850 ਕਰੋੜ ਦਾ ਫਾਲਕਨ ਘੋਟਾਲੇ! ED ਨੇ ਜੈੱਟ ਜਬਤ ਕਰਕੇ ਸ਼ੁਰੂ ਕੀਤੀ ਪੁੱਛਗਿੱਛ!

Global Team
3 Min Read

ਹੈਦਰਾਬਾਦ: ED ਨੇ ਹੈਦਰਾਬਾਦ ਦੇ ਰਾਜੀਵ ਗਾਂਧੀ ਅੰਤਰਰਾਸ਼ਟਰੀ ਹਵਾਈ ਅੱਡੇ ‘ਤੇ 800A ਮਾਡਲ ਦਾ ਇੱਕ ਪ੍ਰਾਈਵੇਟ ਜੈੱਟ ਜਬਤ ਕੀਤਾ ਹੈ। ਇਹ ਜੈੱਟ ਫਾਲਕਨ ਘੋਟਾਲੇ ਨਾਲ ਸਬੰਧਤ ਦੱਸਿਆ ਜਾ ਰਿਹਾ ਹੈ, ਜੋ 850 ਕਰੋੜ ਰੁਪਏ ਦਾ ਵੱਡਾ ਆਰਥਿਕ ਧੋਖਾਧੜੀ ਮਾਮਲਾ ਹੈ।

ED ਦੇ ਦਾਅਵੇ ਮੁਤਾਬਕ, ਇਹ ਜੈੱਟ ਘੋਟਾਲੇ ਦੇ ਮੁੱਖ ਦੋਸ਼ੀ, ਅਮਰਦੀਪ ਕੁਮਾਰ ਦੀ ਮਲਕੀਅਤ ਹੈ, ਜਿਸ ਨੇ 22 ਜਨਵਰੀ ਨੂੰ ਇਸੇ ਜੈੱਟ ਰਾਹੀਂ ਦੁਬਈ ਭੱਜਣ ਦੀ ਕੋਸ਼ਿਸ਼ ਕੀਤੀ ਸੀ।

ਇਸ ਜੈੱਟ ਦੀ 2024 ‘ਚ “ਪ੍ਰੈਸਟੀਜ ਜੈੱਟਸ ਇੰਕ.” ਰਾਹੀਂ 1.6 ਮਿਲੀਅਨ ਡਾਲਰ (ਲਗਭਗ 14 ਕਰੋੜ) ਦੀ ਲਾਗਤ ਨਾਲ ਖਰੀਦ ਹੋਈ ਸੀ। ED ਦੇ ਮੁਤਾਬਕ, ਇਹ ਜੈੱਟ “ਫਾਲਕਨ ਗਰੁੱਪ” ਦੀ ਪੋਂਜ਼ੀ ਸਕੀਮ ਰਾਹੀਂ ਖਰੀਦਾ ਗਿਆ, ਜਿਸ ਵਿੱਚ ਨਿਵੇਸ਼ਕਾਂ ਨੂੰ ਲੁਟਿਆ ਗਿਆ ਅਤੇ ਉਹਨਾਂ ਦੇ ਪੈਸਿਆਂ ਦੀ ਵਰਤੋਂ ਜੈੱਟ ਦੀ ਖਰੀਦ ਲਈ ਕੀਤੀ ਗਈ।

ED ਨੇ ਜੈੱਟ ਨੂੰ ਸ਼ਮਸ਼ਾਬਾਦ ਪਹੁੰਚਦੇ ਹੀ ਜਬਤ ਕਰ ਲਿਆ। ਜੈੱਟ ਦੇ ਕਰਿਊ-ਮੈਂਬਰਜ਼ (ਅੰਤਰਰਾਸ਼ਟਰੀ ਸਟਾਫ਼) ਨਾਲ ਪੁੱਛਗਿੱਛ ਕੀਤੀ ਗਈ ਅਤੇ ਅਮਰਦੀਪ ਦੇ ਇਕ ਕਰੀਬੀ ਸਹਿਯੋਗੀ ਦਾ ਬਿਆਨ ਦਰਜ ਕੀਤਾ ਗਿਆ।

ਕੀ ਹੈ ਫਾਲਕਨ ਘੋਟਾਲਾ?

“ਫਾਲਕਨ ਗਰੁੱਪ” ਨੇ 1,700 ਕਰੋੜ ਰੁਪਏ ਨਿਵੇਸ਼ਕਾਂ ਤੋਂ ਇਕੱਠੇ ਕੀਤੇ, ਜਿਸ ਵਿੱਚ ਉੱਚ ਰਿਟਰਨ ਦੇ ਨਕਲੀ ਵਾਅਦੇ ਕਰਕੇ ਇੱਕ “ਫਰਜ਼ੀ ਇਨਵੌਇਸ ਡਿਸਕਾਉਂਟਿੰਗ ਯੋਜਨਾ” ਚਲਾਈ ਗਈ। 850 ਕਰੋੜ ਰੁਪਏ ਵਾਪਸ ਕਰ ਦਿੱਤੇ ਗਏ, ਪਰ 6,979 ਨਿਵੇਸ਼ਕਾਂ ਨੂੰ ਉਨ੍ਹਾਂ ਦੇ ਪੈਸੇ ਨਹੀਂ ਮਿਲੇ। ਕੰਪਨੀ ਦੇ ਮੁੱਖ ਅਧਿਕਾਰੀ, ਚੇਅਰਮੈਨ ਅਤੇ MD ਅਮਰਦੀਪ ਕੁਮਾਰ ਹੁਣ ਵੀ ਫਰਾਰ ਹਨ। 15 ਫਰਵਰੀ ਨੂੰ, ਪੁਲਿਸ ਨੇ “ਫਾਲਕਨ ਕੈਪਿਟਲ ਵੈਂਚਰਜ਼” ਦੇ ਵਾਈਸ ਪ੍ਰੈਸੀਡੈਂਟ ਪਵਨ ਕੁਮਾਰ ਓਡੇਲਾ ਅਤੇ ਡਾਇਰੈਕਟਰ ਕਾਵਿਆ ਨੱਲੂਰੀ ਨੂੰ ਗ੍ਰਿਫ਼ਤਾਰ ਕੀਤਾ।

ਇਹ ਧੋਖਾਧੜੀ ਕਿਵੇਂ ਹੋਈ?

ਮੁਲਜ਼ਮਾਂ ਨੇ ਆਪਣੇ ਮਕਸਦ ਨੂੰ ਪੂਰਾ ਕਰਨ ਲਈ ਮੋਬਾਈਲ ਐਪ ਅਤੇ ਵੈਬਸਾਈਟ ਤਿਆਰ ਕੀਤੀ, ਪਰ ਅਸਲ ਵਿੱਚ ਇਹ “ਫਰਜ਼ੀ ਵੈਂਡਰ” ਅਤੇ “ਨਕਲੀ ਵਪਾਰ” ਰਾਹੀਂ ਨਿਵੇਸ਼ਕਾਂ ਨੂੰ ਠੱਗ ਰਹੇ ਸਨ। ਪੁਲਿਸ ਨੇ ਹੁਣ ਤੱਕ 19 ਲੋਕਾਂ ‘ਤੇ ਕੇਸ ਦਰਜ ਕੀਤਾ ਹੈ, ਜਿਸ ਵਿੱਚੋਂ 2 ਗ੍ਰਿਫ਼ਤਾਰ ਹੋ ਚੁੱਕੇ ਹਨ, ਬਾਕੀਆਂ ਦੀ ਭਾਲ ਜਾਰੀ ਹੈ।

ਇਹ ਪੋਂਜ਼ੀ ਸਕੀਮ 2021 ਤੋਂ ਚੱਲ ਰਹੀ ਸੀ, ਜਿਸ ‘ਚ ਨਵੇਂ ਨਿਵੇਸ਼ਕਾਂ ਤੋਂ ਆਏ ਪੈਸੇ ਪੁਰਾਣੇ ਨਿਵੇਸ਼ਕਾਂ ਨੂੰ ਵਾਪਸ ਕੀਤੇ ਜਾਂਦੇ ਰਹੇ। ਜਨਵਰੀ 2024 ਵਿੱਚ ਭੁਗਤਾਨ ਪੂਰੀ ਤਰ੍ਹਾਂ ਬੰਦ ਹੋ ਗਿਆ, ਜਿਸ ਕਾਰਨ ਨਿਵੇਸ਼ਕਾਂ ਨੇ ਸ਼ਿਕਾਇਤ ਦਰਜ ਕਰਵਾਈ। ਇਸ ਮਾਮਲੇ ਦੇ ਖੁਲਾਸੇ ਤੋਂ ਬਾਅਦ ED ਅਤੇ ਪੁਲਿਸ ਵੱਲੋਂ ਧੋਖਾਧੜੀ ਦੇ ਹੋਰ ਪੱਖਾਂ ਦੀ ਜਾਂਚ ਕੀਤੀ ਜਾ ਰਹੀ ਹੈ।

Share This Article
Leave a Comment