ਨਿਊਜ਼ ਡੈਸਕ : ਭਾਰਤ ‘ਚ ਚਾਹੇ ਕੋਰੋਨਾ ਦੀ ਤੀਜੀ ਲਹਿਰ ਆਉਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ, ਪਰ ਵਿਸ਼ਵ ਸਿਹਤ ਸੰਗਠਨ ਦਾ ਕਹਿਣਾ ਹੈ ਕਿ ਤੀਜੀ ਲਹਿਰ ਨੇ ਦਸਤਕ ਦੇ ਦਿੱਤੀ ਹੈ। ਵਿਸ਼ਵ ਸਿਹਤ ਸੰਗਠਨ ਦੇ ਡਾਇਰੈਕਟਰ ਜਨਰਲ ਟੈਡਰੋਸ ਐਡਹਾਨੋਮ ਨੇ ਬੁੱਧਵਾਰ ਨੂੰ ਕਿਹਾ ਕਿ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਆਪਣੇ ਸ਼ੁਰੂਆਤੀ ਦੌਰ ਵਿੱਚ ਹੈ। ਦੁਨੀਆਂ ਭਰ ਵਿੱਚ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ਦੇ ਅੰਕੜੇ ‘ਚ ਇੱਕ ਵਾਰ ਫਿਰ ਵਾਧੇ ਨੂੰ ਲੈ ਕੇ ਚਿਤਾਵਨੀ ਜਾਰੀ ਕਰਦੇ ਹੋਏ ਉਨ੍ਹਾਂ ਨੇ ਇਹ ਗੱਲ ਕਹੀ। ਟੈਡਰੋਸ ਨੇ ਕਿਹਾ ਬਦਕਿਸਮਤੀ ਨਾਲ ਅਸੀਂ ਕੋਰੋਨਾ ਸੰਕਰਮਣ ਦੀ ਤੀਜੀ ਲਹਿਰ ਦੇ ਸ਼ੁਰੂਆਤੀ ਦੌਰ ਵਿੱਚ ਹਾਂ।
ਟੈਡਰੋਸ ਨੇ ਕਿਹਾ ਡੈਲਟਾ ਵੇਰੀਐਂਟ ਹੁਣ ਦੁਨੀਆਂ ਦੇ 111 ਦੇਸ਼ਾਂ ਵਿੱਚ ਪਹੁੰਚ ਚੁੱਕਿਆ ਹੈ। ਸਾਨੂੰ ਖ਼ਦਸ਼ਾ ਹੈ ਕਿ ਇਹ ਜਲਦ ਹੀ ਦੁਨੀਆਂ ਵਿੱਚ ਕੋਰੋਨਾ ਸੰਕਰਮਣ ਦਾ ਸਭ ਤੋਂ ਖ਼ਤਰਨਾਕ ਸਟ੍ਰੇਨ ਸਾਬਿਤ ਹੋਵੇਗਾ। ਵਿਸ਼ਵ ਸਿਹਤ ਸੰਗਠਨ ਦੇ ਮੁਖੀ ਨੇ ਕਿਹਾ ਕਿ ਕੋਰੋਨਾ ਵਾਇਰਸ ਲਗਾਤਾਰ ਆਪਣੇ ਰੂਪ ਬਦਲ ਰਿਹਾ ਹੈ ਤੇ ਖ਼ਤਰਨਾਕ ਵੇਰੀਐਂਟਸ ਦੇ ਤੌਰ ਤੇ ਸਾਹਮਣੇ ਆ ਰਿਹਾ ਹੈ। ਟੈਡਰੋਸ ਨੇ ਕਿਹਾ ਕਿ ਉੱਤਰੀ ਅਮਰੀਕਾ ਅਤੇ ਯੂਰਪ ‘ਚ ਵੈਕਸੀਨੇਸ਼ਨ ਦੀ ਰਫਤਾਰ ਤੇਜ਼ ਹੋਣ ਦੇ ਚਲਦਿਆਂ ਕੋਰੋਨਾ ਦੇ ਮਾਮਲਿਆਂ ਅਤੇ ਮੌਤਾਂ ‘ਚ ਕੁਝ ਸਮੇਂ ਲਈ ਕਮੀ ਦੇਖਣ ਨੂੰ ਮਿਲੀ ਸੀ ਪਰ ਹਾਲਾਤ ਫਿਰ ਤੋਂ ਬਦਲ ਗਏ ਹਨ।
ਉਨ੍ਹਾਂ ਨੇ ਕਿਹਾ ਕਿ ਇੱਕ ਵਾਰ ਫਿਰ ਤੋਂ ਦੁਨੀਆਂ ‘ਚ ਕੋਰੋਨਾ ਦੇ ਮਾਮਲਿਆਂ ‘ਚ ਵਾਧਾ ਦਰਜ ਕੀਤਾ ਜਾ ਰਿਹਾ ਹੈ। ਟੈਡਰੋਸ ਨੇ ਕਿਹਾ ਕਿ ਬੀਤੇ ਹਫ਼ਤੇ ਲਗਾਤਾਰ ਅਜਿਹਾ ਚੌਥਾ ਹਫ਼ਤਾ ਸੀ, ਜਦੋਂ ਕੋਰੋਨਾ ਦੇ ਮਾਮਲਿਆਂ ‘ਚ ਕਮੀ ਦੇਖਣ ਨੂੰ ਮਿਲੀ ਸੀ, ਪਰ ਹੁਣ ਇਸ ਵਿੱਚ ਵਾਧਾ ਹੋਣਾ ਸ਼ੁਰੂ ਹੋ ਗਿਆ ਹੈ। ਇਸ ਤੋਂ ਇਲਾਵਾ ਮੌਤਾਂ ਦਾ ਅੰਕੜਾ ਵੀ ਲਗਾਤਾਰ 10 ਹਫ਼ਤੇ ਦੀ ਗਿਰਾਵਟ ਤੋਂ ਬਾਅਦ ਵਧਦਾ ਨਜ਼ਰ ਆ ਰਿਹਾ ਹੈ।