ਅਮਰੂਦ ਬਾਗ ਘੁਟਾਲਾ: ED ਨੇ ਛਾਪੇਮਾਰੀ ਕਰਕੇ 3.89 ਕਰੋੜ ਰੁਪਏ ਕੀਤੇ ਬਰਾਮਦ; IAS ਅਫਸਰਾਂ ਦੀਆਂ ਪਤਨੀਆਂ ‘ਤੇ ਕੀ ਲੱਗੇ ਦੋਸ਼?

Global Team
2 Min Read

ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਐਕੁਆਇਰ ਕੀਤੀ ਜ਼ਮੀਨ ਵਿੱਚ ਅਮਰੂਦ ਦੇ ਬਾਗਾਂ ਨੂੰ ਝੂਠਾ ਦਿਖਾ ਕੇ ਕਰੋੜਾਂ ਰੁਪਏ ਦੀ ਠੱਗੀ ਮਾਰਨ ਦੇ ਮਾਮਲੇ ਵਿੱਚ ਈਡੀ ਨੇ ਛਾਪਾ ਮਾਰ ਕੇ 3.89 ਕਰੋੜ ਰੁਪਏ ਦੀ ਨਕਦੀ, ਮੋਬਾਈਲ ਅਤੇ ਕੁਝ ਦਸਤਾਵੇਜ਼ ਜ਼ਬਤ ਕੀਤੇ ਹਨ। ਬਰਾਮਦ ਕੀਤੀ ਰਕਮ ਦੀਆਂ ਤਸਵੀਰਾਂ ਅਤੇ ਜਾਣਕਾਰੀ ਸ਼ੁੱਕਰਵਾਰ ਨੂੰ ਈਡੀ ਜਲੰਧਰ ਵੱਲੋਂ ਲੋਕਾਂ ਲਈ ਉਪਲਬਧ ਕਰਵਾਈ ਗਈ।

ਪੰਜਾਬ ਦੇ ਆਈਏਐਸ ਵਰੁਣ ਰੂਜ਼ਮ ਅਤੇ ਪਟਿਆਲਾ ਦੇ ਆਈਏਐਸ ਰਾਜੇਸ਼ ਧੀਮਾਨ ਦੇ ਘਰ ਤੋਂ ਇਲਾਵਾ ਈਡੀ ਨੇ ਭੁਪਿੰਦਰ ਸਿੰਘ ਦੇ 26 ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸੀਨੀਅਰ ਅਧਿਕਾਰੀਆਂ ਨੇ ਦੱਸਿਆ ਕਿ ਇਹ ਛਾਪੇਮਾਰੀ ਫ਼ਿਰੋਜ਼ਪੁਰ, ਮੁਹਾਲੀ, ਬਠਿੰਡਾ, ਬਰਨਾਲਾ, ਪਟਿਆਲਾ ਅਤੇ ਚੰਡੀਗੜ੍ਹ ਦੇ ਖੇਤਰਾਂ ਵਿੱਚ ਕੀਤੀ ਗਈ। ਤਲਾਸ਼ੀ ਦੌਰਾਨ ਘੁਟਾਲੇ ਨਾਲ ਸਬੰਧਤ ਸਬੂਤਾਂ ਤੋਂ ਇਲਾਵਾ ਜਾਇਦਾਦ ਸਬੰਧੀ ਦਸਤਾਵੇਜ਼, ਮੋਬਾਈਲ ਫੋਨ ਅਤੇ 3.89 ਕਰੋੜ ਰੁਪਏ ਬਰਾਮਦ ਕੀਤੇ ਗਏ ਹਨ।

ਟੀਮ ਨੂੰ ਮੌਜੂਦਾ ਆਬਕਾਰੀ ਕਮਿਸ਼ਨਰ ਵਰੁਣ ਰੂਜ਼ਮ ਦੇ ਘਰ ਦੇ ਪਿੱਛੇ ਇੱਕ ਪਾਰਕ ਵਿੱਚ ਕੁਝ ਫਟੇ ਹੋਏ ਦਸਤਾਵੇਜ਼ ਵੀ ਮਿਲੇ। ਇਨ੍ਹਾਂ ਦਸਤਾਵੇਜ਼ਾਂ ਵਿੱਚ ਅਮਰੂਦ ਦੇ ਬਾਗ ਘੁਟਾਲੇ ਦਾ ਜ਼ਿਕਰ ਹੈ। ਈਡੀ ਨੂੰ ਸ਼ੱਕ ਹੈ ਕਿ ਖੁਦ ਨੂੰ ਬਚਾਉਣ ਲਈ ਉਨ੍ਹਾਂ ਨੂੰ ਪਾੜ ਕੇ ਸੁੱਟ ਦਿੱਤਾ ਗਿਆ ਸੀ।

IAS ਦੀ ਪਤਨੀ ‘ਤੇ ਲਗਾਏ ਗਏ ਇਲਜ਼ਾਮ

ਇਸ ਦੇ ਨਾਲ ਹੀ ਵਰੁਣ ਦੀ ਪਤਨੀ ‘ਤੇ ਵੀ ਧੋਖਾਧੜੀ ਨਾਲ ਕਰੋੜਾਂ ਰੁਪਏ ਦਾ ਮੁਆਵਜ਼ਾ ਹਾਸਲ ਕਰਨ ਦਾ ਦੋਸ਼ ਹੈ। ਇਸ ਤੋਂ ਇਲਾਵਾ ਫ਼ਿਰੋਜ਼ਪੁਰ ਦੇ ਡੀਸੀ ਰਾਜੇਸ਼ ਧੀਮਾਨ ਦੀ ਪਤਨੀ ਵੀ ਇਸ ਮਾਮਲੇ ਵਿੱਚ ਮੁਲਜ਼ਮ ਹੈ। ਇਸ ਦੇ ਨਾਲ ਹੀ ਈਡੀ ਦੀ ਟੀਮ ਕਾਰੋਬਾਰੀਆਂ, ਪ੍ਰਾਪਰਟੀ ਡੀਲਰਾਂ ਅਤੇ ਹੋਰ ਲੋਕਾਂ ਦੇ ਘਰ ਪਹੁੰਚੀ ਹੈ। ਈਡੀ ਲੰਬੇ ਸਮੇਂ ਤੋਂ ਇਸ ਮਾਮਲੇ ਦੀ ਜਾਂਚ ਕਰ ਰਹੀ ਸੀ। ਇਸ ਤਹਿਤ ਗਮਾਡਾ ਤੋਂ ਸਾਰਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਲਿਆ ਗਿਆ ਹੈ। ਇਸ ਤੋਂ ਇਲਾਵਾ ਇਹ ਟੀਮਾਂ ਪਟਿਆਲਾ ਸਥਿਤ ਆਈਏਐਸ ਅਧਿਕਾਰੀ ਰਾਜੇਸ਼ ਧੀਮਾਨ ਦੇ ਸੀਏ ਦੇ ਘਰ ਪਹੁੰਚੀਆਂ।

Share This Article
Leave a Comment