ਨਿਊਜ਼ ਡੈਸਕ: ਜਿਥੇ ਕਈ ਸ਼ਹਿਰਾਂ ‘ਚ ਮੌਸਮ ਦੇ ਬਦਲਣ ਨਾਲ ਗਰਮੀ ਤੋਂ ਰਾਹਤ ਮਿਲੀ ਹੈ ਉਥੇ ਹੀ ਕਈ ਥਾਵਾਂ ‘ਤੇ ਜਲ-ਥਲ ਹੋ ਗਈ ਹੈ। ਭਾਰੀ ਬਾਰਿਸ਼ ਕਾਰਨ ਹਾਲਾਤ ਚਿੰਤਾਜਨਕ ਹੋ ਗਏ ਹਨ। ਮਹਾਰਾਸ਼ਟਰ ਦੇ ਕਈ ਸ਼ਹਿਰਾਂ ਵਿੱਚ ਭਾਰੀ ਮੀਂਹ ਕਾਰਨ ਜਨਜੀਵਨ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ। ਪੁਣੇ ਅਤੇ ਪਿੰਪਰੀ ਚਿੰਚਵਾੜ ਵਿੱਚ ਸਕੂਲ ਅਤੇ ਕਾਲਜ ਬੰਦ ਰੱਖਣ ਦਾ ਫੈਸਲਾ ਲਿਆ ਗਿਆ ਹੈ। ਮੁੰਬਈ ਪੁਲਿਸ ਨੇ ਲੋਕਾਂ ਨੂੰ ਸੁਚੇਤ ਰਹਿਣ ਅਤੇ ਮੌਸਮ ਵਿਭਾਗ ਵੱਲੋਂ ਜਾਰੀ ਚੇਤਾਵਨੀ ਨੂੰ ਗੰਭੀਰਤਾ ਨਾਲ ਲੈਣ ਦੀ ਅਪੀਲ ਕੀਤੀ ਹੈ। ਰੇਲਵੇ ਸੰਚਾਲਨ ਵੀ ਪ੍ਰਭਾਵਿਤ ਹੋਇਆ ਹੈ।
ਮੌਸਮ ਵਿਭਾਗ ਅਨੁਸਾਰ ਮਹਾਰਾਸ਼ਟਰ ਦੇ ਰਾਏਗੜ੍ਹ, ਰਤਨਾਗਿਰੀ ਤੋਂ ਇਲਾਵਾ ਕੋਂਕਣ ਅਤੇ ਗੋਆ, ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਯਾਨਾਮ, ਪੂਰਬੀ ਮੱਧ ਪ੍ਰਦੇਸ਼, ਉਪ-ਹਿਮਾਲੀਅਨ ਪੱਛਮੀ ਬੰਗਾਲ ਅਤੇ ਸਿੱਕਮ, ਮਰਾਠਵਾੜਾ, ਤੱਟਵਰਤੀ ਕਰਨਾਟਕ ਅਤੇ ਬਿਹਾਰ ਵਿੱਚ ਵੱਖ-ਵੱਖ ਥਾਵਾਂ ‘ਤੇ ਭਾਰੀ ਤੋਂ ਬਹੁਤ ਭਾਰੀ ਮੀਂਹ ਪੈ ਸਕਦਾ ਹੈ। ਰਾਇਲਸੀਮਾ, ਗੁਜਰਾਤ ਖੇਤਰ, ਛੱਤੀਸਗੜ੍ਹ, ਪੱਛਮੀ ਮੱਧ ਪ੍ਰਦੇਸ਼, ਗੰਗਾ ਪੱਛਮੀ ਬੰਗਾਲ, ਉੜੀਸਾ, ਮੱਧ ਮਹਾਰਾਸ਼ਟਰ, ਕਰਨਾਟਕ ਅਤੇ ਤੇਲੰਗਾਨਾ ਦੇ ਕੁਝ ਹਿੱਸਿਆਂ ਵਿੱਚ ਵੀ ਭਾਰੀ ਮੀਂਹ ਦੀ ਸੰਭਾਵਨਾ ਹੈ।
ਬ੍ਰਿਹਨਮੁੰਬਈ ਨਗਰ ਨਿਗਮ (ਬੀਐਮਸੀ) ਦੇ ਅਧਿਕਾਰੀਆਂ ਨੇ ਦੱਸਿਆ ਕਿ ਖ਼ਰਾਬ ਮੌਸਮ ਕਾਰਨ ਹੋਏ ਹਾਦਸੇ ਵਿੱਚ ਇੱਕ ਔਰਤ ਦੀ ਮੌਤ ਦੀ ਖ਼ਬਰ ਮੁੰਬਈ ਵਿੱਚ ਸਾਹਮਣੇ ਆਈ ਹੈ। ਅੰਧੇਰੀ ਦੇ ਐਮਆਈਡੀਸੀ ਇਲਾਕੇ ਵਿੱਚ 45 ਸਾਲਾ ਵਿਮਲ ਗਾਇਕਵਾੜ ਦੀ ਇੱਕ ਖੁੱਲ੍ਹੇ ਨਾਲੇ ਵਿੱਚ ਡੁੱਬ ਕੇ ਮੌਤ ਹੋ ਗਈ। ਮੁੰਬਈ ਫਾਇਰ ਬ੍ਰਿਗੇਡ ਨੇ ਉਸ ਨੂੰ ਬਚਾਇਆ ਅਤੇ ਕੂਪਰ ਹਸਪਤਾਲ ਭੇਜ ਦਿੱਤਾ, ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ।
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।