ਤੰਦਰੁਸਤ ਜੀਵਨ ਲਈ ਖੁੰਬਾਂ ਖਾਓ

TeamGlobalPunjab
8 Min Read

-ਸੋਨਿਕਾ ਸ਼ਰਮਾ

ਐਫ-ਏ-ਓ ਖੁੰਬਾਂ ਨੂੰ ਭਾਰਤ ਵਰਗੇ ਅਨਾਜ ਅਧਾਰਤ ਵਿਕਾਸਸ਼ੀਲ ਦੇਸ਼ਾਂ ਲਈ ਇੱਕ ਪ੍ਰੋਟੀਨ ਭਰਪੂਰ ਉਚਿਤ ਭੋਜਨ ਮੰਨਦਾ ਹੈ। ਇਹ ਇੱਕ ਘੱਟ ਕੈਲੋਰੀ (20-25 ਕਿਲੋ ਕੈਲੋਰੀ/100 ਗ੍ਰਾਮ) ਭੋਜਨ ਹੋਣ ਕਰਕੇ ਮੋਟਾਪੇ ਵਾਲੇ ਵਿਅਕਤੀਆਂ ਲਈ ਅਨੁਕੂਲ ਮੰਨਿਆ ਜਾਂਦਾ ਹੈ। ਵਸਾ (ਫੈਟ) ਅਤੇ ਕੋਲੈਸਟਰੋਲ ਦੀ ਮਾਤਰਾ ਘਟ ਹੋਣ ਕਰਕੇ ਇਸ ਨੂੰ ਦਿਲ ਦੇ ਮਰੀਜਾਂ ਲਈ ਲਾਹੇਵੰਦ ਮੰਨਿਆ ਜਾਂਦਾ ਹੈ । ਚੰਗੀ ਪ੍ਰੋਟੀਨ, ਘੱਟ ਕੈਲੋਰੀ, ਸ਼ੱਕਰ ਅਤੇ ਸਟਾਰਚ ਦੀ ਮਾਤਰਾ ਘੱਟ ਹੋਣ ਕਾਰਨ ਇਹ ਸ਼ੂਗਰ ਦੇ ਰੋਗੀਆਂ ਲਈ ਵੀ ਉਚਿਤ ਹੈ।

ਖੁੰਬਾਂ ਸਰੀਰ ਦੀ ਰੋਗਾਂ ਨਾਲ ਲੜਨ ਦੀ ਸ਼ਕਤੀ ਨੂੰ ਵਧਾਉਣ ਦੇ ਨਾਲ-ਨਾਲ ਕੈਂਸਰ ਦੇ ਸੰਭਾਵਤ ਰੂਪ ਨਾਲ ਲੜਨ ਦੇ ਵੀ ਸਮਰੱਥ ਹਨ। ਉਪਰੋਕਤ ਤੱਤਾਂ ਦਾ ਸ਼ਾਨਦਾਰ ਸਰੋਤ ਹੋਣ ਤੋਂ ਇਲਾਵਾ ਇਹ ਐਂਟੀਅੋਕਸੀਡੈਂਟ ਜਿਵੇਂ ਕਿ ਪੌਲੀਫਿਨੌਲ ਅਤੇ ਸੇਲੇਨੀਅਮ ਦਾ ਵੀ ਚੰਗਾ ਸਰੋਤ ਹਨ। ਇਸੇ ਤਰ੍ਹਾਂ ਐਰਗੋਸਟੀਰੋਲ, ਜਿਸਨੂੰ ਮਾਸਟਰ ਐਂਟੀਅੋਕਸੀਡੈਂਟ ਕਿਹਾ ਜਾਣ ਲੱਗਾ ਹੈ, ਉਹ ਵੀ ਖੁੰਬਾਂ ਵਿੱਚ ਚੰਗੀ ਮਾਤਰਾ ਵਿੱਚ ਮੌਜੂਦ ਹੁੰਦਾ ਹੈ ਜੋ ਕਿ ਮਨੁੱਖੀ ਸਰੀਰ ਅੰਦਰ ਵਿਟਾਮਿਨ ਡੀ ਵਿੱਚ ਤਬਦੀਲ ਹੋ ਜਾਂਦਾ ਹੈ। ਇਸ ਵਿੱਚ ਮੌਜੂਦ ਪੋਟਾਸ਼ੀਅਮ ਅਤੇ ਸੋਡੀਅਮ ਦਾ ਠੀਕ ਅਨੁਪਾਤ ਇਸਨੂੰ ਬਲੱਡ ਪ੍ਰੈਸ਼ਰ ਦੇ ਮਰੀਜਾਂ ਲਈ ਫਾਇਦੇਮੰਦ ਬਣਾਉਂਦਾ ਹੈ। ਇਹ ਸ਼ਾਕਾਹਾਰੀ ਇਨਸਾਨਾਂ ਲਈ ਪ੍ਰੋਟੀਨ ਅਤੇ ਵਿਟਾਮਿਨ ਡੀ ਦਾ ਉਤਮ ਸੋਮਾ ਹੈ ਜਿਹੜਾ ਕਿ ਐਰਗੋਸਟੀਰੋਲ ਦੇ ਰੂਪ ਵਿੱਚ ਪਾਇਆ ਜਾਂਦਾ ਹੈ। ਖੁੰਬਾਂ ਵਿੱਚ ਇੱਕ ਅੰਦਰੂਨੀ ਸ਼ਕਤੀ ਹੈ ਜੋ ਸੂਰਜ ਦੀਆਂ ਕਿਰਨਾਂ ਦੁਆਰਾ ਐਰਗੋਸਟੀਰੋਲ ਨੂੰ ਵਿਟਾਮਿਨ ਡੀ ਦੇ ਕਿਰਿਆਸ਼ੀਲ ਪਾਚਕ ਰੂਪ ਵਿੱਚ ਬਦਲਦੀ ਹੈ । ਯਾਦ ਰੱਖੋ ਕਿ ਖੁੰਬਾਂ ਇੱਕੋ ਇੱਕ ਸ਼ਾਕਹਾਰੀ ਭੋਜਨ ਹੈ ਜਿਸ ਵਿੱਚ ਵਿਟਾਮਿਨ ਡੀ ਹੁੰਦਾ ਹੈ ਅਤੇ ਇਸਦੇ ਕਈ ਹੈਰਾਨੀਜਨਕ ਫਾਇਦੇ ਹਨ।

ਖੁੰਭਾਂ ਪੌਸ਼ਟਿਕ ਤੱਤਾਂ ਦਾ ਉਤਮ ਸਰੋਤ ਹਨ। ਖੁੰਭਾਂ ਵਿੱਚ ਥਾਇਆਮੀਨ, ਰਾਇਬੋਫਲੇਵਿਨ, ਨਿਆਸੀਨ, ਵਿਟਾਮਿਨ ਡੀ, ਈ ਅਤੇ ਵਿਟਾਮਿਨ ਕੇ ਤੋਂ ਇਲਾਵਾ ਫਾਸਫੋਲਿਪੀਡਜ਼, ਗਲਾਈਕੋਲੀਪੀਡਜ਼ ਅਤੇ ਗਲਾਈਕੋਜਨ, ਮੈਨੀਟੋਲ, ਸੋਰਬੀਟੋਲ ਵਰਗੇ ਖਣਿਜ ਵੀ ਪਾਏ ਜਾਂਦੇ ਹਨ। ਖੁੰਭਾਂ ਵਿੱਚ ਕਾਰਬੋਜ਼ ਦੀ ਮਾਤਰਾ (50 ਪ੍ਰਤੀਸ਼ਤ), ਪ੍ਰੋਟੀਨ (20-25 ਪ੍ਰਤੀਸ਼ਤ) ਅਤੇ ਵਸਾ (0.5-3.5 ਪ੍ਰਤੀਸ਼ਤ) ਪਾਈ ਜਾਂਦੀ ਹੈ। ਚਾਹੇ ਸਰਦੀਆਂ ਦੇ ਮੌਸਮ ਵਿੱਚ ਖੁੰਬਾਂ ਦਾ ਭਰਪੂਰ ਉਤਪਾਦਨ ਹੁੰਦਾ ਹੈ ਪਰ ਨਮੀ ਦੀ ਮਾਤਰਾ ਵਧੇਰੇ ਹੋਣ ਕਾਰਨ(85-95%) ਇਹ ਜਲਦੀ ਖਰਾਬ ਹੋ ਜਾਂਦੀਆਂ ਹਨ। ਇਸ ਲਈ ਇਹਨਾਂ ਦਾ ਵਪਾਰਿਕ ਪੱਧਰ ਤੇ ਮੁੱਲ ਵਧਾਉਣ ਦੀ ਜ਼ਰੂਰਤ ਹੈ। ਖੁੰਬਾਂ ਦੀ ਪ੍ਰੋਸੈਸਿੰਗ ਉਹਨਾਂ ਨੂੰ ਬਿਹਤਰ ਆਮਦਨੀ ਪੈਦਾ ਕਰਨ ਲਈ ਨਾ ਸਿਰਫ ਸਾਲ ਭਰ ਮੁਹਈਆ ਕਰਵਾਏਗੀ ਬਲਕਿ ਪੌਸ਼ਕ ਸੁਰੱਖਿਆ ਲਈ ਵਧੀਆ ਪੌਸ਼ਟਿਕ ਭੋਜਨ ਵੀ ਪ੍ਰਧਾਨ ਕਰੇਗੀ। ਖੁੰਬਾਂ ਨੂੰ ਸਿਹਤ ਸੰਬੰਧੀ ਲਾਭ ਕਰਕੇ ਜਾਣਿਆ ਜਾਂਦਾ ਹੈ ਅਤੇ ਇਸਦੀ ਦਵਾਈ ਵਜੋਂ ਵੀ ਵਰਤੋਂ ਕੀਤੀ ਗਈ ਹੈ। ਇਸ ਲਈ ਚੰਗੀ ਸਿਹਤ ਲਈ ਖੁੰਬਾਂ ਨੂੰ ਭੋਜਨ ਪਦਾਰਥਾਂ ਵਿੱਚ ਸ਼ਾਮਿਲ ਕਰਨਾ ਚਾਹੀਦਾ ਹੈ। ਇਹ ਸਲਾਦ, ਸੂਪ, ਪੀਜ਼ਾ ਟਾਪਿੰਗ ਵਿੱਚ ਸ਼ਾਮਿਲ ਕੀਤੇ ਜਾ ਸਕਦੇ ਹਨ ਅਤੇ ਅਚਾਰ ਅਤੇ ਸਬਜ਼ੀਆਂ ਵਿੱਚ ਵੀ ਵਰਤੇ ਜਾ ਸਕਦੇ ਹਨ।

ਖੁੰਬਾਂ ਦਾ ਅਚਾਰ

ਸਮੱਗਰੀ

ਖੁੰਬਾਂ ਕਿਲੋ

ਲਸਣ 50 ਗ੍ਰਾਮ

ਅਦਰਕ 50 ਗ੍ਰਾਮ

ਸਰੋਂ ਦਾ ਤੇਲ 50 ਮਿ.ਲੀ.

ਹਿੰਗ ਇੱਕ ਚੁਟਕੀ

ਲਾਲ ਮਿਰਚ ਪਾਊਡਰ 10 ਗ੍ਰਾਮ

ਰਾਈ ਦਾ ਪਾਊਡਰ 10 ਗ੍ਰਾਮ

ਨਮਕ 12.5 ਗ੍ਰਾਮ

ਸੋਗੀ 5 ਗ੍ਰਾਮ

ਮੇਥੀ ਦਾਣਾ 5 ਗ੍ਰਾਮ

ਤਿਲ 10 ਗ੍ਰਾਮ

ਵਿਧੀ:-

ਮੇਥੀ ਦਾਣੇ ਅਤੇ ਤਿਲਾਂ ਨੂੰ ਚੰਗੀ ਤਰ੍ਹਾਂ ਪੀਸ ਲਓ। ਚਾਰ ਤੋਂ ਪੰਜ ਕੱਪ ਪਾਣੀ ਵਿੱਚ 2 ਚਮਚ ਨਮਕ ਪਾ ਕੇ ਖੁੰਬਾਂ ਨੂੰ ਉਸ ਵਿੱਚ 5 ਮਿੰਟ ਲਈ ਉਬਾਲੋ ਅਤੇ ਸੂਤੀ ਕੱਪੜੇ ਤੇ ਵਿਛਾ ਕੇ 5-6 ਘੰਟੇ ਲਈ ਰੱਖੋ। ਤੇਲ ਗਰਮ ਕਰਕੇ ਅਦਰਕ ਅਤੇ ਲਸਣ ਨੂੰ ਚੰਗੀ ਤਰ੍ਹਾਂ ਭੁੰਨ ਲਓ। ਫਿਰ ਇਸ ਵਿੱਚ ਹਿੰਗ, ਪੀਸੇ ਹੋਏ ਤਿਲ, ਮੇਥੀ ਦਾਣੇ, ਲਾਲ ਮਿਰਚ ਪਾਊਡਰ, ਰਾਈ, ਨਮਕ ਪਾਓ ਅਤੇ ਮਸਾਲੇ ਵਿੱਚ ਖੁੰਬਾਂ ਨੂੰ ਮਿਲਾ ਦਿਓ। ਸਿਰਕੇ ਨੂੰ ਗਰਮ ਕਰਕੇ, ਗੁੜ ਨੂੰ ਚੰਗੀ ਤਰ੍ਹਾਂ ਘੋਲ ਲਓ। ਫਿਰ ਸਾਰੀ ਸਮੱਗਰੀ ਚੰਗੀ ਤਰ੍ਹਾਂ ਰਲਾ ਲਓ। ਚੰਗੀ ਤਰ੍ਹਾਂ ਸਾਫ ਅਤੇ ਸੁੱਕੇ ਕੱਚ ਦੇ ਬਰਤਨ ਵਿੱਚ ਪਾਓ ਅਤੇ 15-20 ਦਿਨ ਦੇ ਵਿੱਚ-ਵਿੱਚ ਇਸ ਦੀ ਵਰਤੋਂ ਕਰੋ ਕਿਉਂਕਿ ਖੁੰਬਾਂ ਵਿੱਚ ਨਮੀ ਜ਼ਿਆਦਾ ਹੋਣ ਕਰਕੇ ਅਚਾਰ ਛੇਤੀ ਖ਼ਰਾਬ ਹੁੰਦਾ ਹੈ।

ਸ਼ਾਹੀ ਮਸ਼ਰੂਮ

ਸਮੱਗਰੀ

ਖੁੰਬਾਂ 300 ਗ੍ਰਾਮ

ਨਮਕ ਸਵਾਦ ਅਨੁਸਾਰ

ਘਿਓ 5-10 ਗ੍ਰਾਮ

ਮੱਖਣ 2.5 ਗ੍ਰਾਮ

ਸ਼ਾਹੀ ਗਰਮ ਮਸਾਲੇ ਲਈ:

ਦਾਲ ਚੀਨੀ 1-2 ਪੀਸ

ਸ਼ਾਹੀ ਜੀਰਾ 5 ਗ੍ਰਾਮ

ਮਿਰਚ 10 ਗ੍ਰਾਮ

ਅਦਰਕ 50 ਗ੍ਰਾਮ

ਵੱਡੀ ਇਲਾਇਚੀ 1 ਪੀਸ

ਜਾਵਿਤਰੀ ਕੁਝ ਕੁ

ਧਨੀਆ ਬੀਜ 5 ਗ੍ਰਾਮ

ਲੌਂਗ 2-3

ਛੋਟੀ ਇਲਾਇਚੀ 3-4

ਜੈਫਲ ਕੁਝ-ਕੁ

ਗ੍ਰੇਵੀ ਲਈ:

ਘਿਓ 10 ਗ੍ਰਾਮ

ਤੇਜ ਪੱਤਾ 1

ਜੀਰਾ 5 ਗ੍ਰਾਮ

ਅਦਰਕ-ਲਸਣ ਪੇਸਟ 10 ਗ੍ਰਾਮ

ਪੀਸਿਆ ਪਿਆਜ਼ 20 ਗ੍ਰਾਮ

ਹਰੀ ਮਿਰਚ 3

ਹਲਦੀ ਪਾਊਡਰ 5 ਗ੍ਰਾਮ

ਜੀਰਾ ਪਾਊਡਰ 5 ਗ੍ਰਾਮ

ਧਨੀਆ ਪਾਊਡਰ 5 ਗ੍ਰਾਮ

ਲਾਲ ਮਿਰਚ ਪਾਊਡਰ 5 ਗ੍ਰਾਮ

ਨਮਕ ਸਵਾਦ ਅਨੁਸਾਰ

ਪੀਸਿਆ ਟਮਾਟਰ 250 ਗ੍ਰਾਮ

ਚੀਨੀ 1 ਚੁਟਕੀ

ਕਾਜੂ 8

ਕਰੀਮ 1 ਵੱਡਾ ਚਮਚ

ਨਿੰਬੂ

ਵਿਧੀ :

ਇੱਕ ਕੜਾਹੀ ਵਿੱਚ ਘਿਓ ਗਰਮ ਕਰਕੇ ਖੁੰਬਾਂ, ਨਮਕ ਅਤੇ ਮੱਖਣ ਪਾ ਦਿਓ। ਫਿਰ ਚੰਗੀ ਤਰ੍ਹਾਂ ਭੁੰਨ ਕੇ ਇੱਕ ਬਰਤਨ ਵਿੱਚ ਕੱਢ ਲਓ। ਗਰਮ ਮਸਾਲਾ ਤਿਆਰ ਕਰਨ ਲਈ ਮਸਾਲੇ ਸੁਕਾ ਕੇ ਪੀਸ ਲਓ। ਗ੍ਰੇਵੀ ਬਣਾਉਣ ਲਈ ਇੱਕ ਕੜਾਹੀ ਵਿੱਚ ਘਿਓ ਪਾ ਕੇ ਤੇਜ ਪੱਤਾ, ਜੀਰਾ, ਅਦਰਕ-ਲਸਣ ਪੇਸਟ ਅਤੇ ਪਿਆਜ, ਹਰੀ ਮਿਰਚ ਕੁੱਟ ਕੇ ਪਾ ਦਿਓ। ਫਿਰ ਇਸ ਵਿੱਚ ਸਾਰੇ ਮਸਾਲੇ ਅਤੇ ਨਮਕ, ਚੀਨੀ, ਟਮਾਟਰ ਪਾ ਦਿਓ ਅਤੇ ਥੋੜਾ ਪਾਣੀ ਪਾ ਕੇ ਚੰਗੀ ਤਰ੍ਹਾਂ ਪਕਾਓ। ਫਿਰ ਕਾਜੂ, ਗਰਮ ਮਸਾਲਾ, ਕਰੀਮ ਅਤੇ ਅੱਧਾ ਨਿੰਬੂ ਪਾਓ। ਭੁੰਨੀਆਂ ਹੋਈਆਂ ਖੁੰਬਾਂ ਨੂੰ ਇਸ ਵਿੱਚ ਪਾ ਕੇ ਚੰਗੀ ਤਰ੍ਹਾਂ ਮਿਲਾ ਲਉ ਅਤੇ ਥੋੜੀ ਦੇਰ ਪਕਾਓ।

ਮਸ਼ਰੂਮ ਟਿੱਕਾ

ਸਮੱਗਰੀ

ਖੁੰਬਾਂ 400 ਗ੍ਰਾਮ

ਕੱਦੂਕਸ ਕੀਤਾ ਅਦਰਕ 1 ਇੰਚ

ਦਹੀਂ 100 ਗ੍ਰਾਮ

ਨਮਕ ਸਵਾਦ ਅਨੁਸਾਰ

ਲਾਲ ਮਿਰਚ ਪਾਊਡਰ 5 ਗ੍ਰਾਮ

ਧਨੀਆ ਪਾਊਡਰ 5 ਗ੍ਰਾਮ

ਕੜ੍ਹੀ ਪੱਤਾ ਪਾਊਡਰ 5 ਗ੍ਰਾਮ

ਕਾਲੀ ਮਿਰਚ ਪਾਊਡਰ 5 ਗ੍ਰਾਮ

ਕਸੂਰੀ ਮੇਥੀ 2.5 ਗ੍ਰਾਮ

ਟਮਾਟਰ 50 ਗ੍ਰਾਮ

ਸ਼ਿਮਲਾ ਮਿਰਚ 150 ਗ੍ਰਾਮ

ਪਿਆਜ਼ 150 ਗ੍ਰਾਮ

ਵਿਧੀ:

ਖੁੰਬਾਂ ਨੂੰ ਚੰਗੀ ਤਰ੍ਹਾਂ ਧੋ ਕੇ ਸਾਫ਼ ਕਰਕੇ ਸੁਕਾ ਲਓ। ਟਮਾਟਰ, ਸ਼ਿਮਲਾ ਮਿਰਚ ਅਤੇ ਪਿਆਜ ਨੂੰ ਚੋਰਸ ਪੀਸ ਵਿੱਚ ਕੱਟ ਲਓ। ਉਪਰ ਦਿੱਤੀ ਬਾਕੀ ਸਾਰੀ ਸਮੱਗਰੀ ਨੂੰ ਇੱਕ ਕਟੋਰੀ ਵਿੱਚ ਪਾ ਲਓ। ਫਿਰ ਸਬਜ਼ੀਆਂ ਅਤੇ ਖੁੰਬਾਂ ਪਾ ਕੇ 1-2 ਘੰਟੇ ਲਈ ਫਰਿੱਜ ਵਿੱਚ ਰੱਖੋ। ਫਿਰ ਸਬਜ਼ੀਆਂ ਅਤੇ ਖੁੰਬਾਂ ਨੂੰ ਬਾਰੀ-ਬਾਰੀ ਇੱਕ ਸਲਾਈ ਵਿੱਚ ਪਾਓ ਅਤੇ ਬੇਕਿੰਗ ਟਰੇਅ ਵਿੱਚ ਰੱਖ ਕੇ 20 ਮਿੰਟ ਲਈ ਬੇਕ ਕਰੋ। ਬੇਕ ਕਰਨ ਤੋਂ ਬਾਅਦ ਇਸ ਉਪਰ ਥੋੜਾ ਨਿੰਬੂ ਨਿਚੋੜ ਦਿਓ ਅਤੇ ਗਰਮ-ਗਰਮ ਟਿੱਕਾ ਚਟਨੀ ਨਾਲ ਪਰੋਸੋ।

ਖੁੰਬਾਂ ਦਾ ਸੂਪ

ਸਮੱਗਰੀ

ਖੁੰਬਾਂ 200 ਗ੍ਰਾਮ

ਬਰੀਕ ਕੱਟਿਆ ਪਿਆਜ਼ 1/2

ਸੈਲਰੀ ਸਟਿਕਸ 2

ਅਜਵੈਣ 2.5 ਗ੍ਰਾਮ

ਘਿਓ /ਜੈਤੂਨ ਤੇਲ 5 ਗ੍ਰਾਮ

ਸਬਜ਼ੀਆਂ ਦਾ ਸਟੋਕ 500 ਮਿ.ਲੀ.

ਸੁੱਕਾ ਦੁੱਧ 200 ਗ੍ਰਾਮ

ਨਮਕ ਸਵਾਦ ਅਨੁਸਾਰ

ਕਾਲੀ ਮਿਰਚ 5 ਗ੍ਰਾਮ

ਵਿਧੀ:

ਖੁੰਬਾਂ ਨੂੰ ਚੰਗੀ ਤਰ੍ਹਾਂ ਸਾਫ ਕਰਕੇ ਕੱਟ ਲਓ। ਇੱਕ ਪੈਨ ਵਿੱਚ ਘਿਓ / ਜੈਤੂਨ ਤੇਲ ਗਰਮ ਕਰਕੇ ਉਸ ਵਿੱਚ ਬਰੀਕ ਕੱਟਿਆ ਪਿਆਜ, ਸੈਲਰੀ ਪਾਓ ਅਤੇ 2-3 ਮਿੰਟ ਪਕਾਓ। ਕੱਟੀਆਂ ਖੁੰਬਾਂ ਅਤੇ ਅਜਵੈਣ ਪਾ ਕੇ ਮੱਧਮ ਅੱਗ ਤੇ ਪਕਾਓ ਜਦੋਂ ਤੱਕ ਖੁੰਬਾਂ ਕਰਿਸਪੀ ਨਾ ਹੋ ਜਾਣ। ਫਿਰ ਸਬਜ਼ੀਆਂ ਦਾ ਸਟੋਕ ਪਾਓ ਅਤੇ ਉਬਾਲ ਦਿਓ ਅਤੇ ਫਿਰ ਸੁੱਕਾ ਦੁੱਧ, ਨਮਕ, ਅਤੇ ਕਾਲੀ ਮਿਰਚ ਪਾ ਕੇ ਦੁਬਾਰਾ ਉਬਾਲ ਦਿਓ। ਠੰਡਾ ਹੋਣ ਤੋਂ ਬਾਅਦ ਮਿਕਸਰ ਵਿੱਚ ਪਾ ਕੇ ਚੰਗੀ ਤਰ੍ਹਾਂ ਰਲਾ ਲਉ । ਸੂਪ ਨੂੰ ਛਾਣ ਕੇ ਦੁਬਾਰਾ ਉਬਾਲ ਦਿਓ ਅਤੇ ਸਵਾਦ ਅਨੁਸਾਰ ਨਮਕ ਮਿਰਚ ਪਾਓ।

ਸੰਪਰਕ: 81461-22277

Share This Article
Leave a Comment