ਚੰਡੀਗੜ੍ਹ : ਜਲੰਧਰ ਦੀ ਲੋਕ ਸਭਾ ਜ਼ਿਮਨੀ ਚੋਣ ਦੋਰਾਨ ਜਿਥੇ ਪ੍ਰਚਾਰ ਪੂਰੀ ਤਰ੍ਹਾ ਭਖ ਗਿਆ ਹੈ। ਉਥੇ ਹੀ ਹਰ ਇਕ ਪਾਰਟੀ ਵੱਲੋਂ ਆਪਣੀ ਜ਼ੋਰ ਅਜਮਾਇਸ਼ ਕੀਤੀ ਜਾ ਰਹੀ ਹੈ । ਸੱਤਾਧਿਰ ਵੱਲੋਂ ਆਪਣੇ ਕੀਤੇ ਐਲਾਨਾਂ ਨੂੰ ਹੀ ਪ੍ਰਚਾਰਿਆ ਜਾ ਰਿਹਾ ਹੈ । ਜਿਸ ਤਹਿਤ ਸੂਬੇ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦੇ ਪੋਸਟਰ ਤੇ ਇਸ਼ਤਿਹਾਰ ਲਾਏ ਹਨ ਅਤੇ ਮੁੱਖ ਮੰਤਰੀ ਪੰਜਾਬ ਵੱਲੋਂ ਕਿਹਾ ਗਿਆ ਹੈ ਸਾਡੀ ਸਰਕਾਰ ਨੇ 13000 ਕੱਚੇ ਮੁਲਾਜ਼ਮ ਪੱਕੇ ਕਰ ਦਿੱਤੇ ਅਤੇ 14417 ਹੋ ਪੱਕੇ ਕਰਨ ਜਾ ਰਹੇ ਹਨ । ਅਸਲ ਸੱਚਾਈ ਇਸਦੇ ਉਲਟ ਹੈ। ਜਿਸ ਦੇ ਸਿਲਸਿਲੇ ਵਜੋਂ ਕੱਚੇ ਮੁਲਾਜ਼ਮਾਂ ਨੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਵਿਧਾਇਕਾਂ ਅਤੇ ਮੰਤਰੀਆ ਲਈ ਨਵੀ ਸਕੀਮ “ ਤਾਰੀਖ ਦੱਸੋ ਇਨਾਮ ਪਾਓ” ਦੀ ਸ਼ੁਰੂਆਤ ਕੀਤੀ ਹੈ ਜਿਸ ਵਿਚ ਉਨ੍ਹਾਂ ਪੂਰੀ ਡਿਟੇਲ ਨਾਲ ਦੱਸਿਆ ਹੈ ਕਿ ਕੀ ਹੋਇਆ ਹੈ ਹੈ ਅਤੇ ਕੀ ਹੋ ਰਿਹਾ ਹੈ।
ਸਕੀਮ ‘ਚ ਦੱਸਿਆ ਗਿਆ ਹੈ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਨੇ ਸਰਕਾਰ ਬਣਦੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦਾ ਐਲਾਨ ਕਰ ਦਿੱਤਾ ਸੀ ਅਤੇ 5 ਸਤੰਬਰ ਨੂੰ ਅਧਿਆਪਕ ਦਿਵਸ ਮੋਕੇ ਸਿੱਖਿਆ ਵਿਭਾਗ ਦੇ 8736 ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਮੰਤਰੀ ਮੰਡਲ ਨੇ ਮਤਾ ਪਾਸ ਕਰ ਦਿੱਤਾ ਸੀ। ਇਸ ਉਪਰੰਤ ਲੋਹੜੀ ਤੇ 6000 ਅਤੇ 21 ਫਰਵਰੀ ਨੂੰ 14417 ਕੱਚੇ ਮੁਲਾਜ਼ਮ ਪੱਕੇ ਕਰਨ ਦਾ ਐਲਾਨ ਕੀਤਾ ਸੀ । ਜਿਸ ਨਾਲ ਕੱਚੇ ਮੁਲਾਜ਼ਮਾਂ ਨੂੰ ਬਹੁਤ ਵੱਡੀ ਉਮੀਦ ਬਣ ਗਈ ਸੀ ਕਿ ਪਹਿਲੀ ਸਰਕਾਰ ਆਈ ਹੈ ਜਿਸ ਨੇ ਪਹਿਲੇ ਛੇ ਮਹੀਨਿਆ ਦੋਰਾਨ ਕਰਮਚਾਰੀਆ ਨੂੰ ਪੱਕਾ ਕਰਨ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਪਰ ਸਮਾਂ ਬੀਤਦੇ ਬੀਤਦੇ ਇਹ ਸਰਕਾਰ ਵੀ ਪਹਿਲੀਆ ਸਰਕਾਰਾਂ ਵਾਂਗ ਸਾਬਿਤ ਹੋਣ ਲੱਗੀ ਕਿਉਕਿ ਇਕ ਸਾਲ ਦੋਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨ ਦਾ ਐਲਾਨ ਤਾਂ ਕੀਤੇ ਪਰ ਹਕੀਕਤ ‘ਚ ਇਕ ਵੀ ਕੱਚਾ ਮੁਲਾਜ਼ਮ ਪੱਕਾ ਨਹੀ ਹੋਇਆ।
ਪ੍ਰੈਸ ਬਿਆਨ ਜ਼ਾਰੀ ਕਰਦੇ ਹੋਏ ਕੱਚੇ ਮੁਲਾਜ਼ਮਾਂ ਦੇ ਆਗੂ ਅਸ਼ੀਸ਼ ਜੁਲਾਹਾ ਨੇ ਕਿਹਾ ਕਿ ਬਾਕੀ ਮੁਲਾਜ਼ਮਾਂ ਨੂੰ ਪੱਕਾ ਕਰਨਾ ਤਾਂ ਦੂਰ ਜਿੰਨ੍ਹਾ ਮੁਲਾਜ਼ਮਾਂ ਨੂੰ ਪੱਕਾ ਕਰਨ ਲਈ ਸਰਕਾਰ ਨੋਟੀਫਿਕੇਸ਼ਨ ਕਰ ਚੁੱਕੀ ਹੈ । ਉਨ੍ਹਾਂ ਨੂੰ ਵੀ ਆਰਡਰ ਨਹੀ ਦਿੱਤੇ ਜਾ ਰਹੇ ਹਨ।ਉਨ੍ਹਾਂ ਦੱਸਿਆ ਕਿ 5 ਸਤੰਬਰ ਨੂੰ ਕੈਬਿਨਟ ਦੀ ਮੋਹਰ ਲੱਗਣ ਤੋਂ ਬਾਅਦ 7 ਅਕਤੂਬਰ ਨੂੰ ਪ੍ਰਸੋਨਲ ਵਿਭਾਗ ਵੱਲੋਂ ਸਿੱਖਿਆ ਵਿਭਾਗ ਦੇ ਕੱਚੇ ਮੁਲਾਜ਼ਮਾਂ ਨੂੰ ਰੈਗੂਲਰ ਕਰਨ ਦਾ ਨੋਟੀਫਿਕੇਸ਼ਨ ਜ਼ਾਰੀ ਕੀਤਾ ਗਿਆ ਸੀ।ਉਨ੍ਹਾਂ ਕਿਹਾ ਕਿ ਜੇਕਰ 6 ਮਹੀਨੇ ਪਹਿਲਾਂ ਨੋਟੀਫਿਕੇਸ਼ਨ ਵਾਲੇ 8736 ਕੱਚੇ ਮੁਲਾਜ਼ਮਾਂ ਦੇ ਹੱਥ ਅਜੇ ਖਾਲੀ ਹਨ ਤਾਂ ਬਾਕੀ 20000 ਦਾ ਨੰਬਰ ਕਦੋਂ ਆਵੇਗਾ।
ਉਨ੍ਹਾਂ ਕਿਹਾ ਕਿ ਭਗਵੰਤ ਮਾਨ ਵੀ ਬਾਕੀ ਪਾਰਟੀਆ ਵਾਂਗ ਕੱਚੇ ਮੁਲਾਜ਼ਮਾਂ ਦੇ ਹਿੱਤਾਂ ਨਾਲ ਖੇਡ ਰਹੇ ਹਨ ਤੇ ਉਨ੍ਹਾਂ ਦੇ ਜ਼ਖਮਾਂ ਨੂੰ ਵਾਰ ਵਾਰ ਕੁਰੇਦ ਰਹੇ ਹਨ।ਉਨ੍ਹਾਂ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਸਮੇਤ ਬਾਕੀ ਰਾਜਨੀਤਿਕ ਪਾਰਟੀਆ ਦੇ ਆਗੂਆ ਨੂੰ ਵੀ ਚੇਤਾਵਨੀ ਭਰੇ ਲਹਿਜ਼ੇ ਵਿਚ ਕਿਹਾ ਕਿ ਉਹ ਕੱਚੇ ਮੁਲਾਜ਼ਮਾਂ ਦੇ ਹਿੱਤਾਂ ਨਾਲ ਜਦ ਵੀ ਵੋਟਾਂ ਆਉਦੀਆਂ ਹਨ ਉਸ ਸਮੇਂ ਖੇਡਣਾ ਬੰਦ ਕਰ ਦੇਣ। ਜੁਲਾਹਾ ਨੇ ਕਿਹਾ ਕਿ ਸਰਕਾਰ ਦੇ ਦਾਅਵੇ ਨੂੰ ਝੂਠਾ ਸਾਬਿਤ ਕਰਦਾ ਹੋਇਆ ਪੋਸਟਰ ਤਿਆਰ ਕੀਤਾ ਗਿਆ ਹੈ ਜੋ ਕਿ ਅੱਜ ਸੋਸ਼ਲ ਮੀਡੀਆ ਰਾਹੀ ਆਮ ਜਨਤਾ ਤੱਕ ਪਹੁੰਚਾਇਆ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਦੇ ਵਲੰਟੀਅਰ ਇਸ ਸਕੀਲ ਦਾ ਲਾਭ ਲੈਦੇ ਹੋਏ ਇਨਤਮ ਜਿੱਤ ਸਕੇ ਹਨ ਅਤੇ ਮੁੱਖ ਮੰਤਰੀ ਤੋਂ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਆਰਡਰ ਕਦੋਂ ਦਿੱਤੇ ਜਾਣਗੇ ਦੀ ਤਾਰੀਖ ਦੱਸ ਕੇ ਇਨਾਮ ਜਿੱਤ ਸਕਦੇ ਹਨ। ਆਗੂ ਨੇ ਕਿਹਾ ਕਿ ਆਉਣ ਵਾਲੇ ਦਿਨਾਂ ਵਿਚ ਇਸ ਪੋਸਟਰ ਦੇ ਪਰਚੇ ਬਣਵਾ ਕੇ ਜਲੰਧਰ ਸਮੇਤ ਪੂਰੇ ਪੰਜਾਬ ਦੇ ਕੋਨੇ ਕੋਨੇ ਵਿਚ ਵੰਡੇ ਜਾਣਗੇ ਅਤੇ ਸਰਕਾਰ ਦੇ ਝੂਠੇ ਦਾਅਵਿਆ ਦੀ ਪੋਲ ਖੋਲੀ ਜਾਵੇਗੀ।