ਚੰਡੀਗੜ੍ਹ: ਪੰਜਾਬ ਸਰਕਾਰ ਵੱਲੋਂ ਡਰਾਈਵਿੰਗ ਲਾਇਸੈਂਸ ਘੁਟਾਲੇ ਵਿੱਚ ਵੱਡੀ ਕਾਰਵਾਈ ਕਰਦਿਆਂ ਵਿਜੀਲੈਂਸ ਬਿਊਰੋ ਦੇ ਡਾਇਰੈਕਟਰ ਅਤੇ ਏਡੀਜੀਪੀ ਸੁਰਿੰਦਰਪਾਲ ਸਿੰਘ ਪਰਮਾਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਉਨ੍ਹਾਂ ਦੇ ਨਾਲ-ਨਾਲ ਦੋ ਹੋਰ ਉਚ ਅਧਿਕਾਰੀ — ਏਆਈਜੀ ਹਰਪ੍ਰੀਤ ਸਿੰਘ ਅਤੇ ਐਸਐਸਪੀ ਸਵਰਨਜੀਤ ਸਿੰਘ ਨੂੰ ਵੀ ਘਪਲੇ ਵਿੱਚ ਸ਼ਾਮਲ ਹੋਣ ਦੇ ਆਰੋਪਾਂ ਅਧੀਨ ਸਸਪੈਂਡ ਕਰ ਦਿੱਤਾ ਗਿਆ ਹੈ।
ਇਸ ਕਾਰਵਾਈ ਤੋਂ ਬਾਅਦ ਪੰਜਾਬ ਸਰਕਾਰ ਨੇ ਪਰਵੀਨ ਸਿਨਹਾ ਨੂੰ ਨਵਾਂ ਵਿਜੀਲੈਂਸ ਚੀਫ਼ ਨਿਯੁਕਤ ਕੀਤਾ ਹੈ। ਯਾਦ ਰਹੇ ਕਿ ਸੁਰਿੰਦਰਪਾਲ ਸਿੰਘ ਪਰਮਾਰ ਨੂੰ 26 ਮਾਰਚ 2025 ਨੂੰ ਨਾਗੇਸ਼ਵਰ ਰਾਓ ਦੀ ਥਾਂ ਵਿਜੀਲੈਂਸ ਬਿਊਰੋ ਦੀ ਕਮਾਨ ਸੌਂਪੀ ਗਈ ਸੀ। ਇਹ ਪਹਿਲਾ ਮੌਕਾ ਹੈ ਜਦ ਕਿਸੇ ਐਸੇ ਅਧਿਕਾਰੀ, ਜੋ ਕਿ ਏਡੀਜੀਪੀ ਦੇ ਅਹੁਦੇ ‘ਤੇ ਸੇਵਾ ਕਰ ਰਿਹਾ ਹੋਵੇ, ਨੂੰ ਵਿਜੀਲੈਂਸ ਬਿਊਰੋ ਦੇ ਚੀਫ਼ ਹੋਣ ਦੇ ਨਾਲ-ਨਾਲ ਸਰਕਾਰੀ ਜਾਂਚ ਦੌਰਾਨ ਮੁਅੱਤਲ ਕੀਤਾ ਗਿਆ ਹੋ।
ਮੁਅੱਤਲ ਹੋਣ ਤੋਂ ਪਹਿਲਾਂ, ਪਰਮਾਰ ਕਾਨੂੰਨ ਅਤੇ ਵਿਵਸਥਾ ਦੇ ਵਧੀਕ ਡਾਇਰੈਕਟਰ ਜਨਰਲ ਵਜੋਂ ਕੰਮ ਕਰ ਰਹੇ ਸਨ ਅਤੇ ਹਾਲ ਹੀ ਵਿੱਚ ਪਟਿਆਲਾ ਵਿਚ ਫੌਜ ਦੇ ਕਰਨਲ ਅਤੇ ਉਸਦੇ ਪੁੱਤਰ ‘ਤੇ ਹੋਏ ਹਮਲੇ ਦੀ ਜਾਂਚ ਕਰ ਰਹੀ ਐਸਆਈਟੀ ਦੀ ਅਗਵਾਈ ਵੀ ਕਰ ਰਹੇ ਸਨ।
ਐਸਪੀਐਸ ਪਰਮਾਰ ਦਾ ਕਾਨੂੰਨ ਲਾਗੂ ਕਰਨ ਵਾਲੇ ਖੇਤਰ ਵਿੱਚ ਕਰੀਅਰ ਰਾਜ ਪੁਲਿਸ ਸੇਵਾ ਵਿੱਚ ਸ਼ਾਮਲ ਹੋਣ ਨਾਲ ਸ਼ੁਰੂ ਹੋਇਆ, ਜਿਸ ਤੋਂ ਬਾਅਦ 2012 ਵਿੱਚ ਉਨ੍ਹਾਂ ਨੂੰ ਭਾਰਤੀ ਪੁਲਿਸ ਸੇਵਾ (ਆਈਪੀਐਸ) ਵਿੱਚ ਤਰੱਕੀ ਦਿੱਤੀ ਗਈ, ਜਿਸਦੀ ਸੀਨੀਆਰਤਾ ਨੂੰ 1997 ਵਿੱਚ ਮਾਨਤਾ ਦਿੱਤੀ ਗਈ।