ਅੰਮ੍ਰਿਤਸਰ: ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ‘ਤੇ ਰਣਜੀਤ ਸਿੰਘ ਢੱਡਰੀਆਂ ਵਾਲੇ ਪੇਸ਼ ਹੋਏ ਹਨ। ਉਨ੍ਹਾਂ ਨੇ ਆਪਣੀਆਂ ਪੁਰਾਣੀਆਂ ਬਿਆਨਬਾਜ਼ੀਆਂ ਲਈ ਮੁਆਫ਼ੀ ਮੰਗੀ ਹੈ। ਪੰਜ ਸਿੰਘ ਸਾਹਿਬਾਨ ਨੇ ਢੱਡਰੀਆਂ ਵਾਲੇ ਦੀ ਮੁਆਫ਼ੀ ਪ੍ਰਵਾਨ ਕੀਤੀ ਹੈ।
ਸ੍ਰੀ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੀ ਅਗਵਾਈ ਵਿੱਚ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਪੰਥਕ ਮਾਮਲੇ ਵਿਚਾਰਨ ਲਈ ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਹੋਈ। ਜਿਸ ਵਿਚ ਤਖ਼ਤ ਸ੍ਰੀ ਦਮਦਮਾ ਸਾਹਿਬ ਦੇ ਜਥੇਦਾਰ ਬਾਬਾ ਟੇਕ ਸਿੰਘ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਗਿਆਨੀ ਰਾਜਦੀਪ ਸਿੰਘ , ਭਾਈ ਬਖਸ਼ੀਸ਼ ਸਿੰਘ ਆਦਿ ਸ਼ਾਮਿਲ ਹਨ |
ਦੱਸ ਦੇਈਏ ਕਿ ਪਿਛਲੇ ਦਿਨੀਂ ਜਥੇਦਾਰ ਗੜਗੱਜ ਨੇ ਢੱਡਰੀਆਂ ਵਾਲੇ ਨੂੰ ਸੱਦਾ ਦਿੱਤਾ ਸੀ । ਉਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਆ ਕੇ ਸਪੱਸ਼ਟੀਕਰਨ ਦੇਣ ਦਾ ਸੱਦਾ ਦਿੱਤਾ ਗਿਆ ਸੀ।
ਸ੍ਰੀ ਅਕਾਲ ਤਖਤ ਸਾਹਿਬ ਤੋਂ ਪੰਜ ਸਿੰਘ ਸਾਹਿਬਾਨ ਨੇ ਭਾਈ ਰਣਜੀਤ ਸਿੰਘ ਵੱਲੋਂ ਕੀਤੀਆਂ ਗਈਆਂ ਟੱਪਣੀਆਂ ਤੇ ਮੰਗੀ ਗਈ ਖਿਮਾ ਜਾਚਨਾ ਅਤੇ ਅਗਾਹ ਤੋਂ ਹਦਾਇਤਾਂ ਦਿੱਤੀਆਂ ਗਈਆਂ ਅਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਮਰਿਆਦਾ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਰਪਿਤ ਹੋ ਕੇ ਸਿੱਖੀ ਦਾ ਪ੍ਰਚਾਰ ਕਰਨ ਦੇ ਫੈਸਲੇ ਨੂੰ ਢੱਡਰੀਆਂ ਵਾਲੇ ਨੇ ਪ੍ਰਵਾਨ ਕਰਦਿਆ ਖਿਮਾ ਜਾਚਨਾ ਕੀਤੀ । ਢੱਡਰੀਆਂ ਵਾਲੇ ਨੂੰ 501 ਰੁਪਏ ਸ੍ਰੀ ਅਕਾਲ ਤਖਤ ਸਾਹਿਬ ਤੇ ਕੜਾਹ ਪ੍ਰਸ਼ਾਦ ਵੀ ਦੇਗ ਕਰਾ ਕੇ ਖਿਮਾ ਜਾਚਨਾ ਕਰਨ ਦੀ ਅਰਦਾਸ ਕਰਨ ਫੈਸਲਾ ਸੁਣਾਇਆ ਗਿਆ ਜਿਸ ਨੂੰ ਢੱਡਰੀਆਂ ਵਾਲੇ ਨੇ ਪ੍ਰਵਾਨ ਕੀਤਾ ਅਤੇ ਢੱਡਰੀਆਂ ਵਾਲੇ ਤੇ ਲਗਾਈ ਗਈ ਰੋਕ ਨੂੰ ਹਟਾਇਆ ਗਿਆ ਹੈ।
ਇਸ ਤੋਂ ਇਲਾਵਾ ਗਿਆਨੀ ਗੁਰਮੁਖ ਸਿੰਘ,ਹਰਵਿੰਦਰ ਸਰਨਾ ਨੂੰ ਧਾਰਮਿਕ ਸਜ਼ਾ ਸੁਣਾਈ ਗਈ। ਪੰਜ ਸਿੰਘ ਸਾਹਿਬਾਨ ਦੀ ਇਕੱਤਰਤਾ ਸਕੱਤਰੇਤ ਸ੍ਰੀ ਅਕਾਲ ਤਖ਼ਤ ਸਾਹਿਬ ਵਿਖੇ ਹੋਈ, ਜਿਸ ਵਿੱਚ ਹਰਵਿੰਦਰ ਸਿੰਘ ਸਰਨਾ ਸਾਬਕਾ ਪ੍ਰਧਾਨ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਵਿਦਵਾਨਾਂ ਤੇ ਸਿੰਘ ਸਾਹਿਬਾਨ ਸਬੰਧੀ ਕੀਤੀਆਂ ਗੈਰ-ਵਾਜ਼ਬ ਟਿੱਪਣੀਆਂ ਦੇ ਸਬੰਧ ਵਿੱਚ ਪੇਸ਼ ਹੋ ਕੇ ਖਿਮਾ ਜਾਚਨਾ ਕੀਤੀ ਗਈ ਹੈ। ਹਰਵਿੰਦਰ ਸਿੰਘ ਸਰਨਾ ਨੂੰ 11 ਦਿਨ ਰੋਜ਼ਾਨਾ 2 ਜਪੁਜੀ ਸਾਹਿਬ ਤੇ 2 ਚੌਪਈ ਸਾਹਿਬ ਦੇ ਪਾਠ ਕਰਨ ਦਾ ਆਦੇਸ਼ ਤੇ 11 ਦਿਨ ਬਾਅਦ ਗੁਰਦੁਆਰਾ ਸ੍ਰੀ ਬੰਗਲਾ ਸਾਹਿਬ ਵਿਖੇ 501 ਰੁਪਏ ਦੀ ਦੇਗ ਕਰਵਾਉਣ ਦਾ ਵੀ ਹੁਕਮ ਹੋਏ ਹਨ। ਦਮਦਮਾ ਸਾਹਿਬ ਦੇ ਸਾਬਕਾ ਜਥੇ. ਗੁਰਮੁਖ ਸਿੰਘ ਨੂੰ ਤਨਖ਼ਾਹ ਲਗਾਈ ਗਈ।