ਧਰਮ ਦਾ ਵਿਲੱਖਣ ਫਲਸਫਾ ਦੇਣ ਵਾਲੇ ਗੁਰੂ
*ਡਾ. ਗੁਰਦੇਵ ਸਿੰਘ
ਸਿੱਖ ਧਰਮ ਦੇ ਬਾਨੀ, ਜਗਤ ਜਾਲੰਦੇ ਨੂੰ ਤਾਰਣ ਵਾਲੇ, ਨਿਓਟਿਆਂ ਦੀ ਓਟ, ਨਿਆਸਰਿਆਂ ਦੇ ਆਸਰੇ, ਕਲਯੁਗ ਦੇ ਅਵਤਾਰ, ਅਕਾਲ ਰੂਪ, ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹਰ ਵਰੇ ਸਿੱਖ ਸੰਗਤਾਂ ਬਹੁਤ ਹੀ ਸ਼ਰਧਾ ਭਾਵਨਾ ਨਾਲ ਮਨਾਦੀਆਂ ਹਨ। ਧੰਨ ਸ੍ਰੀ ਗੁਰੂ ਨਾਨਕ ਸਾਹਿਬ ਦੇ ਗੁਣਾਂ ਨੂੰ ਬਿਆਨ ਕਰਨਾ ਮਨੁੱਖੀ ਪਹੁੰਚ ਤੋਂ ਦੂਰ ਦੀ ਗੱਲ ਹੈ। ਬਾਬੂ ਫ਼ੀਰੋਜ਼ਦੀਨ ਸ਼ਰਫ਼ ਆਪਣੀ ਰਚਨਾ ਵਿੱਚ ਗੁਰੂ ਸਾਹਿਬ ਦੀ ਮਹਾਨ ਸਖ਼ਸ਼ੀਅਤ ਬਾਰੇ ਬਹੁਤ ਹੀ ਭਾਵਪੂਰਵਤ ਤੇ ਸ਼ਰਧਾਮਈ ਰੂਪ ਵਿੱਚ ਲਿਖਦੇ ਹਨ :
ਦੁਨੀਆਂ ਥੱਕ ਗਈ ਏ ਗਿਣ ਗਿਣ ਗੁਣ ਤੇਰੇ, ਪਾਇਆ ਅੰਤ ਨਾ ਗੁਣੀ ਗਹੀਰ ਨਾਨਕ।
ਕਰਾਂ ਦੱਸ ਕੀ ਸ਼ਾਨ ਬਿਆਨ ਤੇਰੀ ? ਗੁਰੂ ਸਿੱਖਾਂ ਦੇ ‘ਸ਼ਰਫ਼’ ਦੇ ਪੀਰ ਨਾਨਕ।
- Advertisement -
ਗੁਰੂ ਨਾਨਕ ਸਾਹਿਬ ਨੇ 1469 ਈਸਵੀ ਨੂੰ ਰਾਇ ਭੋਇ ਦੀ ਤਲਵੰਡੀ ਵਿਖੇ ਅਵਤਾਰ ਧਾਰਿਆ। ਇਹ ਪਾਵਨ ਅਸਥਾਨ ਅੱਜ ਕੱਲ ਪਾਕਿਸਤਾਨ ਵਿੱਚ ਨਨਕਾਣਾ ਸਾਹਿਬ ਵਿੱਚ ਸੁਸ਼ੋਭਿਤ ਹੈ। ਗੁਰੂ ਨਾਨਕ ਸਾਹਿਬ ਨੇ ਜਗ ਨੂੰ ਤਾਰਨ ਹਿਤ ਇਸ ਸੰਸਾਰ ਵਿੱਚ ਅਵਤਾਰ ਧਾਰਿਆ। ਗੁਰੂ ਸਾਹਿਬ ਨੇ ਜਗ ਫੈਲੀ ਅਗਿਆਨ ਦੀ ਧੰਦ ਨੂੰ ਦੂਰ ਕਰ ਗਿਆਨ ਦਾ ਚਾਨਣ ਕੀਤਾ:
ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਆ॥
ਜਿਉਂ ਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਆ॥ (ਭਾਈ ਗੁਰਦਾਸ)
ਗੁਰੂ ਨਾਨਕ ਦੇਵ ਜੀ ਦੇ ਪਿਤਾ ਦਾ ਨਾਮ ਮਹਿਤਾ ਕਾਲੂ ਜੀ ਅਤੇ ਮਾਤਾ ਤ੍ਰਿਪਤਾ ਜੀ ਸਨ। ਆਪ ਦੀ ਭੈਣ ਬੇਬੇ ਨਾਨਕੀ ਜੋ ਕਿ ਉਮਰ ਵਿੱਚ ਆਪ ਜੀ ਤੋਂ ਵੱਡੇ ਸਨ ਉਹ ਆਪ ਬਹੁਤ ਪਿਆਰ ਕਰਦੇ ਸਨ। ਆਪ ਦਾ ਵਿਆਹ ਮਾਤਾ ਸੁਲੱਖਣੀ ਜੀ ਨਾਲ ਹੋਇਆ ਤੇ ਆਪ ਦੋ ਪੁੱਤਰ ਬਾਬਾ ਸ੍ਰੀ ਚੰਦ ਜੀ ਅਤੇ ਬਾਬਾ ਲਖਮੀ ਦਾਸ ਜੀ ਸਨ ।
ਗੁਰੂ ਨਾਨਕ ਪਾਤਸ਼ਾਹ ਨੇ ਜਗਤ ਨੂੰ ਤਾਰਨ ਹਿਤ ਚਹੁੰ ਦਿਸ਼ਾਵੀਂ ਲੰਬੀਆਂ ਲੰਬੀਆਂ ਯਾਤਰਾਵਾਂ ਕੀਤੀਆਂ। ਆਪ ਨੇ ਉਸ ਸਮੇਂ ਦੇ ਮੰਨੇ ਪ੍ਰਮੰਨੇ ਧਾਰਮਿਕ ਵਿਦਵਾਨ ਆਗੂਆਂ, ਸਿੱਧਾਂ, ਜੋਗੀਆਂ, ਪੰਡਿਤਾਂ, ਕਾਜੀਆਂ ਆਦਿ ਨਾਲ ਗਿਆਨ ਗੋਸਟੀਆਂ ਕੀਤੀਆਂ ਤੇ ਉਨ੍ਹਾਂ ਦੇ ਧਰਮ ਸਬੰਧੀ ਭੁਲੇਖਿਆਂ ਨੂੰ ਦੂਰ ਕੀਤਾ। ਆਪ ਮੱਕੇ ਗਏ, ਮੰਦਰਾਂ ‘ਚ ਗਏ ਉੱਥੇ ਜਾ ਕੇ ਸਤਿਨਾਮ ਦਾ ਚੱਕ੍ਰ ਫਿਰਾਇਆ।
- Advertisement -
ਗੁਰੂ ਨਾਨਕ ਸਾਹਿਬ ਨੇ ਭੁੱਖਿਆਂ ਨੂੰ ਲੰਗਰ ਛਕਾਇਆ, ਖੇਤੀ ਕਰ ਕਿਰਤ ਕਰਨ ਦਾ ਉਪਦੇਸ਼ ਦਿੱਤਾ, ਸੂਰਜ ਨੂੰ ਪਾਣੀ ਨਾ ਦੇ ਕੇ ਲੋਕਾਂ ਨੂੰ ਵਹਿਮਾਂ ਭਰਮਾਂ ਵਿੱਚੋਂ ਕੱਢਿਆ, ਅਕਾਲ ਪੁਰਖ ਦੀ ਨਿਰੰਤਰ ਹੋ ਰਹੀ ਕੁਦਰਤੀ ਆਰਤੀ ਦਾ ਗਿਆਨ ਦੇ ਕੇ ਲੋਕਾਈ ਦਾ ਭਗਤੀ ਮਾਰਗ ਰੋਸ਼ਨ ਕੀਤਾ, ਬਾਬਰ ਨੂੰ ਜਾਬਰ ਕਹਿ ਕੇ ਜ਼ੁਲਮ ਦੇ ਖਿਲਾਫ ਅਵਾਜ਼ ਬੁਲੰਦ ਕਰਨ ਦੇ ਉਪਦੇਸ਼ ਦੇਣ ਸਮੇਤ, ਅਨੇਕ ਅਜਿਹੇ ਕਾਰਜ ਕੀਤੇ ਜੋ ਗੁਰੂ ਜੀ ਦੀ ਸਰਬ ਕਲਾ ਸੰਪੂਰਨ ਦੀ ਸਮਰਥਾ ਨੂੰ ਬਿਆਨਦੇ ਹਨ। ਗੁਰੂ ਨਾਨਕ ਦੇਵ ਜੀ ਨੇ ਆਪਸੀ ਭੇਦਭਾਵ, ਊਚ-ਨੀਚ, ਵਹਿਮ-ਭਰਮ ਨੂੰ ਦੂਰ ਕਰ ਕੇ ਭਾਈਚਾਰਕ ਸਾਂਝ ਨੂੰ ਮਜ਼ਬੂਤ ਕਰਨ ਦਾ ਫਲਸਫਾ ਜਗਤ ਨੂੰ ਦਿੱਤਾ। ਸੋ ਸਮੂਹ ਸੰਗਤਾਂ ਨੂੰ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਦੇ ਪਾਵਨ ਅਵਸਰ ਦੀਆਂ ਲੱਖ-ਲੱਖ ਵਧਾਈਆਂ ਜੀ।