ਨਵੀਂ ਦਿੱਲੀ: ਸ਼ਰਾਬ ਨੀਤੀ ਘਪਲੇ ਮਾਮਲੇ ‘ਚ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਈਡੀ ਤੋਂ ਬਾਅਦ ਹੁਣ ਸੀਬੀਆਈ ਦੇ ਰਿਮਾਂਡ ਰੂਮ ਵਿੱਚ ਪਹੁੰਚ ਗਏ ਹਨ। ਸੀਬੀਆਈ ਵੱਲੋਂ ਦਿੱਲੀ ਦੇ ਮੁੱਖ ਮੰਤਰੀ ਦੀ ਗ੍ਰਿਫ਼ਤਾਰੀ ਤੋਂ ਬਾਅਦ ਉਨ੍ਹਾਂ ਦੀ ਪਤਨੀ ਸੁਨੀਤਾ ਕੇਜਰੀਵਾਲ ਗੁੱਸੇ ਵਿੱਚ ਹਨ। ਉਨ੍ਹਾਂ ਨੇ ਕੇਜਰੀਵਾਲ ਦੀ ਗ੍ਰਿਫਤਾਰੀ ਨੂੰ ਤਾਨਾਸ਼ਾਹੀ ਕਰਾਰ ਦਿੱਤਾ ਹੈ। ਸੁਨੀਤਾ ਕੇਜਰੀਵਾਲ ਨੇ ਆਪਣੇ ਸੋਸ਼ਲ ਮੀਡੀਆ ਹੈਂਡਲ ‘ਤੇ ਟਵੀਟ ਕੀਤਾ, ‘ਹੁਣ ਤੱਕ ਮੇਰੀ ਇਹੀ ਅਰਦਾਸ ਰਹੀ ਹੈ ਕਿ ਪ੍ਰਮਾਤਮਾ ਸਾਰਿਆਂ ਨੂੰ ਬੁੱਧੀ ਬਖਸ਼ੇ। ਪਰ ਹੁਣ ਅਰਦਾਸ ਹੋਵੇਗੀ ਕਿ ਤਾਨਾਸ਼ਾਹ ਦਾ ਨਾਸ਼ ਹੋਵੇ।’
अभी तक हमेशा यही प्रार्थना रही है कि ईश्वर सबको सदबुद्धि दे। लेकिन अब प्रार्थना रहेगी कि तानाशाह का विनाश हो।
— Sunita Kejriwal (@KejriwalSunita) June 27, 2024
ਇਸ ਤੋਂ ਪਹਿਲਾਂ ਸੁਨੀਤਾ ਨੇ ਇਕ ਹੋਰ ਪੋਸਟ ਲਿਖ ਕੇ ਕੇਜਰੀਵਾਲ ਦੀ ਗ੍ਰਿਫਤਾਰੀ ‘ਤੇ ਇਤਰਾਜ਼ ਜਤਾਇਆ ਸੀ। ਉਹਨਾਂ ਨੇ ਲਿਖਿਆ ਸੀ, “20 ਜੂਨ ਨੂੰ ਅਰਵਿੰਦ ਕੇਜਰੀਵਾਲ ਨੂੰ ਜ਼ਮਾਨਤ ਮਿਲ ਗਈ। ਤੁਰੰਤ ਈਡੀ ਨੇ ਸਟੇਅ ਲੈ ਲਿਆ। ਅਗਲੇ ਦਿਨ ਸੀਬੀਆਈ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸਾਰਾ ਸਿਸਟਮ ਉਸ ਵਿਅਕਤੀ ਨੂੰ ਬਾਹਰ ਆਉਣ ਤੋਂ ਰੋਕਣ ਦੀ ਕੋਸ਼ਿਸ਼ ਕਰ ਰਿਹਾ ਹੈ। ਇਹ ਕਾਨੂੰਨ ਨਹੀਂ ਹੈ, ਇਹ ਐਮਰਜੈਂਸੀ ਹੈ।’
ਦੱਸ ਦਈਏ ਕਿ ਸੀਬੀਆਈ ਦੀ ਟੀਮ 29 ਜੂਨ ਤੱਕ ਸ਼ਰਾਬ ਨੀਤੀ ਨਾਲ ਜੁੜੇ ਸਵਾਲਾਂ ‘ਤੇ ਕੇਜਰੀਵਾਲ ਤੋਂ ਪੁੱਛਗਿੱਛ ਕਰੇਗੀ ਕਿਉਂਕਿ ਹੁਣ ਤੱਕ ਕੇਜਰੀਵਾਲ ਸ਼ਰਾਬ ਨੀਤੀ ਘੁਟਾਲੇ ਨਾਲ ਜੁੜੇ ਸਵਾਲਾਂ ਨੂੰ ਟਾਲਦੇ ਆ ਰਹੇ ਹਨ। ਸੀਬੀਆਈ ਨੇ ਅਦਾਲਤ ਨੂੰ ਕਿਹਾ ਕਿ ਉਹ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਨੂੰ ਆਹਮੋ-ਸਾਹਮਣੇ ਬਿਠਾ ਕੇ ਪੁੱਛਗਿੱਛ ਕਰਨਾ ਚਾਹੁੰਦੀ ਹੈ। ਇਸ ਤੋਂ ਇਲਾਵਾ, ਸੀਬੀਆਈ ਨੇ ਦਾਅਵਾ ਕੀਤਾ ਕਿ ਜਾਂਚ ਜਾਰੀ ਹੈ ਅਤੇ ਜੁਲਾਈ ਤੱਕ ਪੂਰੀ ਹੋ ਜਾਵੇਗੀ।
ਇਸ ਦੇ ਨਾਲ ਹੀ ਸੀਬੀਆਈ ਨੇ ਦਾਅਵਾ ਕੀਤਾ ਕਿ ਕੇਜਰੀਵਾਲ ਨੇ ਸਾਰਾ ਦੋਸ਼ ਮਨੀਸ਼ ਸਿਸੋਦੀਆ ‘ਤੇ ਮੜ੍ਹ ਦਿੱਤਾ ਹੈ ਪਰ ਕੇਜਰੀਵਾਲ ਨੇ ਅਦਾਲਤ ‘ਚ ਕਿਹਾ ਕਿ ਉਨ੍ਹਾਂ ਨੇ ਸਿਸੋਦੀਆ ਨੂੰ ਬੇਕਸੂਰ ਕਰਾਰ ਦਿੱਤਾ ਹੈ। ਉਨ੍ਹਾਂ ਨੇ ਇਸ ਮਾਮਲੇ ‘ਚ ਸਿਸੋਦੀਆ ‘ਤੇ ਕਿਸੇ ਤਰ੍ਹਾਂ ਦਾ ਦੋਸ਼ ਨਹੀਂ ਲਗਾਇਆ। ਇਸ ਦੇ ਨਾਲ ਹੀ ਕੇਜਰੀਵਾਲ ਦੇ ਵਕੀਲ ਦੀ ਦਲੀਲ ਤੋਂ ਬਾਅਦ ਅਦਾਲਤ ਨੇ ਘਰ ਦਾ ਖਾਣਾ ਅਤੇ ਜ਼ਰੂਰੀ ਦਵਾਈਆਂ ਦੀ ਇਜਾਜ਼ਤ ਦੇ ਦਿੱਤੀ ਹੈ। ਨਾਲ ਹੀ ਪਤਨੀ ਸੁਨੀਤਾ ਕੇਜਰੀਵਾਲ ਅਤੇ ਉਨ੍ਹਾਂ ਦੇ ਵਕੀਲ ਲਈ ਹਰ ਰੋਜ਼ 30-30 ਮਿੰਟ ਦਾ ਮੀਟਿੰਗ ਦਾ ਸਮਾਂ ਤੈਅ ਕੀਤਾ ਗਿਆ ਹੈ।