ਅੰਮ੍ਰਿਤਸਰ: ਬੀਤੇ ਦਿਨੀਂ ਅੰਮ੍ਰਿਤਸਰ ‘ਚ ਐੱਸ.ਟੀ.ਐਫ ਵੱਲੋਂ ਗੁਪਤ ਸੂਚਨਾ ਦੇ ਆਧਾਰ ‘ਤੇ ਛਾਪੇਮਾਰੀ ਦੌਰਾਨ ਲਗਭਗ 200 ਕਿਲੋਗ੍ਰਾਮ ਹੈਰੋਇਨ ਬਰਾਮਦ ਕੀਤੀ ਗਈ ਸੀ। ਜਿਸ ਤੋਂ ਬਾਅਦ ਅੰਮ੍ਰਿਤਸਰ ਪੁਲੀਸ ਵੀ ਹਰਕਤ ‘ਚ ਆ ਗਈ ਸੀ। ਜਿਸ ਦੇ ਚਲਦਿਆਂ ਅੰਮ੍ਰਿਤਸਰ ਪੁਲੀਸ ਨੇ ਇੱਕ ਹੋਰ ਮਾਮਲੇ ‘ਚ ਛਾਪੇਮਾਰੀ ਦੌਰਾਨ ਅੱਧਾ ਕਿਲੋ ਹੈਰੋਇਨ ਸਮੇਤ ਤਿੰਨ ਵਿਅਕਤੀਆਂ ਨੂੰ ਗ੍ਰਿਫਤਾਰ ਕੀਤਾ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਪੁਲੀਸ ਨੂੰ ਐਂਟੀ ਨਾਰਕੋਟਿਕ ਸੈੱਲ ਤੋਂ ਗੁਪਤ ਸੂਚਨਾ ਮਿਲੀ ਸੀ ਕਿ ਕੁਝ ਲੋਕਾਂ ਵੱਲੋਂ ਪਾਮ ਗਾਰਡਨ ਕਲੋਨੀ, ਨੇੜੇ ਬਾਈਪਾਸ ਇਲਾਕੇ ਦੀ ਇੱਕ ਕੋਠੀ ‘ਚ ਨਸ਼ਾ ਵੇਚਿਆ ਜਾ ਰਿਹਾ ਹੈ। ਛਾਪੇਮਾਰੀ ਦੌਰਾਨ ਹਰਭੇਜ ਉਰਫ ਜਾਵੇਦ ਤੇ ਗੰਜਾ ਜੰਡਿਆਲਾ ਨਾਮੀ ਦੋ ਲੋਕਾਂ ਨੇ ਪੁਲੀਸ ‘ਤੇ ਗੋਲੀਆਂ ਚਲਾਈਆਂ ਤੇ ਮੌਕੇ ਤੋਂ ਫਰਾਰ ਹੋ ਗਏ।
ਪੁਲੀਸ ਨੇ ਉਕਤ ਕੋਠੀ ‘ਚੋਂ ਅੱਧਾ ਕਿਲੋ ਹੈਰੋਇਨ ਸਮੇਤ ਤਿੰਨ ਲੋਕਾਂ ਗੁਰਪ੍ਰੀਤ, ਸਾਜਨ ਤੇ ਪਾਰਸ ਨੂੰ ਗ੍ਰਿਫਤਾਰ ਕੀਤਾ ਹੈ। ਪੁਲੀਸ ਨੇ ਉਕਤ ਦੋਸ਼ੀਆਂ ਵਿਰੁੱਧ 22-61-85 ਤੇ ਧਾਰਾ 307 (ਆਈਪੀਸੀ) ਤਹਿਤ ਮਾਮਲਾ ਦਰਜ ਕਰ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਾਂਚ ਅਧਿਕਾਰੀ ਨੇ ਦੱਸਿਆ ਕਿ ਗੁਰਪ੍ਰਤੀ ਉਰਫ ਮਨੀ ਪਿਛਲੇ ਤਿੰਨ ਮਹੀਨਿਆਂ ਤੋਂ ਇਸ ਕੋਠੀ ‘ਚ ਕਿਰਾਏ ‘ਤੇ ਰਹਿ ਰਿਹਾ ਸੀ। ਜਿੱਥੇ ਉਨ੍ਹਾਂ ਵੱਲੋਂ ਨਸ਼ਾ ਵੇਚਿਆ ਜਾ ਰਿਹਾ ਸੀ। ਜਾਂਚ ਅਧਿਕਾਰੀ ਨੇ ਦੱਸਿਆ ਕਿ ਦੋਸ਼ੀਆਂ ‘ਚੋਂ ਗੁਰਪ੍ਰੀਤ ਉਰਫ ਮਨੀ, ਗੰਜਾ ਜੰਡਿਆਲਾ ਤੇ ਹਰਤੇਜ ਉਰਫ ਜਾਵੇਦ ‘ਤੇ ਪਹਿਲਾਂ ਵੀ ਕਈ ਮਾਮਲੇ ਦਰਜ ਹਨ। ਪੁਲੀਸ ਅਧਿਕਾਰੀ ਨੇ ਕਿਹਾ ਕਿ ਉਕਤ ਮਾਮਲੇ ਦੇ ਸਰਗਨਾ ਗੰਜਾ ਜੰਡਿਆਲਾ ਤੇ ਹਰਤੇਜ ਉਰਫ ਜਾਵੇਦ ਨੂੰ ਵੀ ਜਲਦੀ ਹੀ ਗ੍ਰਿਫਤਾਰ ਕਰ ਲਿਆ ਜਾਵੇਗਾ।