ਭ੍ਰਿਸ਼ਟਾਚਾਰ ਵਿਰੁੱਧ ਮੁਹਿੰਮ: 1 ਲੱਖ ਰੁਪਏ ਰਿਸ਼ਵਤ ਲੈਂਦੇ ਡੀ.ਐਸ.ਪੀ. ਦੇ ਰੀਡਰ ਨੂੰ ਵਿਜੀਲੈਂਸ ਬਿਊਰੋ ਨੇ ਕੀਤਾ ਰੰਗੇ ਹੱਥੀਂ ਕਾਬੂ

Global Team
3 Min Read

ਚੰਡੀਗੜ੍ਹ: ਸੂਬੇ ਵਿੱਚ ਭ੍ਰਿਸ਼ਟਾਚਾਰ ਵਿਰੁੱਧ ਆਪਣੀ ਚੱਲ ਰਹੀ ਮੁਹਿੰਮ ਨੂੰ ਜਾਰੀ ਰੱਖਦੇ ਹੋਏ, ਪੰਜਾਬ ਵਿਜੀਲੈਂਸ ਬਿਊਰੋ ਨੇ ਸੋਮਵਾਰ ਨੂੰ ਬਠਿੰਡਾ ਜਿ਼ਲ੍ਹੇ ਵਿੱਚ ਡੀਐਸਪੀ ਭੁੱਚੋ ਦੇ ਨਿੱਜੀ ਸੁਰੱਖਿਆ ਅਧਿਕਾਰੀ (ਪੀ.ਐਸ.ਓ.) ਵਜੋਂ ਤਾਇਨਾਤ ਹੌਲਦਾਰ ਰਾਜ ਕੁਮਾਰ ਨੂੰ ਇੱਕ ਲੱਖ ਰੁਪਏ ਰਿਸ਼ਵਤ ਲੈਂਦੇ ਹੋਏ ਰੰਗੇ ਹੱਥੀਂ ਗ੍ਰਿਫਤਾਰ ਕੀਤਾ।

ਅੱਜ ਇੱਥੇ ਇਹ ਜਾਣਕਾਰੀ ਦਿੰਦਿਆਂ ਰਾਜ ਵਿਜੀਲੈਂਸ ਬਿਊਰੋ ਦੇ ਬੁਲਾਰੇ ਨੇ ਕਿਹਾ ਕਿ ਦੋਸ਼ੀ ਪੁਲਿਸ ਅਧਿਕਾਰੀ ਨੂੰ ਜਿਲ੍ਹਾ ਬਠਿੰਡਾ ਦੀ ਤਹਿਸੀਲ ਨਥਾਣਾ ਦੇ ਪਿੰਡ ਕਲਿਆਣ ਸੁੱਖਾ ਦੇ ਵਸਨੀਕ ਵੱਲੋਂ ਦਰਜ ਕਰਵਾਈ ਸਿ਼ਕਾਇਤ ਤੋਂ ਬਾਅਦ ਗ੍ਰਿਫ਼ਤਾਰ ਕੀਤਾ ਗਿਆ ਹੈ।

ਬੁਲਾਰੇ ਨੇ ਅੱਗੇ ਦੱਸਿਆ ਕਿ ਸਿ਼ਕਾਇਤਕਰਤਾ ਔਰਤ ਨੇ ਵਿਜੀਲੈਂਸ ਬਿਊਰੋ ਕੋਲ ਪਹੁੰਚ ਕਰਕੇ ਦੋਸ਼ ਲਗਾਇਆ ਕਿ ਖੇਤੀਬਾੜੀ ਵਾਲੀ ਜ਼ਮੀਨ ਦੇ ਵਿਵਾਦ ਕਾਰਨ ਵਿਰੋਧੀ ਧਿਰ ਨੇ ਉਸਦੇ ਪਤੀ ਅਤੇ ਉਸਦੇ ਦੋਵੇਂ ਪੁੱਤਰਾਂ ਵਿਰੁੱਧ ਥਾਣਾ ਨਥਾਣਾ ਵਿਖੇ ਝੂਠਾ ਕੇਸ ਦਰਜ ਕਰਵਾਇਆ ਸੀ, ਜਿਸਦੀ ਜਾਂਚ ਡੀਐਸਪੀ ਭੁੱਚੋ ਵੱਲੋਂ ਕੀਤੀ ਜਾ ਰਹੀ ਹੈ। ਇਸ ਤੋਂ ਬਾਅਦ, ਰਾਜ ਕੁਮਾਰ, ਰੀਡਰ,ਨੇ ਉਸਦੇ ਮੋਬਾਈਲ ਨੰਬਰ ਤੋਂ ਦੋ ਫੋਨ ਕੀਤੇ ਅਤੇ ਦੱਸਿਆ ਕਿ ਉਸਨੇ ਇਸ ਮੁੜ—ਜਾਂਚ ਕਰਨ ਲਈ ਡੀਐਸਪੀ ਨਾਲ ਗੱਲ ਕੀਤੀ ਹੈ ਅਤੇ ਰਿਪੋਰਟ *ਤੇ ਸਿਰਫ਼ ਡੀਐਸਪੀ ਦੇ ਦਸਤਖਤ ਹੀ ਬਾਕੀ ਹਨ। ਕੇਸ ਨੂੰ ਰਫ਼ਾ—ਦਫ਼ਾ ਕਰਵਾਉਣ ਲਈ, ਉਸਨੇ 2 ਲੱਖ ਰੁਪਏ ਰਿਸ਼ਵਤ ਦੀ ਮੰਗ ਕੀਤੀ। ਦੋਸ਼ੀ ਰਾਜ ਕੁਮਾਰ ਨੇ ਸਿ਼ਕਾਇਤਕਰਤਾ ਨੂੰ ਕਿਹਾ ਕਿ ਪਹਿਲੀ ਕਿਸ਼ਤ ਵਜੋਂ ਤੁਰੰਤ ਇੱਕ ਲੱਖ ਰੁਪਏ ਦੇਵੇ ਤਾਂ ਜੋ ਉਹ ਆਪਣਾ ਕੰਮ ਸ਼ੁਰੂ ਕਰ ਸਕੇ। ਸਿ਼ਕਾਇਤਕਰਤਾ ਨੇ ਇਹ ਗੱਲਬਾਤ ਆਪਣੇ ਮੋਬਾਈਲ ਫੋਨ ਤੇ ਰਿਕਾਰਡ ਕਰ ਲਈ ਅਤੇ ਇਸਨੂੰ ਬਤੌਰ ਸਬੂਤ ਵਿਜੀਲੈਂਸ ਬਿਊਰੋ ਨੂੰ ਸੌਂਪ ਦਿੱਤਾ।

ਬੁਲਾਰੇ ਨੇ ਦੱਸਿਆ ਕਿ ਸਿ਼ਕਾਇਤ ਦੀ ਜਾਂਚ ਤੋਂ ਬਾਅਦ, ਬਠਿੰਡਾ ਰੇਂਜ ਦੀ ਵਿਜੀਲੈਂਸ ਬਿਊਰੋ ਟੀਮ ਨੇ ਹੌਲਦਾਰ ਰਾਜ ਕੁਮਾਰ ਨੂੰ ਦੋ ਸਰਕਾਰੀ ਗਵਾਹਾਂ ਦੀ ਹਾਜ਼ਰੀ ਵਿੱਚ ਸਿ਼ਕਾਇਤਕਰਤਾ ਤੋਂ ਰਿਸ਼ਵਤ ਵਜੋਂ ਇੱਕ ਲੱਖ ਰੁਪਏ ਲੈਂਦੇ ਸਮੇਂ ਕਾਬੂ ਕਰ ਲਿਆ। ਮੌਕੇ ਤੇ ਉਸਦੇ ਕਬਜ਼ੇ ਵਿੱਚੋਂ ਹੀ ਰਿਸ਼ਵਤ ਦਾ ਪੈਸਾ ਬਰਾਮਦ ਕਰ ਲਿਆ ਗਿਆ ਹੈ।
ਇਸ ਸਬੰਧ ਵਿੱਚ ਵਿਜੀਲੈਂਸ ਬਿਊਰੋ ਪੁਲਿਸ ਥਾਣਾ ਬਠਿੰਡਾ ਰੇਂਜ ਵਿੱਚ ਦੋਸ਼ੀ ਵਿਰੁੱਧ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਦੀਆਂ ਸਬੰਧਤ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਦੋਸ਼ੀ ਪੁਲਿਸ ਮੁਲਾਜ਼ਮ ਨੂੰ ਕੱਲ੍ਹ ਸਮਰੱਥ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ।ਬੁਲਾਰੇ ਨੇ ਕਿਹਾ ਕਿ ਮਾਮਲੇ ਦੀ ਅਗਲੇਰੀ ਜਾਂਚ ਦੌਰਾਨ, ਜੇਕਰ ਕਿਸੇ ਹੋਰ ਅਧਿਕਾਰੀ/ਕਰਮਚਾਰੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ, ਤਾਂ ਉਸਨੂੰ ਵੀ ਕੇਸ ਵਿੱਚ ਨਾਮਜ਼ਦ ਕੀਤਾ ਜਾਵੇਗਾ।

Share This Article
Leave a Comment