-ਅਵਤਾਰ ਸਿੰਘ
ਦੇਸ਼ ਭਗਤ ਬਾਬਾ ਈਸ਼ਰ ਸਿੰਘ ਮਰਹਾਣਾ ਉਨ੍ਹਾਂ ਦੇਸ਼ ਭਗਤਾਂ ਵਿੱਚੋਂ ਇਕ ਸਨ ਜਿਨ੍ਹਾਂ ਨੇ ਪਰਦੇਸਾਂ ਵਿੱਚ ਜਥੇਬੰਦੀ ਕਾਇਮ ਕਰਕੇ ਦੇਸ਼ ਵਿੱਚ ਆ ਕੇ ਆਜ਼ਾਦੀ ਦੇ ਘੋਲ ਨੂੰ ਤਿੱਖਿਆਂ ਕੀਤਾ।
ਬਾਬਾ ਜੀ ਦਾ ਜਨਮ ਇਕ ਜਨਵਰੀ 1878 ਨੂੰ ਮਾਤਾ ਚੰਦ ਕੌਰ ਤੇ ਪਿਤਾ ਜਿੰਦਾ ਸਿੰਘ ਦੇ ਘਰ ਪਿੰਡ ਮਰਹਾਣਾ, ਤਰਨ ਤਾਰਨ ਵਿੱਚ ਹੋਇਆ। ਉਸ ਸਮੇਂ ਪਿੰਡਾਂ ਵਿਚ ਸਕੂਲ ਨਹੀਂ ਸਨ ਇਸ ਲਈ ਉਨ੍ਹਾਂ ਇਕ ਸੰਤ ਪਾਸੋਂ ਧਰਮਸ਼ਾਲਾ ਵਿੱਚ ਗੁਰਮੁਖੀ ਪੜੀ।
ਉਨ੍ਹਾਂ ਦੀ ਸ਼ਾਦੀ ਬੀਬੀ ਹਰ ਕੌਰ ਪਿੰਡ ਖਾਨਪੁਰ, ਜਲੰਧਰ ਨਾਲ ਹੋਈ। 1905-06 ਵਿੱਚ ਰੋਜ਼ਗਾਰ ਦੀ ਤਲਾਸ਼ ਵਿੱਚ ਕੁਝ ਚਿਰ ਕੈਲੀਫੋਰਨੀਆਂ ਰਹਿਣ ਉਪਰੰਤ ਇਕ ਕਸਬੇ ਵਿਚ ਦੇਸ਼ ਭਗਤਾਂ ਨਾਲ ਰਲ ਕੇ 500 ਏਕੜ ਜਮੀਨ ਠੇਕੇ ‘ਤੇ ਲੈ ਕੇ ਆਲੂ ਦੀ ਖੇਤੀ ਕੀਤੀ।
ਬਾਬਾ ਜੀ ਗਦਰ ਪਾਰਟੀ ਦੇ ਕੇਸਾਂ ਵਿੱਚੋਂ ਬਰੀ ਹੋ ਕੇ ਆਉਣ ‘ਤੇ 1922 ‘ਚ ਪਿੰਡ ਵਲੋਂ ਰੱਖੀ ਵਿਸ਼ਾਲ ਕਾਨਫਰੰਸ ਦੀ ਪ੍ਰਧਾਨਗੀ ਕੀਤੀ। ਕਾਨਫਰੰਸ ਖਤਮ ਹੋਣ ‘ਤੇ 13 ਸਾਥੀਆਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ ਤੇ 7 ਸਾਲ ਦੀ ਸ਼ਜਾ ਹੋਈ।
ਪਿੰਡ ਵਿੱਚ ਬੈਠੀ ਪੁਲਿਸ ਚੌਕੀ ਦਾ ਖਰਚ 2700 ਰੁਪਏ ਸਾਲਾਨਾ ਪਿੰਡ ਨੂੰ ਦੇਣਾ ਪੈਂਦਾ ਸੀ। ਕੈਦ ਦੌਰਾਨ ਉਨ੍ਹਾਂ ਦੇ 25 ਸਾਲਾ ਲੜਕੇ ਦੀ ਮੌਤ ਹੋ ਗਈ। ਰਿਹਾਈ ਉਪਰੰਤ ਅੰਮ੍ਰਿਤਸਰ ਅਕਾਲੀ ਜਥੇ ਦੇ ਜਥੇਦਾਰ ਬਣਾਏ ਗਏ।
1930 ਤੋਂ 33 ਤੱਕ ਦਰਬਾਰ ਸਾਹਿਬ ਕਮੇਟੀ ਦੇ ਮੈਂਬਰ ਤੇ ਮੀਤ ਪ੍ਰਧਾਨ ਰਹੇ। 1930-31 ਵਿੱਚ ਸਿਵਲ ਨਾ-ਫੁਰਮਾਨੀ ਲਹਿਰ ਵਿੱਚ 6 ਮਹੀਨੇ ਕੈਦ ਤੇ 150 ਰੁਪਏ ਜੁਰਮਾਨਾ ਹੋਇਆ।
ਕਿਸਾਨ ਮੋਰਚੇ ਵਿੱਚ 1 ਸਾਲ ਦੀ ਸ਼ਜਾ ਕੱਟੀ। 1936 ਨੂੰ ਦਰਬਾਰ ਸਾਹਿਬ ਕਮੇਟੀ ਦੇ ਪੰਜ ਸਾਲ ਲਈ ਪ੍ਰਧਾਨ ਚੁਣੇ ਗਏ। ਉਨ੍ਹਾਂ ਦੇ ਸਮੇਂ ਗੁਰੂ ਰਾਮ ਦਾਸ ਸਰਾਂ, ਗੁਰੂ ਰਾਮ ਦਾਸ ਹਾਈ ਸਕੂਲ, ਕਿਰਪਾਨਾਂ ਦਾ ਕਾਰਖਾਨਾ ਤੇ ਇੰਡਸਟਰੀਅਲ ਸਕੂਲ ਉਨਾਂ ਦੀ ਪ੍ਰਧਾਨਗੀ ਹੇਠ ਬਣੇ। ਕੁਝ ਦਿਨ ਬਿਮਾਰ ਰਹਿਣ ਉਪਰੰਤ ਉਨ੍ਹਾਂ ਦਾ ਦੇਹਾਂਤ 16-8 -1941 ਨੂੰ ਅੰਮ੍ਰਿਤਸਰ ਵਿਚ ਹੋਇਆ।