ਬਿਮਾਰੀਆਂ ਦਾ ਕਾਰਨ ਹਨ ਆਰ.ਓ. ਦਾ ਪਾਣੀ

TeamGlobalPunjab
4 Min Read

-ਪਰਮਜੀਤ ਸਿੰਘ ਨਿੱਕੇ ਘੁੰਮਣ

ਅਜੋਕੇ ਸਮੇ ਵਿਚ ਸਿਹਤ ਵਿਗਿਆਨ ਵਿਚ ਹੋਈ ਨਵੀਆਂ ਖੋਜਾਂ ਅਤੇ ਕਾਢਾਂ ਸਦਕਾ ਮਨੁੱਖ ਦੀ ਔਸਤ ਉਮਰ ਵਧੀ ਜ਼ਰੂਰ ਹੈ ਪਰ ਨਾਲ ਹੀ ਕੌੜਾ ਸੱਚ ਇਹ ਵੀ ਹੈ ਕਿ ਮਨੁੱਖੀ ਦੇਹ ਨੂੰ ਲੱਗਣ ਵਾਲੀਆਂ ਬਿਮਾਰੀਆਂ ਦੀ ਸੰਖਿਆ ਅਤੇ ਘਾਤਕਤਾ ਵਿਚ ਵੀ ਵਾਧਾ ਹੋਇਆ ਹੈ। ਭਾਰਤੀ ਵਾਤਾਵਾਰਨ, ਜੀਵਨ ਸ਼ੈਲੀ ਅਤੇ ਖਾਣ-ਪਹਿਨਣ ‘ਚ ਹੋਏ ਵੱਡੇ ਪਰਿਵਰਤਨਾਂ ਨੇ ਕਈ ਪ੍ਰਕਾਰ ਦੇ ਰੋਗਾਂ ਨੂੰ ਆਪ ਸਹੇੜਿਆ ਹੈ ਜਿਨ੍ਹਾਂ ਵਿਚ ਵਾਤਾਵਰਣ ‘ਚ ਫੈਲ ਰਿਹਾ ਪ੍ਰਦੂਸ਼ਣ ਅਤੇ ਜੰਕ ਫੂਡ ਵੱਡੀ ਭੂਮਿਕਾ ਨਿਭਾਅ ਰਹੇ ਹਨ।

ਆਰ.ਓ. ਦਾ ਪਾਣੀ ਤੇ ਰਿਫ਼ਾਇੰਡ ਕੀਤੇ ਤੇਲਾਂ ਕਾਰਨ ਅੱਜ ਲੱਖਾਂ ਭਾਰਤੀ ਜੋੜਾਂ ਦੇ ਦਰਦ ਤੇ ਹੱਡੀਆਂ ਨਾਲ ਸਬੰਧਿਤ ਰੋਗਾਂ ਨਾਲ ਜੂਝ ਰਹੇ ਹਨ।

ਸਿਹਤ ਮਾਹਿਰਾਂ ਅਨੁਸਾਰ 350 ਟੀ.ਡੀ.ਐਸ ਤੱਕ ਜਾਂ ਕਈ ਕੇਸਾਂ ਵਿਚ 500 ਤੋ ਵੀ ਵੱਧ ਟੀ.ਡੀ.ਐਸ ਦੀ ਮਾਤਰਾ ਪਾਣੀ ‘ਚ ਪਾਏ ਜਾਣਾ ਸਿਹਤ ਲਈ ਹਾਨੀਕਾਰਕ ਨਹੀ ਹੁੰਦਾ ਹੈ ਪਰ ਆਰ.ਓ. ਲਗਾਉਣ ਵਾਲੀਆਂ ਕੰਪਨੀਆਂ ਦੇ ਏਜੰਟ 200-250 ਟੀ.ਡੀ.ਐਸ ਯੁਕਤ ਪਾਣੀ ਨੂੰ ਹੀ ਖ਼ਤਰਨਾਕ ਦੱਸ ਕੇ ਖਪਤਕਾਰ ਨੂੰ ਡਰਾ ਦਿੰਦੇ ਹਨ। ਆਰ.ਓ.ਰਾਹੀਂ ਫਿਲਟਰ ਕੀਤੇ ਪਾਣੀ ‘ਚ ਕੈਲਸ਼ੀਅਮ, ਮੈਗਨੀਸ਼ੀਅਮ ਅਤੇ ਕਈ ਹੋਰ ਜ਼ਰੂਰੀ ਖਣਿਜ਼ ਮਨਫੀ ਹੋ ਜਾਂਦੇ ਹਨ ਤੇ ਨਤੀਜਤਨ ਪੀਤਾ ਜਾਣ ਵਾਲਾ ਪਾਣੀ ਸਿਹਤ ਦਾ ਫਾਇਦਾ ਘੱਟ ਤੇ ਨੁਕਸਾਨ ਵੱਧ ਕਰਨ ਲਗ ਜਾਂਦਾ ਹੈ। ਦੁੱਖ ਦੀ ਗੱਲ ਇਹ ਹੈ ਕਿ ਪਾਣੀ ‘ਚੋ ਨਿਕਲੇ ਕੈਲਸ਼ੀਅਮ ਅਤੇ ਮੈਗਨੀਸ਼ੀਅਮ ਦੀ ਘਾਟ ਦੂਜੇ ਖਾਣਯੋਗ ਪਦਾਰਥ ਵੀ ਪੂਰੀ ਨਹੀ ਕਰ ਪਾਉਦੇ ਹਨ ਤੇ ਸਿੱਟੇ ਵੱਜੋ ਖਪਤਕਾਰ ਹੱਡੀਆਂ ਸਬੰਧੀ ਰੋਗਾਂ ਨਾਲ ਪੀੜਿਤ ਹੋਣੇ ਸ਼ੁਰੂ ਹੋ ਜਾਂਦੇ ਹਨ।

- Advertisement -

ਕੁਝ ਇਕ ਸਿਹਤ ਮਾਹਿਰਾਂ ਦਾ ਮੰਨਣਾ ਹੈ ਕਿ ਪਾਣੀ ਦਾ ਸੁਆਦਲਾਪਨ ਹੀ ਉਸਦੇ ਸਿਹਤਮੰਦਕ ਹੋਣ ਦੀ ਨਿਸ਼ਾਨੀ ਹੈ। ਕੌੜਾ ਪਾਣੀ ਸਿਹਤ ਲਈ ਠੀਕ ਨਹੀ ਹੁੰਦਾ ਚਾਹੇ ਉਹ ਆਰ.ਓ.ਤੋ ਆਇਆ ਹੋਵੇ ਤੇ ਚਾਹੇ ਕਿਸੇ ਵੱਡੀ ਕੰਪਨੀ ਵੱਲੋ ਪੇਸ਼ ਕੀਤਾ ਜਾਂਦਾ ਬੋਤਲਬੰਦ ਪਾਣੀ ਹੋਵੇ। ਉਂਜ ਕੁਝ ਅਜਿਹੇ ਇਲਾਕੇ ਜਿੱਥੇ ਪਾਣੀ ‘ਚ ਯੂਰੇਨੀਅਮ ਜਿਹੇ ਕਈ ਹੋਰ ਖ਼ਤਰਨਾਕ ਤੱਤ ਪਾਏ ਜਾਂਦੇ ਹੋਣ ਜਾਂ ਜਿੱਥੇ ਟੀ.ਡੀ.ਐਸ ਦੀ ਮਾਤਰਾ 1000 ਜਾਂ 1500 ਤੋ ਵੱਧ ਹੋਵੇ, ਉੱਥੇ ਆਰ.ਓ ਦੀ ਵਰਤੋ ਕੀਤੀ ਜਾ ਸਕਦੀ ਹੈ ਪਰ ਵਧੀਆ ਪਾਣੀ ਵਾਲੇ ਖ਼ੇਤਰਾਂ ਵਿਚ ਵੀ ਆਰ.ਓ ਲਗਵਾ ਕੇ ਪਾਣੀ ਪੀਣਾ ਬਿਮਾਰੀਆਂ ਨੂੰ ਆਪ ਸੱਦਾ ਦੇਣ ਤੋਂ ਘੱਟ ਨਹੀ ਹੈ।

ਖੁੱਲ੍ਹੇ ‘ਚ ਪਖ਼ਾਨਾ ਕਰਨ ਦਾ ਰੁਝਾਨ ਪੇਂਡੂ ਖੇਤਰਾਂ ‘ਚ ਵੱਧ ਤੇ ਸ਼ਹਿਰੀ ਖੇਤਰਾਂ ‘ਚ ਬਹੁਤ ਘੱਟ ਪਾਇਆ ਜਾਂਦਾ ਹੈ। ਖੁੱਲ੍ਹੇ ਸਥਾਨ ‘ਤੇ ਕੀਤੇ ਪਖ਼ਾਨੇ ‘ਤੇ ਮੱਖੀਆਂ ਤੇ ਮੱਛਰ ਮੰਡਰਾਉਂਦੇ ਹਨ ਜੋ ਬਾਅਦ ਵਿਚ ਮਨੁੱਖੀ ਭੋਜਨ ਜਾਂ ਮਨੁੱਖੀ ਸਰੀਰ ਦੇ ਸੰਪਰਕ ਵਿਚ ਆ ਕੇ ਭੋਜਨ ਨੂੰ ਦੂਸ਼ਿਤ ਅਤੇ ਸਰੀਰ ਨੂੰ ਰੋਗੀ ਬਣਾ ਦਿੰਦੇ ਹਨ। ਬੱਚੇ ਤੇ ਖ਼ਾਸ ਕਰਕੇ ਨਿੱਕੀ ਉਮਰ ਦੇ ਬੱਚੇ ਤਾਂ ਮੱਖੀਆਂ ਤੇ ਮੱਛਰਾਂ ਦੁਆਰਾ ਫੈਲਾਏ ਜਾਂਦੇ ਰੋਗਾਂ ਦੇ ਛੇਤੀ ਸ਼ਿਕਾਰ ਬਣਦੇ ਹਨ। ਸਿਹਤ ਵਿਗਿਆਨੀਆਂ ਵੱਲੋਂ ਪੇਸ਼ ਕੀਤੇ ਅੰਕੜਿਆਂ ਅਨੁਸਾਰ ਪਖ਼ਾਨੇ ‘ਤੇ ਬੈਠੀ ਹਰੇਕ ਮੱਖੀ ਦੀ ਇਕ ਲੱਤ ਨੂੰ 15 ਮਿਲੀਗ੍ਰਾਮ ਦੇ ਕਰੀਬ ਗੰਦਗੀ ਚੰਬੜਦੀ ਹੈ ਤੇ ਮੱਖੀ ਦੀਆਂ ਛੇ ਲੱਤਾਂ ਹੋਣ ਕਾਰਨ ਇੱਕ ਮੱਖੀ 90 ਮਿਲੀਗ੍ਰਾਮ ਗੰਦਗੀ ਨੂੰ ਮਨੁੱਖੀ ਭੋਜਨ ਅਤੇ ਮਨੁੱਖੀ ਸਰੀਰ ਦੇ ਸੰਪਰਕ ਵਿਚ ਲਿਆਂਦੀ ਹੈ। ਅਣਢੱਕੇ ਭੋਜਨ ‘ਤੇ ਬੈਠੀਆਂ ਅਨੇਕਾਂ ਮੱਖੀਆਂ ਵੱਲੋ ਫੈਲਾਈ ਜਾਂਦੀ ਗੰਦਗੀ ਤੇ ਬਿਮਾਰੀ ਦਾ ਅੰਦਾਜ਼ਾ ਸਹਿਜ ਹੀ ਲਗਾਇਆ ਜਾ ਸਕਦਾ ਹੈ। ਸੋ ਅਣਢੱਕੀਆਂ ਬਜ਼ਾਰੀ ਚੀਜ਼ਾਂ ਖਾਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਖਾਣਾ ਖਾਣ ਤੋ ਪਹਿਲਾਂ ਤੇ ਪਿੱਛੋ ਹੱਥ ਜ਼ਰੂਰ ਧੋਣੇ ਚਾਹੀਦੇ ਹਨ।

ਮੋਬਾਇਲ: 97816-46008

Share this Article
Leave a comment