ਅੰਮ੍ਰਿਤਸਰ: ਅੰਮ੍ਰਿਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਪੁਲਿਸ ਕਮਿਸ਼ਨਰੇਟ ਵੱਲੋਂ ਡਰੋਨ ਅਤੇ ਹੋਰ ਉੱਡਣ ਵਾਲੇ ਯੰਤਰਾਂ ਦੀ ਉਡਾਣ ’ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਹ ਹੁਕਮ 20 ਅਕਤੂਬਰ 2026 ਤੋਂ ਲਾਗੂ ਹੋ ਗਏ ਹਨ। ਪੁਲਿਸ ਵੱਲੋਂ ਇਹ ਕਦਮ ਹਵਾਈ ਅੱਡੇ ਦੇ ਆਲੇ-ਦੁਆਲੇ ਸੁਰੱਖਿਆ ਪ੍ਰਬੰਧਾਂ ਨੂੰ ਮਜ਼ਬੂਤ ਬਣਾਉਣ ਅਤੇ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਚੁੱਕਿਆ ਗਿਆ ਹੈ।
ਪੁਲਿਸ ਕਮਿਸ਼ਨਰ ਨੇ ਜਾਰੀ ਕੀਤੇ ਹੁਕਮ
ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਹਰਮਨਬੀਰ ਸਿੰਘ ਗਿੱਲ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ, 2023 ਦੀ ਧਾਰਾ 163 ਤਹਿਤ ਇਹ ਹੁਕਮ ਜਾਰੀ ਕੀਤੇ ਹਨ। ਇਨ੍ਹਾਂ ਤਹਿਤ ਹਵਾਈ ਅੱਡੇ ਦੇ ਨੇੜੇ ਡਰੋਨ ਉਡਾਉਣ ਦੀ ਮਨਾਹੀ ਹੋਵੇਗੀ।
ਡਰੋਨ ਤੋਂ ਇਲਾਵਾ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਮਾਈਕ੍ਰੋਲਾਈਟ ਜਹਾਜ਼ਾਂ, ਪੈਰਾਗਲਾਈਡਰਾਂ, ਪੈਰਾ-ਮੋਟਰਾਂ, ਹੈਂਡ ਗਲਾਈਡਰਾਂ ਅਤੇ ਗਰਮ ਹਵਾ ਵਾਲੇ ਗੁਬਾਰਿਆਂ ਦੀ ਉਡਾਣ ’ਤੇ ਵੀ ਪਾਬੰਦੀ ਲਗਾਈ ਗਈ ਹੈ।
ਹੁਕਮਾਂ ਦੀ ਉਲੰਘਣਾ ਕਰਨ ’ਤੇ ਹੋਵੇਗੀ ਕਾਰਵਾਈ
ਪੁਲਿਸ ਕਮਿਸ਼ਨਰੇਟ ਨੇ ਸਪੱਸ਼ਟ ਕੀਤਾ ਹੈ ਕਿ ਜਾਰੀ ਹੁਕਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਅਜਿਹੇ ਮਾਮਲਿਆਂ ਵਿੱਚ ਭਾਰਤੀ ਨਿਆਂ ਸੰਹਿਤਾ, 2023 ਦੀ ਧਾਰਾ 223 ਤਹਿਤ ਕਾਰਵਾਈ ਹੋ ਸਕਦੀ ਹੈ।
ਪੁਲਿਸ ਨੇ ਆਮ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਹਵਾਈ ਅੱਡੇ ਅਤੇ ਆਮ ਜਨਤਾ ਦੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਨ੍ਹਾਂ ਨਿਰਦੇਸ਼ਾਂ ਦੀ ਪਾਲਣਾ ਕਰਨ। ਬਿਨਾਂ ਇਜਾਜ਼ਤ ਕਿਸੇ ਵੀ ਤਰ੍ਹਾਂ ਦਾ ਉੱਡਣ ਵਾਲਾ ਯੰਤਰ ਉਡਾਉਣ ਤੋਂ ਗੁਰੇਜ਼ ਕੀਤਾ ਜਾਵੇ।
ਪੁਲਿਸ ਮੁਤਾਬਕ, ਹਵਾਈ ਅੱਡੇ ਦੀ ਸੁਰੱਖਿਆ ਬੇਹੱਦ ਅਹਿਮ ਹੈ ਅਤੇ ਇਸ ਮਾਮਲੇ ਵਿੱਚ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਨਹੀਂ ਵਰਤੀ ਜਾ ਸਕਦੀ। ਇਸ ਲਈ ਲੋਕਾਂ ਨੂੰ ਸਹਿਯੋਗ ਕਰਨ ਅਤੇ ਜਾਰੀ ਹੁਕਮਾਂ ਦੀ ਪਾਲਣਾ ਕਰਨ ਲਈ ਕਿਹਾ ਗਿਆ ਹੈ।

