ਬੇਅਦਬੀ ਮਾਮਲੇ ‘ਚ ਨਾਮਜ਼ਦ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ

TeamGlobalPunjab
2 Min Read

ਸ੍ਰੀ ਮੁਕਤਸਰ ਸਾਹਿਬ: ਜ਼ਿਲ੍ਹੇ ਦੇ ਪਿੰਡ ਭੂੰਦੜ ਵਿਖੇ ਸ਼ੁੱਕਰਵਾਰ ਵਾਪਰੀ ਵਾਰਦਾਤ ਦੌਰਾਨ ਇਕ ਅਣਪਛਾਤੇ ਹਮਲਾਵਰ ਵੱਲੋਂ ਬੇਅਦਬੀ ਮਾਮਲੇ ਵਿੱਚ ਨਾਮਜ਼ਦ ਇੱਕ ਡੇਰਾ ਪ੍ਰੇਮੀ ਦਾ ਗੋਲੀਆਂ ਮਾਰ ਕੇ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਮ੍ਰਿਤਕ ਦੀ ਪਛਾਣ ਚਰਨਦਾਸ ਵਜੋਂ ਹੋਈ ਹੈ, ਦੱਸਿਆ ਜਾ ਰਿਹਾ ਹੈ ਕਿ ਇਹ ਵਿਅਕਤੀ ਡੇਰਾ ਸਿਰਸਾ ਨਾਲ ਸਬੰਧਤ ਸੀ।

ਮਿਲੀ ਜਾਣਕਾਰੀ ਮੁਤਾਬਕ ਬੀਤੀ ਸ਼ਾਮ ਜਦੋਂ ਇਹ ਵਿਅਕਤੀ ਪਿੰਡ ‘ਚ ਕਰਿਆਨੇ ਦੀ ਦੁਕਾਨ ’ਤੇ ਬੈਠਾ ਸੀ ਤਾਂ ਮੋਟਰਸਾਇਕਲ ਸਵਾਰ ਅਣਪਛਾਤੇ ਵਿਅਕਤੀਆਂ ਨੇ ਇਸ ਨੂੰ ਗੋਲੀਆਂ ਮਾਰ ਦਿੱਤੀਆਂ। ਗੋਲੀਆਂ ਲੱਗਣ ਤੋਂ ਬਾਅਦ ਉਸ ਨੂੰ ਗੰਭੀਰ ਜ਼ਖਮੀ ਹਾਲਤ ਵਿਚ ਇਲਾਜ ਲਈ ਬਠਿੰਡਾ ਲਿਜਾਇਆ ਗਿਆ ਪਰ ਰਸਤੇ ਵਿਚ ਇਸ ਦੀ ਮੌਤ ਹੋ ਗਈ।

ਜਾਣਕਾਰੀ ਅਨੁਸਾਰ ਬੀਤੇ ਸਮੇਂ ਦੌਰਾਨ ਪਿੰਡ ਭੂੰਦੜ ਵਿਚ ਹੋਈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਵਿਚ ਵੀ ਇਸ ਵਿਅਕਤੀ ਦੀ ਸ਼ਮੂਲੀਅਤ ਸੀ। 2018 ਵਿਚ ਪਿੰਡ ਭੂੰਦੜ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦੀ ਘਟਨਾ ਹੋਈ ਸੀ। ਜਦੋਂ ਕਥਿਤ ਤੌਰ ’ਤੇ ਚਰਨਦਾਸ ਅਤੇ ਉਸ ਦੀ ਭਰਜਾਈ ਗੁਰਦੁਆਰਾ ਸਾਹਿਬ ’ਚੋਂ ਸਰੂਪ ਚੁਕ ਕੇ ਲਿਜਾ ਰਹੇ ਸਨ ਅਤੇ ਇਹਨਾਂ ਨੂੰ ਗ੍ਰੰਥੀ ਸਿੰਘ ਨੇ ਦੇਖ ਲਿਆ ਸੀ। ਦੋਵਾਂ ’ਤੇ ਬੇਅਦਬੀ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ। ਚਰਨਦਾਸ ਹੁਣ ਜ਼ਮਾਨਤ ’ਤੇ ਬਾਹਰ ਆਇਆ ਸੀ। ਫਿਲਹਾਲ ਮੌਕੇ ’ਤੇ ਪਹੁੰਚੀ ਪੁਲਿਸ ਨੇ ਜਾਂਚ ਸ਼ੁਰੂ ਕਰ ਦਿੱਤੀ ਹੈ।

Share this Article
Leave a comment