ਚੋਣਾਂ ‘ਚ ਵੋਟਿੰਗ ਪ੍ਰਤੀਸ਼ਤ ਵਧਾਉਣ ਲਈ ਕੇਂਦਰ ਸਰਕਾਰ ਵੱਡਾ ਫੈਸਲਾ ਲੈਂਦਿਆਂ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਅਪਾਹਜਾਂ ਨੂੰ ਪੋਸਟਲ ਬੈਲਟ ਰਾਹੀਂ ਵੋਟ ਪਾਉਣ ਦੀ ਸੁਵਿਧਾ ਦਿੱਤੀ ਹੈ। ਕਮੀਸ਼ਨ ਦੀ ਸਿਫਾਰਸ਼ ‘ਤੇ ਕਾਨੂੰਨ ਮੰਤਰਾਲੇ ਨੇ ਇਸ ਫੈਸਲੇ ਨੂੰ 22 ਅਕਤੂਬਰ ਨੂੰ ਲਾਗੂ ਕਰਨ ਲਈ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਹੁਣ ਇਸ ਸ਼੍ਰੇਣੀ ਦੇ ਉਮੀਦਵਾਰ ਆਪਣੀ ਇੱਛਾ ਅਨੁਸਾਰ ਪੋਸਟ ਬੈਲਟ ਦੇ ਜ਼ਰੀਏ ਵੋਟ ਪਾ ਸਕਦੇ ਹਨ। ਇਸ ਤੋਂ ਪਹਿਲਾਂ ਬਜ਼ੁਰਗਾਂ ਤੇ ਅਪਾਹਜਾਂ ਨੂੰ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ‘ਤੇ ਜਾਣਾ ਪੈਂਦਾ ਸੀ। ਜਿਸ ‘ਚ ਉਨ੍ਹਾਂ ਨੂੰ ਬਹੁਤ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ।
ਮੰਤਰਾਲੇ ਨੇ ਅਪਾਹਜਾਂ ਤੇ 80 ਸਾਲ ਤੋਂ ਵੱਧ ਉਮਰ ਦੇ ਵੋਟਰਾਂ ਨੂੰ ਪੋਸਟਲ ਬੈਲਟ ਰਾਹੀਂ ਮਤ ਅਧਿਕਾਰ ਦੇਣ ਲਈ ਚੋਣ ਨਿਯਮ, 1961 ‘ਚ ਤਬਦੀਲੀ ਕੀਤੀ ਗਈ ਹੈ। ਇਸ ਤਬਦੀਲੀ ਤੋਂ ਬਾਅਦ ਹੁਣ 80 ਸਾਲ ਤੋਂ ਵੱਧ ਉਮਰ ਦੇ ਬਜ਼ੁਰਗਾਂ ਤੇ ਅਪਾਹਜ ਆਪਣੇ ਵੋਟ ਅਧਿਕਾਰ ਦੀ ਵਰਤੋਂ ਘਰ ਬੈਠ ਕੇ ਹੀ ਕਰ ਸਕਣਗੇ।
ਇਸ ਸੋਧ ਦੇ ਤਹਿਤ ਹੁਣ ਬਜ਼ੁਰਗਾਂ ਤੇ ਅਪਾਹਜਾਂ ਨੂੰ ਐਬਸੈਂਟੀ ਲਿਸਟ ‘ਚ ਸ਼ਾਮਲ ਕਰਨ ਦੀ ਵੀ ਆਗਿਆ ਮਿਲ ਗਈ ਹੈ। ਅਸਲ ‘ਚ ਐਬਸੈਂਟੀ ਲਿਸਟ ਦਾ ਮਤਲਬ ਉਨ੍ਹਾਂ ਲੋਕਾਂ ਤੋਂ ਹੈ ਜੋ ਆਪਣੀ ਵੋਟ ਪਾਉਣ ਲਈ ਪੋਲਿੰਗ ਬੂਥ ਤੱਕ ਪਹੁੰਚਣ ਲਈ ਅਸਮਰਥ ਹੁੰਦੇ ਹਨ।
ਇਸ ਕਾਨੂੰਨ ਦੇ ਅਨੁਸਾਰ ਵਿਅਕਤੀ ਨੂੰ ਨਵਾਂ ਫਾਰਮ 12ਡੀ ਭਰਨਾ ਪਵੇਗਾ, ਜਿਸ ਤੋਂ ਬਾਅਦ ਵੋਟਰ ਨੂੰ ਪੋਸਟਲ ਬੈਲਟ ਪੇਪਰ ਜਾਰੀ ਕੀਤਾ ਜਾਵੇਗਾ। ਚੋਣ ਕਮੀਸ਼ਨ ਦਾ ਮੰਨਣਾ ਹੈ ਕਿ ਚੋਣਾਂ ਸਮੇਂ ਬਜ਼ੁਰਗਾਂ ਤੇ ਅਪਾਹਜਾਂ ਦੀ ਭਾਗੀਦਾਰੀ ਘਟਦੀ ਜਾ ਰਹੀ ਹੈ, ਜਿਸ ਨੂੰ ਦੇਖ ਕੇ ਇਹ ਫੈਸਲਾ ਲਿਆ ਗਿਆ ਹੈ ਤਾਂ ਜੋ ਹਰ ਇੱਕ ਬਜ਼ੁਰਗ ਤੇ ਅਪਾਹਜ ਵਿਅਕਤੀ ਵੀ ਆਪਣੀ ਵੋਟ ਅਧਿਕਾਰ ਦੀ ਵਰਤੋਂ ਕਰ ਸਕੇ।