ED ਦੀ ਵੱਡੀ ਕਾਰਵਾਈ! I-PAC ਦੇ ਡਾਇਰੈਕਟਰ ਵਿਨੇਸ਼ ਚੰਦੇਲ ਗ੍ਰਿਫ਼ਤਾਰ; ਪੜ੍ਹੋ ਕੀ ਹੈ ਮਾਮਲਾ

Global Team
3 Min Read

ਕੋਲਕਾਤਾ : ਰਾਜਨੀਤਿਕ ਪਾਰਟੀਆਂ ਨੂੰ ਸਲਾਹ ਦੇਣ ਵਾਲੀ ਫਰਮ ਆਈ-ਪੈਕ (I-PAC) ਦੇ ਨਿਰਦੇਸ਼ਕ ਅਤੇ ਸਹਿ-ਸੰਸਥਾਪਕ ਵਿਨੇਸ਼ ਚੰਦੇਲ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ ਨੇ ਗ੍ਰਿਫਤਾਰ ਕਰ ਲਿਆ ਹੈ। ਏਜੰਸੀ ਵੱਲੋਂ ਦੱਸਿਆ ਗਿਆ ਹੈ ਕਿ ਪੱਛਮੀ ਬੰਗਾਲ ਵਿੱਚ ਕਥਿਤ ਕੋਲਾ ਘੁਟਾਲੇ ਨਾਲ ਜੁੜੇ ਮਨੀ ਲਾਂਡਰਿੰਗ ਮਾਮਲੇ ਵਿੱਚ ਇਹ ਗ੍ਰਿਫਤਾਰੀ ਕੀਤੀ ਗਈ ਹੈ।

ਦੱਸ ਦਈਏ ਕਿ ਈਡੀ ਦੀ ਇਹ ਕਾਰਵਾਈ ਪੱਛਮੀ ਬੰਗਾਲ ਵਿੱਚ 23 ਅਤੇ 29 ਅਪ੍ਰੈਲ ਨੂੰ ਹੋਣ ਵਾਲੀਆਂ ਦੋ ਪੜਾਵਾਂ ਵਾਲੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੋਈ ਹੈ। ਰਾਜਨੀਤਿਕ ਸਲਾਹਕਾਰ ਫਰਮ ਆਈ-ਪੀਏਸੀ ਮੁੱਖ ਮੰਤਰੀ ਮਮਤਾ ਬੈਨਰਜੀ ਦੀ ਪਾਰਟੀ ਤ੍ਰਿਣਮੂਲ ਕਾਂਗਰਸ (ਟੀਐਮਸੀ) ਲਈ ਚੋਣ ਰਣਨੀਤੀ ਤਿਆਰ ਕਰਦੀ ਹੈ।

ਦੂਜੇ ਪਾਸੇ ਪਾਰਟੀ ਦੇ ਰਾਸ਼ਟਰੀ ਜਨਰਲ ਸਕੱਤਰ ਅਭਿਸ਼ੇਕ ਬੈਨਰਜੀ ਨੇ ਸੋਸ਼ਲ ਮੀਡੀਆ ‘ਤੇ ਕਿਹਾ ਕਿ ਚੋਣਾਂ ਤੋਂ 10 ਦਿਨ ਪਹਿਲਾਂ ਹੋਈ ਇਹ ਕਾਰਵਾਈ ਨਿਰਪੱਖ ਚੋਣਾਂ ‘ਤੇ ਸਵਾਲ ਖੜ੍ਹੇ ਕਰਦੀ ਹੈ। ਉਨ੍ਹਾਂ ਦੋਸ਼ ਲਗਾਇਆ ਕਿ ਚੋਣ ਕਮਿਸ਼ਨ ਅਤੇ ਈਡੀ, ਐਨਆਈਏ ਅਤੇ ਸੀਬੀਆਈ ਵਰਗੀਆਂ ਏਜੰਸੀਆਂ ਦੀਆਂ ਕਾਰਵਾਈਆਂ ਇੱਕ ਸੰਵੇਦਨਸ਼ੀਲ ਚੋਣ ਸਮੇਂ ਦੌਰਾਨ ਡਰ ਦਾ ਮਾਹੌਲ ਪੈਦਾ ਕਰਦੀਆਂ ਹਨ, ਨਿਰਪੱਖਤਾ ਦਾ ਨਹੀਂ।

ਨਾਲ ਹੀ ਬੈਨਰਜੀ ਨੇ ਕਿਹਾ, “ਅਮਿਤ ਸ਼ਾਹ ਅਤੇ ਭਾਜਪਾ, ਗਿਆਨੇਸ਼ ਕੁਮਾਰ ਅਤੇ ਉਨ੍ਹਾਂ ਦੀਆਂ ਸਾਰੀਆਂ ਏਜੰਸੀਆਂ ਨਾਲ ਨੂੰ 4-5 ਮਈ ਨੂੰ ਬੰਗਾਲ ਆਉਣਾ ਚਾਹੀਦਾ ਹੈ। ਬੰਗਾਲ ਨਾ ਤਾਂ ਡਰਾਇਆ ਜਾਵੇਗਾ, ਨਾ ਚੁੱਪ ਰਹੇਗਾ ਅਤੇ ਨਾ ਹੀ ਝੁਕੇਗਾ। ਇੱਥੇ ਦਬਾਅ ਦਾ ਸਾਹਮਣਾ ਵਿਰੋਧ ਨਾਲ ਕੀਤਾ ਜਾਂਦਾ ਹੈ।”

ED ਨੇ ਚੰਦੇਲ ਨੂੰ ਮਨੀ ਲਾਂਡਰਿੰਗ ਰੋਕਥਾਮ ਕਾਨੂੰਨ (ਪੀਐਮਐਲਏ) ਦੇ ਤਹਿਤ ਦਿੱਲੀ ਤੋਂ ਹਿਰਾਸਤ ਵਿੱਚ ਲਿਆ। ਇਸ ਤੋਂ ਪਹਿਲਾ ਈਡੀ ਨੇ 2 ਅਪ੍ਰੈਲ ਨੂੰ ਦਿੱਲੀ ਵਿੱਚ ਉਸਦੀ ਜਾਇਦਾਦ ‘ਤੇ ਵੀ ਛਾਪਾ ਮਾਰਿਆ ਸੀ। ਇਸ ਤੋਂ ਇਲਾਵਾ ਬੰਗਲੌਰ ਵਿੱਚ ਇੱਕ ਹੋਰ ਆਈ-ਪੀਏਸੀ ਸਹਿ-ਸੰਸਥਾਪਕ ਰਿਸ਼ੀ ਰਾਜ ਸਿੰਘ ਅਤੇ ਮੁੰਬਈ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਸਾਬਕਾ ਸੰਚਾਰ ਇੰਚਾਰਜ ਵਿਜੇ ਨਾਇਰ ਦੀਆਂ ਜਾਇਦਾਦਾਂ ‘ਤੇ ਵੀ ਛਾਪਾ ਮਾਰਿਆ ਸੀ।

ਕੇਂਦਰੀ ਜਾਂਚ ਏਜੰਸੀ ਨੇ 8 ਜਨਵਰੀ ਨੂੰ ਇਸ ਮਾਮਲੇ ਦੇ ਸਬੰਧ ਵਿੱਚ ਆਈ-ਪੈਕ (I-PAC) ਦੇ ਦਫ਼ਤਰ ਅਤੇ ਇਸਦੇ ਸੰਸਥਾਪਕ ਤੇ ਨਿਰਦੇਸ਼ਕਾਂ ਵਿੱਚੋਂ ਇੱਕ ਪ੍ਰਤੀਕ ਜੈਨ ਦੀ ਕੋਲਕਾਤਾ ਸਥਿਤ ਰਿਹਾਇਸ਼ ‘ਤੇ ਛਾਪੇਮਾਰੀ ਕੀਤੀ ਸੀ। ਇਸ ਛਾਪੇਮਾਰੀ ਤੋਂ ਬਾਅਦ ਉਸ ਸਮੇਂ ਵਿਵਾਦ ਖੜ੍ਹਾ ਹੋ ਗਿਆ ਜਦੋਂ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬਨਰਜੀ ਰਾਜ ਸਰਕਾਰ ਦੇ ਅਧਿਕਾਰੀਆਂ ਨਾਲ ਉਕਤ ਸਥਾਨਾਂ ‘ਤੇ ਪੁੱਜੀ । ਇਸ ਤੋਂ ਬਾਅਦ ਇਹ ਮਾਮਲਾ ਅਦਾਲਤ ਵਿੱਚ ਵੀ ਪਹੁੰਚਿਆ ਸੀ, ਜਿੱਥੇ ਅਦਾਲਤ ਨੇ ਮਮਤਾ ਬਨਰਜੀ ਨੂੰ ਫਟਕਾਰ ਵੀ ਲਗਾਈ ਸੀ।

Share This Article
Leave a Comment