ਡਾ. ਓਬਰਾਏ ਦੀ ਬਦੌਲਤ ਤੀਜੀ ਵਿਸ਼ੇਸ਼ ਉਡਾਣ ਰਾਹੀਂ ਯੂਏਈ ‘ਚ ਫਸੇ 177 ਪੰਜਾਬੀਆਂ ਦੀ ਹੋਈ ਵਤਨ ਵਾਪਸੀ

TeamGlobalPunjab
2 Min Read

ਮੋਹਾਲੀ : ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਦੇ ਮੋਢੀ ਤੇ ਉੱਘੇ ਸਮਾਜ-ਸੇਵੀ ਡਾ. ਐੈੱਸ.ਪੀ. ਸਿੰਘ ਓਬਰਾਏ ਇੱਕ ਵਾਰ ਫਿਰ ਯੂਏਈ ਵਿਚ ਫਸੇ 177 ਭਾਰਤੀਆਂ ਦੇ ਲਈ ਫਰਿਸ਼ਤਾ ਬਣ ਕੇ ਸਾਹਮਣੇ ਆਏ ਹਨ। ਡਾ. ਓਬਰਾਏ ਦੀ ਸੰਸਥਾ ਸਰਬਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਬੁੱਧਵਾਰ ਸਵੇਰੇ ਇੱਕ ਸਪੈਸ਼ਲ ਚਾਰਟਰਡ ਜਹਾਜ਼ ਮੋਹਾਲੀ ਇੰਟਰਨੈਸ਼ਨਲ ਏਅਰਪੋਰਟ ‘ਤੇ ਪੁੱਜਿਆ। ਇਸ ਵਿਸ਼ੇਸ਼ ਸਾਲਮ (ਚਾਰਟਰਡ) ਜਹਾਜ਼ ਰਾਹੀਂ ਯੂਏਈ ‘ਚ ਫਸੇ ਹਜ਼ਾਰਾਂ ਭਾਰਤੀਆਂ ‘ਚੋਂ 177 ਲੋਕਾਂ ਨੂੰ ਡਾ. ਓਬਰਾਏ ਵੱਲੋਂ ਆਪਣੇ ਖਰਚੇ ‘ਤੇ ਬੁੱਕ ਕੀਤੇ ਤੀਜੇ ਵਿਸ਼ੇਸ਼ ਜਹਾਜ਼ ਰਾਹੀਂ ਵਤਨ ਵਾਪਸ ਲਿਆਂਦਾ ਗਿਆ।

ਦੱਸ ਦਈਏ ਕਿ ਕੋਰੋਨਾ ਮਹਾਮਾਰੀ ਕਾਰਨ ਹਜ਼ਾਰਾਂ ਦੀ ਗਿਣਤੀ ‘ਚ ਭਾਰਤੀ ਯੂਏਈ ‘ਚ ਫਸੇ ਹੋਏ ਹਨ। ਡਾ. ਓਬਰਾਏ ਨੇ ਦੱਸਿਆ ਕਿ ਅਜੇ ਵੀ ਹਜ਼ਾਰਾਂ ਲੋਕ ਅਰਬ ਦੇਸ਼ਾਂ ਵਿਚ ਫਸੇ ਹੋਏ ਹਨ ਜਿਨ੍ਹਾਂ ਨੂੰ ਨੌਕਰੀ ਤੋਂ ਕੱਢ ਦਿੱਤਾ ਗਿਆ ਹੈ, ਜੋ ਆਪਣੇ ਵਤਨ ਵਾਪਸ ਆਉਣ ਲਈ ਤਰਸ ਰਹੇ ਹਨ।

ਡਾ. ਓਬਰਾਏ ਨੇ ਦੱਸਿਆ ਕਿ ਜਦੋਂ ਉਨ੍ਹਾਂ ਦੀ ਟਰੱਸਟ ਨੂੰ ਇਸ ਬਾਰੇ ‘ਚ ਪਤਾ ਚਲਿਆ ਤਾਂ ਉਨ੍ਹਾਂ ਨੇ ਅਪਣੇ ਖ਼ਰਚੇ ‘ਤੇ 4 ਜਹਾਜ਼ਾਂ ਵਿਚ ਬੁਕਿੰਗ ਕਰਵਾਈ। ਇਸ ਤੋਂ ਪਹਿਲਾਂ ਬੀਤੀ 7 ਅਤੇ 13 ਜੁਲਾਈ ਨੂੰ ਦੋ ਉਡਾਣਾਂ ਰਾਹੀਂ ਕ੍ਰਮਵਾਰ 177 ਅਤੇ 174 ਪੰਜਾਬੀਆਂ ਨੂੰ ਵਤਨ ਵਾਪਸ ਲਿਆਂਦਾ ਗਿਆ ਸੀ ਅਤੇ ਤੀਜੀ ਸਾਲਮ (ਚਾਰਟਰਡ) ਉਡਾਣ ਰਾਹੀਂ 177 ਪੰਜਾਬੀਆਂ ਨੂੰ ਵਤਨ ਵਾਪਸ ਲਿਆਂਦਾ ਗਿਆ ਹੈ। ਇਹ ਉਡਾਣ ਬੁੱਧਵਾਰ ਸਵੇਰੇ ਮੋਹਾਲੀ ਏਅਰਪੋਰਟ ‘ਤੇ ਪੁੱਜੀ। ਇਸ ‘ਚ 4 ਲੋਕ ਜੰਮੂ ਅਤੇ ਕਸ਼ਮੀਰ, 16 ਹਿਮਾਚਲ ਅਤੇ ਬਾਕੀ ਪੰਜਾਬ ਤੋਂ ਹਨ। ਜਦ ਕਿ ਚੌਥਾ ਜਹਾਜ਼ ਅਜੇ ਆਉਣਾ ਹੈ।

Share this Article
Leave a comment