ਓਟਾਵਾ : ਬਦਲਦੇ ਮੌਸਮ ਅਤੇ ਛੁੱਟੀਆਂ ਦੌਰਾਨ ਯਾਤਰਾ ਦੀ ਤਿਆਰੀ ਕਰ ਰਹੇ ਲੋਕਾਂ ਨੂੰ ਸਿਹਤ ਮੰਤਰੀ ਪੈਟੀ ਹਜਦੂ ਨੇ ਯਾਦ ਕਰਵਾਇਆ ਹੈ ਕਿ ‘ਕੋਰੋਨਾ ਦਾ ਖਤਰਾ ਹਾਲੇ ਟਲਿਆ ਨਹੀਂ ਹੈ। ਇਸ ਲਈ ਯਾਤਰਾ ਤੋਂ ਫਿਲਹਾਲ ਪਰਹੇਜ਼ ਹੀ ਰੱਖਿਆ ਜਾਵੇ।’
ਮੌਸਮ ਵਿੱਚ ਬਦਲਾਅ ਤੋਂ ਬਾਅਦ ਵਧਦੀ ਠੰਡ ਵਿਚਾਲੇ ਕੈਨੇਡੀਅਨਜ ਦੇਸ਼ ਦੇ ਦੱਖਣੀ ਹਿੱਸੇ ਵਿੱਚ ਧੁੱਪ ਵਾਲੀਆਂ ਥਾਵਾਂ ‘ਤੇ ਛੁੱਟੀਆਂ ਲਈ ਜਾਣ ਦੀ ਤਿਆਰੀ ਕਰ ਰਹੇ ਹਨ। ਸਿਹਤ ਮੰਤਰੀ ਹਜਦੂ ਨੇ ਇਨ੍ਹਾਂ ਸੰਭਾਵੀ ਯਾਤਰੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਬੇਹੱਦ ਜ਼ਰੂਰੀ ਨਾ ਹੋਵੇ ਤਾਂ ਇਸ ਵਾਰ ਵੀ ਸਰਦੀ ਦੀਆਂ ਛੁੱਟੀਆਂ ਵਿੱਚ ਟਰੈਵਲ ਨਾ ਕੀਤਾ ਜਾਵੇ।
ਸਿਹਤ ਮੰਤਰੀ ਨੇ ਕਿਹਾ, “ਮੈਂ ਕੈਨੇਡੀਅਨਾਂ ਨੂੰ ਯਾਦ ਦਿਵਾਉਂਦੀ ਹਾਂ ਕਿ ਸਾਡੇ ਕੋਲ ਅਜੇ ਵੀ ‘ਟਰੈਵਲ ਐਡਵਾਇਜ਼ਰੀ’ ਹੈ, ਜੋ ਸਿਫਾਰਸ਼ ਕਰਦੀ ਹੈ ਕਿ ਲੋਕ ਯਾਤਰਾ ਨਾ ਕਰਨ ਜਦੋਂ ਤੱਕ ਇਹ ਬੇਹੱਦ ਜ਼ਰੂਰੀ ਨਾ ਹੋਵੇ।”
ਹਜਦੂ ਨੇ ਕਿਹਾ, ‘ਕੁਝ ਕਾਰਨ’ ਹਨ, ਜਿਸ ਕਰਕੇ ਟਰੈਵਲ ਐਡਵਾਇਜ਼ਰੀ ਅਜੇ ਵੀ ਲਾਗੂ ਹੈ। ਉਨ੍ਹਾਂ ਕਿਹਾ ਕਿ ਇਹ ਤੱਥ ਹੈ ਕਿ ‘ਦੁਨੀਆ ਵਿੱਚ ਬਹੁਤ ਸਾਰੀਆਂ ਥਾਵਾਂ ਅਜਿਹੀਆਂ ਹਨ, ਜਿੱਥੇ ਕੋਵਿਡ-19 ਵਾਇਰਸ ਹਾਲੇ ਵੀ ਮੌਜੂਦ ਹੈ ਅਤੇ ਉੱਥੇ ਕੋਵਿਡ ਦੀ ਸਥਿਤੀ ਗੰਭੀਰ ਹੈ, ਇਨ੍ਹਾਂ ‘ਚ ਕੁਝ ਅਮਰੀਕੀ ਸੂਬੇ ਵੀ ਸ਼ਾਮਲ ਹਨ।’
ਜ਼ਿਕਰਯੋਗ ਹੈ ਕਿ ਪਿਛਲੇ ਸਾਲ ਵੀ ਕੋਵਿਡ-19 ਕਾਰਨ ਸਰਦੀ ਦੀਆਂ ਛੁੱਟੀਆਂ ਦੌਰਾਨ ਕੈਨੇਡਾ ਦੇ ਸਿਹਤ ਮੰਤਰਾਲੇ ਨੇ ਲੋਕਾਂ ਨੂੰ ਯਾਤਰਾ ਨਾ ਕਰਨ ਦੀ ਅਪੀਲ ਕੀਤੀ ਸੀ। ਹਜਦੂ ਦਾ ਬਿਆਨ ਅਜਿਹੇ ਸਮੇਂ ਆਇਆ ਹੈ ਜਦੋਂ ਕਿ ਦੇਸ਼ ਵਿਚ ਕੋਰੋਨਾ ਦੀ ਚੌਥੀ ਲਹਿਰ ਅੰਕੜਿਆਂ ਅਨੁਸਾਰ ਢਲਾਨ ਵੱਲ ਹੈ।