ ਵਿਖੇ ਪੰਥਕ ਪ੍ਰਦਰਸ਼ਨ ਮੌਕੇ ਜਿਥੇ ਭਰਵੀਂ ਸ਼ਮੂਲੀਅਤ ਦਾ ਭਰੋਸਾ ਦਿੱਤਾ, ਉਥੇ ਹੀ ਲੰਗਰਾਂ ਦੀਆਂ ਸੇਵਾਵਾਂ ਵੀ ਆਪਣੇ ਜੁੰਮੇ ਲਈਆਂ। ਵੱਖ-ਵੱਖ ਸ਼ਖ਼ਸੀਅਤਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਅਤਿ ਅਹਿਮ ਕੌਮੀ ਮਸਲਾ ਹੈ, ਜਿਸ ਦੇ ਹੱਲ ਲਈ ਕਾਰਸੇਵਾ ਸੰਪ੍ਰਦਾਵਾਂ ਭਰਪੂਰ ਯੋਗਦਾਨ ਪਾਉਣਗੀਆਂ। ਬੁਲਾਰਿਆਂ ਨੇ ਕਿਹਾ ਕਿ 20 ਦਸੰਬਰ ਦਾ ਸ਼੍ਰੋਮਣੀ ਕਮੇਟੀ ਦੀ ਅਗਵਾਈ ਵਿਚ ਕੀਤਾ ਜਾ ਰਿਹਾ ਪ੍ਰਦਰਸ਼ਨ ਸਮੁੱਚੀ ਕੌਮ ਦਾ ਸਾਂਝਾ ਪ੍ਰੋਗਰਾਮ ਹੈ, ਜਿਸ ਨੂੰ ਸਫ਼ਲ ਬਣਾਉਣ ਲਈ ਮੋਹਰੀ ਭੂਮਿਕਾ ਅਦਾ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਇਸ ਮੌਕੇ ਲੰਗਰਾਂ ਅਤੇ ਰਹਿਣ ਸਹਿਣ ਦੇ ਪ੍ਰਬੰਧ ਵੀ ਕਾਰਸੇਵਾ ਸੰਪ੍ਰਦਾਵਾਂ ਵੱਧ ਤੋਂ ਵੱਧ ਕਰਨਗੀਆਂ ਅਤੇ ਇਸ ਦੇ ਨਾਲ ਹੀ ਸੰਗਤ ਦੀ ਵੱਡੀ ਸ਼ਮੂਲੀਅਤ ਲਈ ਵੀ ਯਤਨ ਕੀਤੇ ਜਾਣਗੇ।

ਇਸ ਇਕੱਤਰਤਾ ਦੌਰਾਨ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਬੰਦੀ ਸਿੰਘਾਂ ਦੇ ਮਾਮਲੇ ’ਤੇ 20 ਦਸੰਬਰ ਵਾਲੇ ਕੌਮ ਦੇ ਸਾਂਝੇ ਦਿੱਲੀ ਪ੍ਰਦਰਸ਼ਨ ਸਬੰਧੀ ਹਰ ਧਿਰ ਨਾਲ ਸੰਪਰਕ ਕੀਤਾ ਜਾ ਰਿਹਾ ਹੈ ਅਤੇ ਸਭਨਾਂ ਵੱਲੋਂ ਹੀ ਹਾਂਪੱਖੀ ਹੁੰਗਾਰਾ ਭਰਿਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਵਿਚ ਸਿੱਖ ਜਥੇਬੰਦੀਆਂ ਦੇ ਨਾਲ-ਨਾਲ ਕਿਸਾਨ ਜਥੇਬੰਦੀਆਂ ਵੀ ਸ਼ਿਰਕਤ ਕਰਨਗੀਆਂ। ਐਡਵੋਕੇਟ ਧਾਮੀ ਨੇ ਕਿਹਾ ਕਿ ਇਹ ਪ੍ਰਦਰਸ਼ਨ ਬਿਲਕੁਲ ਸ਼ਾਂਤੀਮਈ ਹੋਵੇਗਾ, ਜੋ ਕੇਵਲ ਸ਼੍ਰੋਮਣੀ ਕਮੇਟੀ ਦੇ ਬੈਨਰ ਹੇਠ ਹੀ ਆਯੋਜਤ ਕੀਤਾ ਜਾ ਰਿਹਾ ਹੈ। ਇਸ ਵਿਚ ਸਭ ਨੂੰ ਸਹਿਯੋਗ ਲਈ ਸੱਦਾ ਦਿੱਤਾ ਗਿਆ ਹੈ ਅਤੇ ਵੱਖ-ਵੱਖ ਸੰਪ੍ਰਦਾਵਾਂ ਅਤੇ ਜਥੇਬੰਦੀਆਂ ਨਾਲ ਮੀਟਿੰਗਾਂ ਦੇ ਨਾਲ-ਨਾਲ ਟੈਲੀਫੋਨ ਰਾਹੀਂ ਵੀ ਸੰਪਰਕ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਸ ਪ੍ਰਦਰਸ਼ਨ ਦੌਰਾਨ ਸ਼੍ਰੋਮਣੀ ਕਮੇਟੀ ਵੱਲੋਂ ਸੰਪੂਰਨ ਕੀਤੀ ਦਸਤਖ਼ਤੀ ਮੁਹਿੰਮ ਦੌਰਾਨ ਭਰੇ ਗਏ 26 ਲੱਖ ਪ੍ਰੋਫਾਰਮੇ ਵੀ ਰਾਸ਼ਟਰਪਤੀ ਭਵਨ ਤੱਕ ਲਿਜਾਏ ਜਾਣਗੇ, ਤਾਂ ਜੋ ਸੰਗਤੀ ਅਵਾਜ਼ ਸਰਕਾਰਾਂ ਤੱਕ ਪੁੱਜ ਸਕੇ। ਉਨ੍ਹਾਂ ਇਸ ਪ੍ਰਦਰਸ਼ਨ ਦੌਰਾਨ ਸਹਿਯੋਗ ਦਾ ਭਰੋਸਾ ਦੇਣ ਵਾਲੀਆਂ ਸਾਰੀਆਂ ਧਿਰਾਂ ਦਾ ਧੰਨਵਾਦ ਕੀਤਾ ਅਤੇ ਜਨਤਕ ਤੌਰ ’ਤੇ ਅਪੀਲ ਕੀਤੀ ਕਿ ਕੌਮੀ ਕਾਰਜ ਵਿਚ ਵੱਧ ਤੋਂ ਵੱਧ ਜਥੇਬੰਦੀਆਂ ਅਤੇ ਸੰਗਤਾਂ ਸ਼ਮੂਲੀਅਤ ਕਰਨ।

Share This Article
Leave a Comment