ਹਰਿਆਣਾ : ਲਾਲ ਕਿਲ੍ਹੇ ਨੇੜੇ ਕਾਰ ਧਮਾਕੇ ਦੇ ਮਾਮਲੇ ਦੀ ਜਾਂਚ ‘ਚ ਏਜੰਸੀਆਂ ਲਗਾਤਾਰ ਜੁਟੀਆਂ ਹੋਈਆਂ ਹਨ। ਅੱਜ ਮੰਗਲਵਾਰ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈਡੀ) ਨੇ ਫਰੀਦਾਬਾਦ ਦੀ ਅਲ-ਫਲਾਹ ਯੂਨੀਵਰਸਿਟੀ ‘ਤੇ ਛਾਪਾ ਮਾਰਿਆ। ਈਡੀ ਨੇ ਮੰਗਲਵਾਰ ਸਵੇਰੇ 5 ਵਜੇ ਯੂਨੀਵਰਸਿਟੀ ਦੇ ਟਰੱਸਟੀਆਂ ਅਤੇ ਸੰਬੰਧਿਤ ਵਿਅਕਤੀਆਂ ਦੇ 25 ਸਥਾਨਾਂ ‘ਤੇ ਤਲਾਸ਼ੀ ਲੈਣੀ ਸ਼ੁਰੂ ਕਰ ਦਿੱਤੀ ਸੀ। ਟੀਮ ਨੇ ਯੂਨੀਵਰਸਿਟੀ ਦੇ ਪ੍ਰਬੰਧਕੀ ਬਲਾਕ ਨੂੰ ਸੀਲ ਕਰ ਦਿੱਤਾ। ਇਸ ਦੌਰਾਨ ਹਰਿਆਣਾ ਦੇ ਕਾਰਜਕਾਰੀ ਡੀਜੀਪੀ ਓਪੀ ਸਿੰਘ ਵੀ ਸਵੇਰੇ ਯੂਨੀਵਰਸਿਟੀ ਪਹੁੰਚੇ। ਹਾਲਾਂਕਿ, ਉਹ ਕੁਝ ਦੇਰ ਰੁਕਣ ਤੋਂ ਬਾਅਦ ਵਾਪਿਸ ਚਲੇ ਗਏ।
ਦਿੱਲੀ 10 ਨਵੰਬਰ ਨੂੰ ਹੋਏ ਬੰਬ ਧਮਾਕਿਆਂ ਨੂੰ ਲੈ ਕੇ ਅਲ ਫਲਾਹ ਯੂਨੀਵਰਸਿਟੀ ਲਗਾਤਾਰ ਜਾਂਚ ਦੇ ਘੇਰੇ ਵਿੱਚ ਹੈ। ਇਹ ਇਸ ਲਈ ਹੈ ਕਿਉਂਕਿ ਇਨ੍ਹਾਂ ਧਮਾਕਿਆਂ ਚ ਸ਼ਾਮਿਲ ਮੁੱਖ ਆਰੋਪੀ ਇਸੇ ਯੂਨੀਵਰਸਿਟੀ ਤੋਂ ਹੈ। ਦਿੱਲੀ ਅੱਤਵਾਦੀ ਧਮਾਕੇ ਵਿੱਚ ਹੁਣ ਤੱਕ 15 ਲੋਕਾਂ ਦੀ ਮੌਤ ਹੋ ਚੁੱਕੀ ਹੈ। ਇਸੇ ਸਬੰਧ ਵਿੱਚ ਕੇਂਦਰੀ ਜਾਂਚ ਏਜੰਸੀ ਈਡੀ ਨੇ ਅਲ ਫਲਾਹ ਟਰੱਸਟ ‘ਤੇ ਸ਼ਿਕੰਜਾ ਕੱਸਣ ਲਈ ਦਿੱਲੀ-ਫਰੀਦਾਬਾਦ ਸਮੇਤ ਕਈ ਥਾਵਾਂ ‘ਤੇ ਛਾਪੇਮਾਰੀ ਤੇਜ਼ ਕਰ ਦਿੱਤੀ ਹੈ।
ਦੱਸ ਦਈਏ ਧਮਾਕੇ ਤੋਂ ਪਹਿਲਾਂ ਆਤਮਘਾਤੀ ਹਮਲਾਵਰ ਡਾਕਟਰ ਉਮਰ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ, “ਲੋਕ ਆਤਮਘਾਤੀ ਹਮਲਿਆਂ ਨੂੰ ਸਹੀ ਢੰਗ ਨਾਲ ਨਹੀਂ ਸਮਝਦੇ। ਇਹ ਹਮਲੇ ਲੋਕਤੰਤਰ ਦੇ ਵਿਰੁੱਧ ਹਨ ਅਤੇ ਕਿਸੇ ਵੀ ਚੰਗੇ ਸਮਾਜ ਵਿੱਚ ਇਨ੍ਹਾਂ ਨੂੰ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ। ਆਤਮਘਾਤੀ ਹਮਲਿਆਂ ਦੀ ਸਭ ਤੋਂ ਵੱਡੀ ਸਮੱਸਿਆ ਇਹ ਹੈ ਕਿ ਹਮਲਾਵਰ ਮੰਨਦਾ ਹੈ ਕਿ ਉਸਦੀ ਮੌਤ ਨਿਸ਼ਚਿਤ ਹੈ। ਨਾਲ ਹੀ ਉਹ ਮੰਨਦਾ ਹੈ ਕਿ ਮੌਤ ਉਸਦੀ ਆਖਰੀ ਮੰਜ਼ਿਲ ਹੈ। ਇਹ ਸੋਚ ਗਲਤ ਹੈ। ਇਹ ਜ਼ਿੰਦਗੀ, ਸਮਾਜ ਅਤੇ ਕਾਨੂੰਨ ਦੇ ਵਿਰੁੱਧ ਹੈ।”
ਇਸਤੋਂ ਇਲਾਵਾ ਅਲ-ਫਲਾਹ ਟਰੱਸਟ ਅਤੇ ਇਸ ਨਾਲ ਸਬੰਧਤ ਸੰਗਠਨਾਂ ਦੀ ਵੀ ਜਾਂਚ ਜਾਰੀ ਹੈ। ਵਿੱਤ ਅਤੇ ਪ੍ਰਸ਼ਾਸਨ ਸੰਭਾਲਣ ਵਾਲੇ ਜ਼ਿੰਮੇਵਾਰ ਮੁੱਖ ਵਿਅਕਤੀਆਂ ‘ਤੇ ਵੀ ਕਾਰਵਾਈ ਕੀਤੀ ਜਾ ਰਹੀ ਹੈ। ਟਰੱਸਟ ਨਾਲ ਜੁੜੀਆਂ ਨੌਂ ਸ਼ੈੱਲ ਕੰਪਨੀਆਂ, ਜੋ ਇੱਕੋ ਪਤੇ ‘ਤੇ ਰਜਿਸਟਰਡ ਹਨ, ਦੀ ਜਾਂਚ ਕੀਤੀ ਜਾ ਰਹੀ ਹੈ। ਡਾਇਰੈਕਟਰ ਅਤੇ ਦਸਤਖਤ ਕਰਨ ਵਾਲੇ ਕਈ ਥਾਵਾਂ ‘ਤੇ ਇੱਕੋ ਵਿਅਕਤੀ ਪਾਏ ਗਏ ਹਨ, ਅਤੇ ਕੇਵਾਈਸੀ ਵਿੱਚ ਵੱਡੀਆਂ ਖਾਮੀਆਂ ਹਨ।

