-ਕਮਲਪ੍ਰੀਤ ਕੌਰ;
ਅਸੀਂ ਸਾਰੇ ਹੀ ਇਸ ਗੱਲ ਤੋਂ ਵਾਕਿਫ ਹਾਂ ਕਿ ਕੁਦਰਤ ਨੇ ਸਾਨੂੰ ਬਹੁਤ ਹੀ ਬਹੁਮਲੀਆਂ ਵਸਤਾਂ ਪਰਦਾਨ ਕੀਤੀਆਂ ਹਨ। ਉਹਨਾਂ ਵਿੱਚੋਂ ਕੁਝ ਕੁਦਰਤੀ ਸੋਮੇ ਰੋਜ਼ਾਨਾ ਹੀ ਆਪਣੀ ਵਰਤੋਂ ਵਿੱਚ ਲਿਆ ਕੇ ਕਈ ਬਿਮਾਰੀਆਂ ਤੋਂ ਦੂਰ ਰਹਿ ਸਕਦੇ ਹਾਂ, ਜਿਵੇਂ ਕਿ ਤੁਲਸੀ, ਦਾਲ ਚੀਨੀ, ਮਲੱਠੀ, ਕਾਲੀ ਮਿਰਚ, ਮੋਟੀ ਇਲਾਇਚੀ, ਛੋਟੀ ਇਲਾਇਚੀ, ਲੋੰਗ, ਅਜਵਾਇਨ, ਸੌਂਫ ਅਤੇ ਸੁੰਢ ਆਦਿ।
ਸਰਦੀ, ਜ਼ੁਕਾਮ, ਖਾਂਸੀ, ਗਰਮ ਸਰਦ, ਬੁਖਾਰ, ਸਿਰ ਦਰਦ ਅਤੇ ਗਲਾ ਦਰਦ ਆਦਿ ਇਹ ਬਿਮਾਰੀਆਂ ਜਿਹੜੀਆਂ ਕਿ ਅੱਜਕਲ ਨਾਰਮਲ ਵਾਇਰਲ ਦੇ ਨਾਂ ਨਾਲ ਜਾਣੀਆਂ ਜਾਂਦੀਆਂ ਹਨ, ਕੁਦਰਤੀ ਸੋਮਿਆਂ ਦੀ ਵਰਤੋਂ ਕਰਕੇ ਇਹਨਾਂ ਹੋਣ ਵਾਲੀਆਂ ਬਿਮਾਰੀਆਂ ਤੋਂ ਬਚਿਆ ਜਾ ਸਕਦਾ ਹੈ।
ਫਾਇਦੇ :
ਤੁਲਸੀ : ਤੁਲਸੀ ਦਾ ਪੌਦਾ ਘਰਾਂ ਵਿੱਚ ਆਮ ਪਾਇਆ ਜਾਂਦਾ ਹੈ। ਬਦਲਦੇ ਮੌਸਮ ਕਾਰਨ ਹੋਣ ਵਾਲੇ ਬੁਖਾਰ, ਜ਼ੁਕਾਮ ਅਤੇ ਖਾਂਸੀ ਤੋਂ ਰਾਹਤ ਪਾਉਣ ਤੁਲਸੀ ਬਹੁਤ ਹੀ ਫਾਇਦੇਮੰਦ ਹੁੰਦੀ ਹੈ। ਇਸਦੇ ਕੱਚੇ ਪੱਤਿਆਂ ਨੂੰ ਚਬਾਉਣ ਨਾਲ ਵੀ ਇੰਨਫੈਕਸ਼ਨ ਦੂਰ ਹੁੰਦਾ ਹੈ। ਸਿਰ ਦਰਦ ਦੂਰ ਕਰਨ ਚ ਵੀ ਤੁਲਸੀ ਸਹਾਈ ਹੁੰਦੀ ਹੈ।
ਦਾਲ ਚੀਨੀ : ਦਾਲਚੀਨੀ ਬਿਹਤਰ ਸੁਆਦੀ ਤੇ ਸੁਗੰਧ ਪ੍ਰਦਾਨ ਕਰਨ ਵਾਲਾ ਇਕ ਮਸਾਲਾ ਹੈ। ਇਸ ਮਸਾਲੇ ‘ਚ ਐਂਟੀ-ਇੰਫਲੇਮੇਟਰੀ ਅਤੇ ਐਂਟੀ-ਬੈਕਟੀਰੀਅਲ ਗੁਣ ਵੀ ਹੁੰਦੇ ਹਨ। ਜੋ ਕਿ ਸਿਹਤ ਸੰਬੰਧੀ ਕਈ ਬਿਮਾਰੀਆਂ ਅਤੇ ਇੰਨਫੈਕਸ਼ਨ ਨੂੰ ਦੂਰ ਕਰਦੀ ਹੈ। ਦਾਲਚੀਨੀ ਨਾ ਕੇਵਲ ਸਿਹਤ ਸੰਬੰਧੀ ਕਈ ਬਿਮਾਰੀਆਂ ਅਤੇ ਇੰਨਫੈਕਸ਼ਨ ਨੂੰ ਦੂਰ ਕਰਦੀ ਹੈ ਬਲਕੀ ਬਲਡ ਸ਼ੂਗਰ ਦੇ ਲੇਵਲ ਨੂੰ ਕੰਟਰੋਲ ਕਰਨ, ਮੋਟਾਪਾ ਘਟਾਉਣ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚਾ ਕੇ ਰੱਖਣ ਵਿੱਚ ਵੀ ਸਹਾਈ ਹੁੰਦੀ ਹੈ। ਦਾਲ ਚੀਨੀ ਗਠੀਏ ਦੇ ਰੋਗ ਅਤੇ ਜੋੜਾਂ ਦੇ ਦਰਦ ਨੂੰ ਵੀ ਠੀਕ ਕਰਨ ਵਿੱਚ ਵੀ ਸਹਾਈ ਹੁੰਦਾ ਹੈ।
ਮਲੱਠੀ: ਮਲਠੀ ਸਾਡੇ ਗਲੇ ਲਈ ਬਹੁਤ ਹੀ ਗੁਣਕਾਰੀ ਜੜੀ ਬੂਟੀ ਇਹ ਸੁਆਦ ਚ ਮਿੱਠੀ ਹੁੰਦੀ ਹੈ। ਇਹ ਸੁੱਕੀ ਖੰਘ ਅਤੇ ਸਰਦੀ ਦੇ ਦਿਨਾਂ ਵਿੱਚ ਸਰਦੀ ਲੱਗਣ ਤੇ ਜੋ ਛਾਤੀ ਉੱਤੇ ਕਫ ਜੰਮ ਜਾਂਦਾ ਹੈ , ਜਿਸ ਨਾਲ ਖਾਂਸੀ ਜੁਕਾਮ ਹੁੰਦੀ ਹੈ ਮਲੱਠੀ ਉਸ ਕੱਫ ਨੂੰ ਖਤਮ ਕਰਦੀ ਹੈ। ਮਲਠੀ ਸਾਡੇ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ਅਤੇ ਭੁੱਖ ਵਧਾਉਣ ਵਿੱਚ ਵੀ ਮਦਦ ਕਰਦੀ ਹੈ। ਇਹ ਪੇਟ ਦੀਆਂ ਬਿਮਾਰੀਆਂ ਦੇ ਨਾਲ ਨਾਲ ਅਲਸਰ ਲਈ ਵੀ ਫਾਇਦੇਮੰਦ ਹੈ।
ਕਾਲੀ ਮਿਰਚ: ਮੌਸਮ ਦੀ ਤਬਦੀਲੀ ਨਾਲ ਇਨ੍ਹੀਂ ਦਿਨੀਂ ਲੋਕ ਬਹੁਤ ਸਾਰੀਆਂ ਬੀਮਾਰੀਆਂ ਦੇ ਸ਼ਿਕਾਰ ਹੋ ਰਹੇ ਹਨ । ਇਨ੍ਹਾਂ ਆਯੁਰਵੈਦਿਕ ਔਸ਼ਧੀਆਂ ‘ਚ ਕਾਲੀ ਮਿਰਚ ਅਜਿਹੀ ਔਸ਼ਧੀ ਹੈ, ਜੋ ਕਿ ਹਰ ਘਰ ਦੀ ਰਸੋਈ ‘ਚ ਹਮੇਸ਼ਾ ਮੌਜੂਦ ਹੁੰਦੀ ਹੈ। ਮੌਸਮ ਦੇ ਬਦਲਣ ਦੇ ਨਾਲ ਸਰੀਰ ਗਰਮ ਸਰਦ ਹੋ ਜਾਂਦਾ ਹੈ, ਜਿਸ ਕਰਕੇ ਸਭ ਤੋਂ ਪਹਿਲਾਂ ਗਲਾ ਹੀ ਖਰਾਬ ਹੁੰਦਾ ਹੈ । ਕਾਲੀ ਮਿਰਚ ਨੂੰ ਘਿਓ ਅਤੇ ਮਿਸ਼ਰੀ ਦੇ ਨਾਲ ਮਿਲਾ ਕੇ ਚੱਟਣ ਨਾਲ ਬੰਦ ਗਲਾ ਖੁੱਲ ਜਾਂਦਾ ਹੈ। ਕਾਲੀ ਮਿਰਚ ਗਰਮ ਦੁੱਧ ਵਿਚ ਮਿਲਾ ਕੇ ਪੀਓ ਤਾਂ ਤੁਹਾਨੂੰ ਜ਼ੁਕਾਮ ਤੋਂ ਰਾਹਤ ਮਿਲੇਗੀ। ਕਾਲੀ ਮਿਰਚ ਭਾਰ ਘਟਾਉਣ ਦੇ ਨਾਲ ਨਾਲ ਅੱਖਾਂ ਦੀ ਰੋਸ਼ਨੀ ਵਿੱਚ ਵਾਧਾ ਕਰਨ ਵਿੱਚ ਵੀ ਲਾਭਕਾਰੀ ਹੈ।
ਮੋਟੀ ਇਲਾਇਚੀ: ਮੋਟੀ ਇਲਾਇਚੀ ਹਰ ਘਰ ਦੀ ਰਸੋਈ ‘ਚ ਮਸਾਲੇ ਦੇ ਰੂਪ ਵਿੱਚ ਵਰਤੀ ਜਾਂਦੀ ਹੈ, ਇਹ ਨਾ ਕੇਵਲ ਚਾਹ ਨੂੰ ਸਵਾਦਿਸ਼ਟ ਬਣਾਉਂਦੀ ਹੈ ਬਲਕਿ ਸਾਡੇ ਖਾਣੇ ਨੂੰ ਵੀ ਸਵਾਦਿਸ਼ਟ ਅਤੇ ਖੁਸ਼ਬਦਾਰ ਬਣਾਉਂਦੀ ਹੈ ਅਤੇ ਸ਼ਰੀਰ ਨੂੰ ਕਈ ਬਿਮਾਰੀਆਂ ਤੋਂ ਵੀ ਬਚਾਉਂਦੀ ਹੈ, ਜਿਵੇਂ ਕੀ ਬਲਡ ਪਰੈਸ਼ਰ, ਉਲਟੀਆਂ ਤੋਂ ਰਾਹਤ,ਪੇਟ ਦੀ ਗੈਸ ਅਤੇ ਗਲੇ ਦੇ ਇੰਨਫੈਕਸ਼ਨ ਤੋਂ ਵੀ ਬਚਾਉਂਦੀ ਹੈ।
ਛੋਟੀ ਇਲਾਇਚੀ: ਛੋਟੀ ਇਲਾਇਚੀ ਇੱਕ ਖੁਸ਼ਬੂਦਾਰ ਮਸਾਲਾ ਹੈ, ਜੋ ਕਿ ਹਰ ਘਰ ਵਿੱਚ ਪਾਇਆ ਜਾਂਦਾ ਹੈ। ਇਸ ਦੀ ਨੂੰ ਮਾਊਥ ਫਰੈਸ਼ਰ ਵੱਜੋਂ ਵੀ ਵਰਤਿਆ ਜਾਂਦਾ ਹੈ ਅਤੇ ਇਹ ਪੇਟ ਦੀ ਸੂਜਨ ਅਤੇ ਛਾਤੀ ਦੀ ਜਲਨ ਨੂੰ ਵੀ ਰੋਕਦੀ ਹੈ। ਇਸਦੀ ਤਾਸੀਰ ਗਰਮ ਹੋਣ ਕਰਕੇ ਸਰਦੀ, ਜ਼ੁਕਾਮ ਅਤੇ ਖਾਂਸੀ ਆਦਿ ਤੋਂ ਵੀ ਰਾਹਤ ਮਿਲਦੀ ਹੈ। ਛੋਟੀ ਇਲਾਇਚੀ ਖਾਣੇ ਦੇ ਸੁਆਦ ਨੂੰ ਖੁਸ਼ਬੂਦਾਰ ਅਤੇ ਸਵਾਦਿਸ਼ਟ ਬਣਾਉਂਦੀ ਹੈ। ਇਸ ਦੀ ਵਰਤੋਂ ਜ਼ਿਆਦਾਤਰ ਮਿੱਠੇ ਖਾਣੇ ਵਿੱਚ ਵਰਤੀ ਜਾਂਦੀ ਹੈ।
ਲੌਂਗ: ਲੌਂਗ ਇੱਕ ਗੁਣਕਾਰੀ ਮਸਾਲਾ ਹੈ। ਇਸ ਨਾਲ ਦੰਦ ਦਾ ਦਰਦ, ਮੂੰਹ ਦੀ ਦੁਰਗੰਧ, ਵਾਲਾਂ ਦਾ ਝੜਨਾ, ਪੇਟ ਦੀ ਗੈਸ, ਗਲੇ ਦਾ ਦਰਦ, ਅਤੇ ਸਰਦੀ ਜ਼ੁਕਾਮ ਤੋਂ ਛੁਟਕਾਰਾ ਮਿਲਦਾ ਹੈ। ਇਸ ਦੀ ਵਰਤੋਂ ਖਾਣੇ ਨੂੰ ਖੁਸ਼ਬੂਦਾਰ ਅਤੇ ਸਵਾਦਿਸ਼ਟ ਵੀ ਬਣਾਉਂਦਾ ਹੈ।
ਅਜਵਾਇਨ: ਅਜਵਾਇਨ ਨੂੰ ਵੀ ਕਈ ਗੁਣਾਂ ਦਾ ਭੰਡਾਰ ਮਨਿਆ ਜਾਂਦਾ ਹੈ, ਜੋ ਕਿ ਖਾਣਾ ਬਣਾਉਣ ਵਿੱਚ ਵਰਤੀ ਜਾਂਦੀ ਹੈ। ਪੇਟ ਦਾ ਦਰਦ ਅਤੇ ਦਿਲ ਨਾਲ ਜੁੜੀਆਂ ਕਈ ਬਿਮਾਰੀਆਂ ਤੋਂ ਛੁਟਕਾਰਾ ਮਿਲਦਾ ਹੈ ਅਤੇ ਕਬਜ਼ ਤੋਂ ਵੀ ਰਾਹਤ ਮਿਲਦੀ ਹੈ।
ਸੌਂਫ਼: ਸੌਂਫ਼ ਦੀ ਵਰਤੋਂ ਅਸੀਂ ਜ਼ਿਆਦਾਤਰ ਖਾਣਾ ਖਾਣ ਤੋਂ ਬਾਅਦ ਵਰਤਦੇ ਹਾਂ,ਕਿਉਂਕਿ ਇਹ ਖਾਣਾ ਪਚਾਉਣ ਵਿੱਚ ਸਾਡੀ ਮਦਦ ਕਰਦੀ ਹੈ, ਜਿਸ ਨਾਲ ਸਾਡੀ ਪਾਚਨ ਕਿਰਿਆ ਸਹੀ ਢੰਗ ਚਲਦੀ ਹੈ। ਇਸ ਨੂੰ ਮਾਊਥ ਫਰੈਸ਼ਰ ਵੱਜੋਂ ਵੀ ਵਰਤਿਆ ਜਾਂਦਾ ਹੈ ਅਤੇ ਖੂਨ ਸਾਫ ਕਰਨ ਵਿੱਚ ਵੀ ਸਹਾਈ ਹੁੰਦੀ ਹੈ। ਸੋੰਫ ਦੀ ਵਰਤੋਂ ਕਰਨ ਨਾਲ ਵਾਲ ਝੜਨੇ ਵੀ ਬੰਦ ਹੁੰਦੇ ਹਨ ਅਤੇ ਵਾਲਾਂ ਨੂੰ ਜੜੋਂ ਮਜ਼ਬੂਤੀ ਮਿਲਦੀ ਹੈ।
ਸੁੰਢ: ਸੁੰਢ ਹਰ ਰਸੋਈ ਵਿਚ ਆਮ ਹੀ ਮਿਲ ਜਾਂਦੀ ਹੈ। ਇਸ ਨੂੰ ਅਸੀ ਸੁਕਿਆ ਹੋਇਆ ਅਦਰਕ ਵੀ ਕਹਿੰਦੇ ਹਾਂ। ਸੁੰਢ ਵਿੱਚ ਕੁਝ ਅਜਿਹੇ ਗੁਣ ਹੁੰਦੇ ਹਨ ਜੋ ਕਿ ਸਾਡੇ ਸਰੀਰ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦੇ ਹਨ। ਇਸ ਦਾ ਇਸਤੇਮਾਲ ਸਾਡੇ ਸਰੀਰ ਨੂੰ ਤਾਕਤਵਰ ਬਣਾਉਂਦਾ ਹੈ ਅਤੇ ਕਈ ਰੋਗਾਂ ਤੋਂ ਬਚਾਉਂਦਾ ਹੈ। ਸੁੰਢ ਵਿੱਚ ਕੁੱਝ ਅਜਿਹੇ ਤੱਤ ਵੀ ਹੁੰਦੇ ਹਨ ਜੋ ਕੈਂਸਰ ਦੀ ਬਿਮਾਰੀ ਨੂੰ ਵੀ ਵਧਣ ਤੋਂ ਰੋਕਦੇ ਹਨ। ਸੁੰਢ ਪੇਟ ਦੀਆਂ ਬਿਮਾਰੀਆਂ ਨੂੰ ਦੂਰ ਕਰਕੇ ਪਾਚਨ ਸ਼ਕਤੀ ਨੂੰ ਵੀ ਮਜ਼ਬੂਤ ਕਰਦੀ ਹੈ, ਜੋੜਾਂ ਦੇ ਦਰਦ ਲਈ, ਸਰਦੀ ਜ਼ੁਕਾਮ ਲਈ ਵੀ ਕਾਫੀ ਲਾਹੇਵੰਦ ਹੈ।
ਉੱਪਰ ਦੱਸੇ ਸਾਰੇ ਕੁਦਰਤੀ ਸੋਮੇ ਆਪਣੇ ਖਾਣੇ ਵਿੱਚ ਸ਼ਾਮਲ ਕਰਕੇ, ਇੱਕ ਮਸਾਲੇ ਵੱਜੋਂ ਹੇਠ ਲਿਖੀ ਵਿਧੀ ਰਾਹੀਂ ਤਿਆਰ ਕਰਕੇ ਬੜੇ ਸੌਖੇ ਢੰਗ ਨਾਲ ਰੋਜ਼ਾਨਾ ਹੀ ਅਸੀਂ ਇਹਨਾਂ ਦਾ ਸੇਵਨ ਕਰ ਸਕਦੇ ਹਾਂ ਅਤੇ ਅਸੀਂ ਨਿਰੋਗ ਰਹਿ ਸਕਦੇ ਹਾਂ।
ਬਣਾਉਣ ਦੀ ਵਿਧੀ : ਤੁਲਸੀ, ਦਾਲ ਚੀਨੀ, ਮੁਲੱਠੀ, ਕਾਲੀ ਮਿਰਚ, ਮੋਟੀ ਇਲਾਇਚੀ, ਛੋਟੀ ਇਲਾਇਚੀ, ਲੋੰਗ, ਅਜਵਾਇਨ, ਸੋੰਫ ਅਤੇ ਸੁੰਢ ਇਹਨਾਂ ਸਾਰਿਆਂ ਨੂੰ ਕੜਾਹੀ ਵਿੱਚ ਪਾ ਕੇ ਚੰਗੀ ਤਰ੍ਹਾਂ ਗਰਮ ਕਰਕੇ ਰ੍ਹਾੜ ਲਓ। ਕੁੱਝ ਸਮੇਂ ਠੰਡਾ ਹੋਣ ਤੋਂ ਬਾਅਦ ਇਹਨਾਂ ਸਾਰਿਆਂ ਨੂੰ ਚੰਗੀ ਤਰ੍ਹਾਂ ਪੀਸ ਲਓ ਤਾਂ ਕਿ ਇਹ ਇੱਕ ਪੀਸੇ ਹੋਏ ਦੇ ਰੂਪ ਵਿੱਚ ਬਣ ਜਾਵੇ।
ਅਸੀਂ ਇਹ ਤਿਆਰ ਕੀਤੀ ਸੱਮਗਰੀ ਰੋਜ਼ਾਨਾ ਹੀ ਚੁਟਕੀ ਭਰ ਚਾਹ ਵਿੱਚ ਜਾਂ ਦੁੱਧ ਵਿੱਚ ਪਾ ਕੇ ਵੀ ਲੈ ਸਕਦੇ ਹਾਂ। ਇਸ ਨਾਲ ਚਾਹ ਦਾ ਸੁਆਦ ਹੋਰ ਵੀ ਵੱਧ ਜਾਵੇਗਾ ਅਤੇ ਸਰਦੀ, ਜ਼ੁਕਾਮ, ਬੁਖਾਰ ਅਤੇ ਸਰ ਦਰਦ ਆਦਿ ਤੋਂ ਬਚਿਆ ਜਾ ਸਕਦਾ ਹੈ।
ਹਰ ਸਮੱਸਿਆ ਦਾ ਹੱਲ ਦਵਾਈ ਹੀ ਨਹੀਂ ਹੁੰਦਾ, ਕਿਉਂਕਿ ਕਈ ਵਾਰ ਕੁੱਝ ਬਿਮਾਰਿਆਂ ਦਾ ਇਲਾਜ ਸਾਡੀ ਘਰ ਦੀ ਰਸੋਈ ਚ ਮਸਾਲਿਆਂ ਦੇ ਰੂਪ ਵਿੱਚ ਮੌਜੂਦ ਹੁੰਦਾ ਹੈ। ਪਰ ਸਾਨੂੰ ਹਰ ਮਸਾਲੇ ਦੇ ਫਾਇਦੇ ਅਤੇ ਹੱਦ ਤੋਂ ਜ਼ਿਆਦਾ ਵਰਤੋਂ ਦੇ ਨੁਕਸਾਨ ਦਾ ਗਿਆਨ ਹੋਣਾ ਬਹੁਤ ਜ਼ਰੂਰੀ ਹੈ, ਕਿਉਂਕਿ ਤਦ ਹੀ ਅਸੀਂ ਕੁਦਰਤ ਵੱਲੋਂ ਬਖਸ਼ੇ ਇਹਨਾਂ ਬਹੁਮੁੱਲੇ ਪਦਾਰਥਾਂ ਦੀ ਸਹੀ ਰੂਪ ਵਿੱਚ ਸਦਉਪਯੋਗ ਕਰ ਸਕਦੇ ਹਾਂ।