ਚੰਡੀਗੜ੍ਹ: ਦਿਲਜੀਤ ਦੋਸਾਂਝ ਦੀ ਫਿਲਮ ‘ਪੰਜਾਬ 95’ ਦੀ ਪ੍ਰਸ਼ੰਸਕਾਂ ਵੱਲੋਂ ਬੇਸਬਰੀ ਨਾਲ ਉਡੀਕ ਕੀਤੀ ਜਾ ਰਹੀ ਹੈ, ਪਰ ਫਿਲਮ ਨੂੰ ਲੈ ਕੇ ਵਿਵਾਦਾਂ ਕਾਰਨ ਰਿਲੀਜ਼ ਨੂੰ ਲੈ ਕੇ ਅਜੇ ਤੱਕ ਕੁੱਝ ਵੀ ਸਾਫ ਨਹੀਂ ਹੋ ਸਕਿਆ ਹੈ। ਮਨੁੱਖੀ ਅਧਿਕਾਰ ਕਾਰਕੁਨ ਜਸਵੰਤ ਸਿੰਘ ਖਾਲੜਾ ਦੇ ਜੀਵਨ ‘ਤੇ ਬਣੀ ਫਿਲਮ ਪਹਿਲਾਂ 7 ਫਰਵਰੀ ਨੂੰ ਰਿਲੀਜ਼ ਹੋਣੀ ਸੀ, ਪਰ ਹੁਣ ਇਸ ਨੂੰ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ ਹੈ।
ਰਿਲੀਜ਼ ‘ਚ ਦੇਰੀ ਨੂੰ ਲੈ ਕੇ ਇੰਸਟਾਗ੍ਰਾਮ ‘ਤੇ ਕੀਤੀ ਪੋਸਟ
ਫਿਲਮ ਦੀ ਰਿਲੀਜ਼ ‘ਚ ਲਗਾਤਾਰ ਹੋ ਰਹੀ ਦੇਰੀ ‘ਤੇ ਹੁਣ ਦਿਲਜੀਤ ਦੋਸਾਂਝ ਨੇ ਇੰਸਟਾਗ੍ਰਾਮ ‘ਤੇ ਇੱਕ ਸਟੋਰੀ ਸਾਂਝੀ ਕਰਕੇ ਪ੍ਰਸ਼ੰਸਕਾਂ ਨੂੰ ਹੌਸਲਾ ਦਿੱਤਾ ਹੈ। ਅਦਾਕਾਰ ਨੇ ਲਿਖਿਆ, ”ਅੱਜ ਨਹੀਂ ਤਾਂ ਕੱਲ ਸੱਚ ਸਾਹਮਣੇ ਆਊਗਾ, ਸੱਚ ਨੂੰ ਕੋਈ ਰੋਕ ਨੀ ਸਕਦਾ, ਬਾਬਾ ਕਰੂ ਕਿਰਪਾ।”
ਜ਼ਿਕਰਯੋਗ ਹੈ ਕਿ ਇਸ ਫਿਲਮ ਨੂੰ ਰਿਲੀਜ਼ ਹੋਣ ਲਈ ਲਗਭਗ 2 ਸਾਲ ਤੋਂ ਵੱਧ ਇੰਤਜ਼ਾਰ ਕਰਨ ਨੂੰ ਹੋ ਗਏ ਹਨ। ਸੈਂਟਰਲ ਬੋਰਡ ਆਫ ਫਿਲਮ ਸਰਟੀਫਿਕੇਸ਼ਨ (CBSE) ਨੇ ਇਸ ਤੋਂ ਪਹਿਲਾਂ ਫਿਲਮ ਵਿੱਚ 120 ਕੱਟਾਂ ਦੀ ਮੰਗ ਕੀਤੀ ਸੀ, ਜਿਸ ਨਾਲ ਵਿਵਾਦ ਛਿੜਿਆ ਹੋਇਆ ਹੈ। ਦਿਲਜੀਤ ਦੀ ਪੋਸਟ ਤੋਂ ਸਾਫ ਸੀ ਕਿ ਇਹ ਫਿਲਮ ਹੁਣ ਬਿਨਾਂ ਕੱਟਾਂ ਦੇ ਰਿਲੀਜ਼ ਹੋ ਰਹੀ ਹੈ, ਪਰ ਫਿਲਮ ਰਿਲੀਜ ਨਹੀਂ ਹੋ ਸਕੀ। ਇਸ ਪਿੱਛੇ ਅਦਾਕਾਰ ਨੇ ਆਪਣੀ ਪੋਸਟ ‘ਚ ਲਿਖਿਆ ਸੀ, ”ਮੈਂ ਮੁਆਫ਼ੀ ਮੰਗਦਾ ਹਾਂ, ਸਾਨੂੰ ਇਹ ਕਹਿੰਦੇ ਬਹੁਤ ਦੁੱਖ ਹੋ ਰਿਹਾ ਹੈ ਕਿ ਫਿਲਮ ‘ਪੰਜਾਬ 95’ 7 ਫਰਵਰੀ ਨੂੰ ਰਿਲੀਜ਼ ਨਹੀਂ ਹੋਵੇਗੀ, ਕਿਉਂਕਿ ਫਿਲਹਾਲ ਸਥਿਤੀ ਸਾਡੇ ਹੱਥ ‘ਚ ਨਹੀਂ।”
ਨੋਟ: ਪੰਜਾਬੀ ਦੀਆਂ ਖ਼ਬਰਾਂ ਪੜ੍ਹਨ ਲਈ ਤੁਸੀਂ ਸਾਡੀ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜੇ ਤੁਸੀਂ ਵੀਡੀਓ ਵੇਖਣਾ ਚਾਹੁੰਦੇ ਹੋ ਤਾਂ Global Punjab TV ਦੇ YouTube ਚੈਨਲ ਨੂੰ Subscribe ਕਰੋ। ਤੁਸੀਂ ਸਾਨੂੰ ਫੇਸਬੁੱਕ, ਟਵਿੱਟਰ ‘ਤੇ ਵੀ Follow ਕਰ ਸਕਦੇ ਹੋ। ਸਾਡੀ ਵੈੱਬਸਾਈਟ https://globalpunjabtv.com/ ‘ਤੇ ਜਾ ਕੇ ਵੀ ਹੋਰ ਖ਼ਬਰਾਂ ਨੂੰ ਪੜ੍ਹ ਸਕਦੇ ਹੋ।