ਭੂਚਾਲ ਦੇ ਤੇਜ਼ ਝਟਕਿਆਂ ਨਾਲ ਦਹਿਲਿਆ ਮੈਕਸੀਕੋ; 2 ਦੀ ਮੌਤ; ਕਈ ਲੋਕ ਜ਼ਖਮੀ

Global Team
2 Min Read

ਮੈਕਸੀਕੋ: ਦੱਖਣੀ ਅਤੇ ਮੱਧ ਮੈਕਸੀਕੋ ਵਿੱਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਮਿਲੀ ਜਾਣਕਾਰੀ ਅਨੁਸਾਰ ਅਮਰੀਕੀ ਦੇਸ਼ ਮੈਕਸੀਕੋ ‘ਚ ਸ਼ੁੱਕਰਵਾਰ ਸ਼ਾਮ (ਭਾਰਤੀ ਸਮੇਂ ਅਨੁਸਾਰ) 6.5 ਤੀਬਰਤਾ ਦਾ ਭੂਚਾਲ ਆਇਆ। ਮੈਕਸੀਕੋ ਦੀ ਰਾਸ਼ਟਰੀ ਭੂਚਾਲ ਏਜੰਸੀ ਨੇ ਕਿਹਾ ਕਿ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ ‘ਤੇ 6.5 ਸੀ, ਜਿਸ ਨੂੰ ਬਹੁਤ ਹੀ ਤੇਜ਼ ਅਤੇ ਖ਼ਤਰਨਾਕ ਪੱਧਰ ਮੰਨਿਆ ਜਾਂਦਾ ਹੈ। ਭੂਚਾਲ ਦਾ ਕੇਂਦਰ ਦੱਖਣੀ ਰਾਜ ਗੁਆਰੇਰੋ ਦੇ ਸੈਨ ਮਾਰਕੋਸ ਸ਼ਹਿਰ ਦੇ ਨੇੜੇ ਸੀ, ਜੋ ਕਿ ਪ੍ਰਸ਼ਾਂਤ ਤੱਟ ‘ਤੇ ਅਕਾਪੁਲਕੋ ਦੇ ਰਿਜ਼ੋਰਟ ਦੇ ਨੇੜੇ ਸੀ। ਇਸ ਵਿੱਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖਮੀ ਹੋ ਗਏ।

ਭੂਚਾਲ ਇੰਨਾ ਸ਼ਕਤੀਸ਼ਾਲੀ ਸੀ ਕਿ ਕਈ ਘਰਾਂ ਵਿੱਚ ਤਰੇੜਾਂ ਆ ਗਈਆਂ, ਅਤੇ ਕਈ ਘਰਾਂ ‘ਚ ਘਰੇਲੂ ਸਮਾਨ ਡਿੱਗ ਗਿਆ। ਭੂਚਾਲ ਦਾ ਸਭ ਤੋਂ ਵੱਧ ਪ੍ਰਭਾਵ ਮੈਕਸੀਕੋ ਦੇ ਗੁਆਰੇਰੋ ਵਿੱਚ ਮਹਿਸੂਸ ਕੀਤਾ ਗਿਆ। ਜਦ ਭੂਚਾਲ ਦੇ ਝਟਕਿਆਂ ਨਾਲ ਇਮਾਰਤਾਂ ਹਿੱਲਣ ਲੱਗ ਪਈਆਂ ਤਾਂ ਲੋਕ ਖੁੱਲ੍ਹੀਆਂ ਥਾਵਾਂ ਵੱਲ ਭੱਜੇ। ਸੋਸ਼ਲ ਮੀਡੀਆ ‘ਤੇ ਵਾਇਰਲ ਵੀਡੀਓਜ਼ ‘ਚ ਲੋਕ ਸੜਕਾਂ ‘ਤੇ ਦੌੜਦੇ – ਭੱਜਦੇ ਨਜ਼ਰ ਆ ਰਹੇ ਹਨ।

ਗੁਆਰੇਰੋ ਵਿੱਚ ਇਕ ਘਰ ਢਹਿ ਜਾਣ ਕਾਰਨ ਇੱਕ 50 ਸਾਲਾ ਔਰਤ ਦੀ ਮੌਤ ਹੋ ਗਈ । ਇਸ ਤੋਂ ਇਲਾਵਾ ਮੈਕਸੀਕੋ ਸਿਟੀ ਵਿੱਚ, ਇੱਕ 60 ਸਾਲਾ ਵਿਅਕਤੀ ਦੀ ਇਮਾਰਤ ਤੋਂ ਬਾਹਰ ਨਿਕਲਦੇ ਸਮੇਂ ਪੌੜੀਆਂ ਤੋਂ ਡਿੱਗਣ ਕਾਰਨ ਮੌਤ ਹੋ ਗਈ। ਵੱਖ-ਵੱਖ ਘਟਨਾਵਾਂ ਵਿੱਚ 12 ਲੋਕ ਜ਼ਖਮੀ ਵੀ ਹੋਏ।

ਇਨ੍ਹਾਂ ਹੀ ਨਹੀਂ ਭੂਚਾਲ ਨਾਲ ਰਾਸ਼ਟਰਪਤੀ ਕਲਾਉਡੀਆ ਸ਼ੀਨਬੌਮ ਦੀ ਨਵੇਂ ਸਾਲ ਦੀ ਪਹਿਲੀ ਪ੍ਰੈਸ ਬ੍ਰੀਫਿੰਗ ਵਿੱਚ ਵੀ ਵਿਘਨ ਪਿਆ। ਜਦੋਂ ਉਹ ਬੋਲ ਰਹੀ ਸੀ, ਤਾ ਅਚਾਨਕ ਭੂਚਾਲ ਦੇ ਅਲਾਰਮ ਵੱਜਣੇ ਸ਼ੁਰੂ ਹੋ ਗਏ, ਜਿਸ ਕਾਰਨ ਉਨ੍ਹਾਂ ਦੀ ਬ੍ਰੀਫਿੰਗ ਵਿੱਚ ਵਿਘਨ ਪਿਆ ਅਤੇ ਉਨ੍ਹਾਂ ਨੂੰ ਉੱਥੋਂ ਜਾਣਾ ਪਿਆ। ਰਾਸ਼ਟਰਪਤੀ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਮੈਕਸੀਕੋ ਸਿਟੀ ਤੋਂ ਲਗਭਗ 230 ਕਿਲੋਮੀਟਰ ਦੂਰ ਸੈਨ ਮਾਰਕੋਸ ਵਿੱਚ ਸੀ।

 

ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ਅਤੇ ਇੰਸਟਾਗ੍ਰਾਮ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ

Share This Article
Leave a Comment