ਨਵੀਂ ਦਿੱਲੀ – ਕੇਂਦਰੀ ਸਿੱਖਿਆ ਮੰਤਰੀ ਡਾ. ਰਮੇਸ਼ ਪੋਖਰਿਆਲ ਨਿਸ਼ਾਂਕ ਦੀ ਸਿਹਤ ਇੱਕ ਵਾਰ ਫਿਰ ਵਿਗੜ ਗਈ ਹੈ। ਉਨ੍ਹਾਂ ਨੂੰ ਇਲਾਜ ਲਈ ਦਿੱਲੀ ਸਥਿਤ ਏਮਜ਼ ਵਿੱਚ ਭਰਤੀ ਕਰਵਾਇਆ ਗਿਆ ਹੈ। ਕੋਰੋਨਾ ਸੰਕਰਮਣ ਤੋਂ ਸਿਹਤਯਾਬ ਹੋਣ ਤੋਂ ਬਾਅਦ ਵੀ ਸਿੱਖਿਆ ਮੰਤਰੀ ਕੁਝ ਸਿਹਤ ਸਬੰਧੀ ਪਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਸਨ।
ਦੱਸਣਯੋਗ ਹੈ ਕਿ ਰਮੇਸ਼ ਪੋਖਰਿਆਲ 21 ਅਪ੍ਰੈਲ ਨੂੰ ਕੋਰੋਨਾ ਪਾਜ਼ਿਟਿਵ ਪਾਏ ਗਏ ਸਨ। 61 ਸਾਲਾ ਮੰਤਰੀ ਕਈ ਦਿਨਾਂ ਤੱਕ ਚੱਲੇ ਇਲਾਜ ਤੋਂ ਬਾਅਦ ਰਿਕਵਰ ਹੋਏ ਸਨ, ਪਰ ਇਸ ਵਾਰ ਉਨ੍ਹਾਂ ਨੂੰ ਪੋਸਟ ਕੋਵਿਡ ਪਰੇਸ਼ਾਨੀਆਂ ਨਾਲ ਜੂਝਣਾ ਪਿਆ ਹੈ।
ਦੂਜੇ ਪਾਸੇ ਹੁਣ ਪੋਸਟ ਕੋਵਿਡ ਖਤਰਿਆਂ ਨੂੰ ਲੈ ਕੇ ਚਿੰਤਾਵਾਂ ਜ਼ਾਹਰ ਕੀਤੀਆਂ ਜਾ ਰਹੀਆਂ ਹਨ, ਕਿਉਂਕਿ ਕੋਰੋਨਾ ਸੰਕਰਮਣ ਤੋਂ ਠੀਕ ਹੋਣ ਤੋਂ ਬਾਅਦ ਵੀ ਲੋਕ ਮਾਨਸਿਕ ਬਿਮਾਰੀਆਂ, ਫੇਫੜਿਆਂ ਅਤੇ ਦਿਲ ਦੀ ਬਿਮਾਰੀਆਂ ਦੀ ਲਪੇਟ ਵਿੱਚ ਆ ਰਹੇ ਹਨ। ਜਿਹੜੇ ਲੋਕ ਪਹਿਲਾਂ ਤੋਂ ਸ਼ੂਗਰ ਜਾਂ ਹੋਰ ਬਿਮਾਰੀਆਂ ਨਾਲ ਪੀੜਤ ਸਨ ਉਨ੍ਹਾਂ ਦੀ ਸਥਿਤੀ ਹੋਰ ਖ਼ਰਾਬ ਹੋ ਰਹੀ ਹੈ।