ਅਮਰੀਕਾ ਨੇ ਇਸ ਸਾਲ ਡਿਪੋਰਟ ਕੀਤੇ 1.80 ਲੱਖ ਤੋਂ ਵੱਧ ਗ਼ੈਰਕਾਨੂੰਨੀ ਪ੍ਰਵਾਸੀ

TeamGlobalPunjab
2 Min Read

ਵਾਸ਼ਿੰਗਟਨ : ਅਮਰੀਕਾ ਵੱਲੋਂ ਇਸ ਸਾਲ 1 ਲੱਖ 86 ਹਜ਼ਾਰ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਡਿਪੋਰਟ ਕੀਤਾ ਗਿਆ ਅਤੇ ਇਹ ਅੰਕੜਾ 2019 ਦੇ ਮੁਕਾਬਲੇ 30 ਫ਼ੀਸਦੀ ਘੱਟ ਦੱਸਿਆ ਜਾ ਰਿਹਾ ਹੈ। ਦੂਜੇ ਪਾਸੇ ਮੌਜੂਦਾ ਵਰ੍ਹੇ ਦੌਰਾਨ ਇਕ ਲੱਖ ਚਾਰ ਹਜ਼ਾਰ ਪ੍ਰਵਾਸੀਆਂ ਨੂੰ ਹਿਰਾਸਤ ‘ਚ ਲਿਆ ਗਿਆ ਜਦਕਿ ਪਿਛਲੇ ਸਾਲ 1 ਲੱਖ 43 ਹਜ਼ਾਰ ਪ੍ਰਵਾਸੀ ਕਾਬੂ ਕੀਤੇ ਗਏ ਸਨ।

ਇਮੀਗ੍ਰੇਸ਼ਨ ਮਾਹਰਾਂ ਦਾ ਮੰਨਣਾ ਹੈ ਕਿ ਜੋਅ ਬਾਇਡਨ ਦੇ ਸੱਤਾ ਸੰਭਾਲਣ ਤੋਂ ਬਾਅਦ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਫੜਨ ਦਾ ਰੁਝਾਨ ਹੋਰ ਹੇਠਾਂ ਆ ਜਾਵੇਗਾ ਅਤੇ ਇਮੀਗ੍ਰੇਸ਼ਨ ਹਿਰਾਸਤੀ ਕੇਂਦਰ ‘ਚ ਬੰਦ ਪ੍ਰਵਾਸੀਆਂ ਨੂੰ ਜ਼ਮਾਨਤ ‘ਤੇ ਰਿਹਾਅ ਕਰਨ ਦੇ ਮਾਮਲੇ ਵਧ ਜਾਣਗੇ।

ਤਾਜ਼ਾ ਅੰਕੜਿਆਂ ਮੁਤਾਬਕ 18 ਦਸੰਬਰ ਤੱਕ ਸਿਰਫ਼ 16 ਹਜ਼ਾਰ ਪ੍ਰਵਾਸੀ ਇਮੀਗ੍ਰੇਸ਼ਨ ਹਿਰਾਸਤੀ ਕੇਂਦਰਾਂ ਵਿਚ ਬੰਦ ਸਨ ਜਦਕਿ 2019 ‘ਚ ਇਹ ਅੰਕੜਾ 50 ਹਜ਼ਾਰ ਦਰਜ ਕੀਤਾ ਗਿਆ ਸੀ। ਉਥੇ ਹੀ ਨਵੇਂ ਚੁਣੇ ਰਾਸ਼ਟਰਪਤੀ ਜੋਅ ਬਾਇਡਨ ਵਾਅਦਾ ਕਰ ਚੁੱਕੇ ਹਨ ਕਿ ਆਪਣੇ ਕਾਰਜਕਾਲ ਦੇ ਪਹਿਲੇ 100 ਦਿਨ ਦੌਰਾਨ ਹਰ ਕਿਸਮ ਦਾ ਦੇਸ਼ ਨਿਕਾਲਾ ਬੰਦ ਕਰ ਦੇਣਗੇ ਅਤੇ ਇਮੀਗ੍ਰੇਸ਼ਨ ਹਿਰਾਸਤ ਵਿਚ ਰੱਖਣ ਦੇ ਬਜਾਏ ਬਦਲਵੇਂ ਪ੍ਰਬੰਧਾਂ ‘ਤੇ ਧਿਆਨ ਦਿੱਤਾ ਜਾਵੇਗਾ।

ਇਹ ਵੀ ਦੱਸਣਯੋਗ ਹੈ ਕਿ 2020 ਦੇ ਪਹਿਲੇ 9 ਮਹੀਨੇ ਦੌਰਾਨ ਇਮੀਗ੍ਰੇਸ਼ਨ ਗ੍ਰਿਫ਼ਤਾਰੀਆਂ 27 ਫ਼ੀਸਦੀ ਘਟ ਗਈਆਂ ਪਰ ਅਕਤੂਬਰ ਅਤੇ ਨਵੰਬਰ ਦੌਰਾਨ ਅਚਾਨਕ ਵਾਧਾ ਦਰਜ ਕੀਤਾ ਗਿਆ ਪਰ ਇਹ ਗ੍ਰਿਫ਼ਤਾਰੀਆਂ ਸਿਰਫ਼ ਕੌਮਾਂਤਰੀ ਸਰਹੱਦ ‘ਤੇ ਹੋਈਆਂ ਜਦਕਿ ਅਮਰੀਕਾ ਦੇ ਅੰਦਰੂਨੀ ਇਲਾਕਿਆਂ ਵਿਚ ਗ਼ੈਰਕਾਨੂੰਨੀ ਪ੍ਰਵਾਸੀਆਂ ਨੂੰ ਕਾਬੂ ਕਰਨ ਦੀ ਰਫ਼ਤਾਰ ਵਿਚ ਕਮੀ ਆਈ।

- Advertisement -

Share this Article
Leave a comment