ਚੰਡੀਗੜ੍ਹ, (ਅਵਤਾਰ ਸਿੰਘ): ਪੀ.ਏ.ਯੂ. ਵੱਲੋਂ ਹਰ ਬੁੱਧਵਾਰ ਕਰਵਾਏ ਜਾਂਦੇ ਲਾਈਵ ਪ੍ਰੋਗਰਾਮ ਨਾਲ ਵੱਡੀ ਪੱਧਰ ‘ਤੇ ਕਿਸਾਨਾਂ ਦਾ ਜੁੜਨਾ ਜਾਰੀ ਹੈ। ਇਸ ਸੰਬੰਧੀ ਅੱਜ ਕਰਵਾਏ ਗਏ ਲਾਈਵ ਪ੍ਰੋਗਰਾਮ ਵਿੱਚ ਖੇਤੀ ਸਮੱਸਿਆਵਾਂ ਬਾਰੇ ਕਿਸਾਨਾਂ ਨਾਲ ਗੱਲਬਾਤ ਕਰਨ ਲਈ ਵੱਖ-ਵੱਖ ਵਿਭਾਗਾਂ ਤੋਂ ਮਾਹਿਰ ਸ਼ਾਮਿਲ ਹੋਏ। ਪੀ.ਏ.ਯੂ. ਵਿਖੇ ਸਥਿਤ ਪੰਜਾਬ ਪੋਸਟ ਹਾਰਵੈਸਟਿੰਗ ਸੈਂਟਰ ਦੇ ਨਿਰਦੇਸ਼ਕ ਡਾ. ਬੀ ਵੀ ਸੀ ਮਹਾਜਨ ਨੇ ਇਸ ਸੈਂਟਰ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੱਤੀ। ਇਸ ਤੋਂ ਇਲਾਵਾ ਉਹਨਾਂ ਨੇ ਕਿੰਨੂ ਦੀ ਫ਼ਸਲ ਦੀ ਤੁੜਾਈ ਬਾਰੇ ਤਕਨੀਕੀ ਨੁਕਤਿਆਂ ਦੀ ਸਾਂਝ ਪੁਆਈ। ਡਾ. ਮਹਾਜਨ ਨੇ ਕਿੰਨੂ ਦੀ ਗਰੇਡਿੰਗ, ਵੈਕਸਿੰਗ, ਪੈਕਿੰਗ ਅਤੇ ਮੰਡੀਕਰਨ ਸਮੇਂ ਧਿਆਨ ਵਿੱਚ ਰੱਖੀਆਂ ਜਾਣ ਵਾਲੀਆਂ ਗੱਲਾਂ ਬਾਗਬਾਨੀ ਕਰਨ ਵਾਲੇ ਕਿਸਾਨਾਂ ਨਾਲ ਸਾਂਝੀਆਂ ਕੀਤੀਆਂ। ਉਹਨਾਂ ਨੇ ਕਿੰਨੂ ਨੂੰ ਸਟੋਰ ਕਰਨ ਲਈ ਢੁੱਕਵੇਂ ਤਾਪਮਾਨ ਬਾਰੇ ਗੱਲ ਕਰਦਿਆ ਇਸ ਫ਼ਲ ਦੀ ਖੁਰਾਕੀ ਮਹੱਤਤਾ ਉਪਰ ਚਾਨਣਾ ਪਾਇਆ।
ਸੀਨੀਅਰ ਪੌਦਾ ਰੋਗ ਵਿਗਿਆਨੀ ਡਾ. ਅਮਰਜੀਤ ਸਿੰਘ ਨੇ ਆਲੂ ਦੀ ਫ਼ਸਲ ਉਪਰ ਚਾਲੂ ਮੌਸਮ ਦੌਰਾਨ ਬਿਮਾਰੀਆਂ ਦੇ ਖਦਸ਼ੇ ਬਾਰੇ ਗੱਲਬਾਤ ਕੀਤੀ। ਉਹਨਾਂ ਨੇ ਬਲਾਈਟ ਤੋਂ ਬਿਨਾਂ ਵਾਇਰਸ ਨਾਲ ਲੱਗਣ ਵਾਲੀਆਂ ਹੋਰ ਬਿਮਾਰੀਆਂ ਬਾਰੇ ਜਾਣਕਾਰੀ ਦਿੱਤੀ ਅਤੇ ਦੱਸਿਆ ਕਿ ਜੇਕਰ ਇਸ ਬਿਮਾਰੀ ਉਪਰ ਕਾਬੂ ਨਾ ਪਾਇਆ ਜਾਵੇ ਤਾਂ ਬਹੁਤ ਨੁਕਸਾਨ ਹੋ ਸਕਦਾ ਹੈ। ਫ਼ਸਲ ਵਿਗਿਆਨੀ ਡਾ. ਸਿਮਰਜੀਤ ਕੌਰ ਨੇ ਕਣਕ ਦੀ ਫ਼ਸਲ ਵਿੱਚ ਗੁੱਲੀ ਡੰਡੇ ਦੀ ਸਮੱਸਿਆ ਅਤੇ ਉਸਦੀ ਰੋਕਥਾਮ ਸੰਬੰਧੀ ਵਿਚਾਰ ਪੇਸ਼ ਕੀਤੇ। ਗੁੱਲੀ ਡੰਡੇ ਤੋਂ ਬਿਨਾਂ ਕਣਕ ਦੇ ਹੋਰ ਨਦੀਨਾਂ ਬਾਰੇ ਕਿਸਾਨਾਂ ਨੂੰ ਜਾਣਕਾਰੀ ਦਿੰਦਿਆਂ ਉਹਨਾਂ ਨੇ ਕੁਝ ਜ਼ਰੂਰੀ ਨੁਕਤੇ ਕਿਸਾਨਾਂ ਨਾਲ ਸਾਂਝੇ ਕੀਤੇ। ਪ੍ਰੋਗਰਾਮ ਦੀ ਸ਼ੁਰੂਆਤ ਵੇਲੇ ਸ੍ਰੀ ਰਵਿੰਦਰ ਭਲੂਰੀਆ ਅਤੇ ਡਾ. ਸਿਮਰਜੀਤ ਕੌਰ ਨੇ ਇਸ ਪੰਦਰਵਾੜੇ ਦੇ ਖੇਤੀ ਰੁਝੇਵਿਆਂ ਬਾਰੇ ਜਾਣਕਾਰੀ ਦਿੱਤੀ।