ਹੇਨਾਨ- ਚੀਨ ਦੇ ਹੇਨਾਨ ਸੂਬੇ ਵਿੱਚ ਇੱਕ ਫੂਡ ਡਿਲੀਵਰੀ ਬੁਆਏ ਨੇ ਖੁਦਕੁਸ਼ੀ ਦੀ ਕੋਸ਼ਿਸ਼ ਕਰਨ ਵਾਲੇ ਗਾਹਕ ਦੀ ਜਾਨ ਬਚਾਈ। ਦਰਅਸਲ ਗਾਹਕ ਨੇ ਖਾਣੇ ਦੇ ਆਰਡਰ ਦੇ ਨਾਲ ਇੱਕ ਨੋਟ ਲਿਖਿਆ ਸੀ, ਜਿਸ ਵਿੱਚ ਉਸਨੇ ਕਿਹਾ ਕਿ “ਇਹ ਮੇਰੀ ਜ਼ਿੰਦਗੀ ਦਾ ਆਖਰੀ ਭੋਜਨ” ਹੈ।
ਡਿਲੀਵਰੀ ਬੁਆਏ ਨੇ ਜਦੋਂ ਇਹ ਨੋਟ ਪੜ੍ਹਿਆ ਤਾਂ ਉਸ ਨੂੰ ਬਹੁਤ ਅਜੀਬ ਲੱਗਾ। ਗਾਹਕ ਦੇ ਘਰ ਪਹੁੰਚ ਕੇ ਜਦੋਂ ਉਸ ਨੇ ਦਰਵਾਜ਼ੇ ਦੀ ਘੰਟੀ ਵਜਾਈ ਤਾਂ ਕਿਸੇ ਨੇ ਜਵਾਬ ਨਹੀਂ ਦਿੱਤਾ। ਇਸ ਤੋਂ ਬਾਅਦ ਡਿਲੀਵਰੀ ਬੁਆਏ ਨੇ ਪੁਲਿਸ ਨੂੰ ਫੋਨ ਕੀਤਾ ਅਤੇ ਦੱਸਿਆ ਕਿ ਉਸ ਨੂੰ ਸ਼ੱਕ ਹੈ ਕਿ ਗਾਹਕ ਖੁਦਕੁਸ਼ੀ ਕਰ ਸਕਦਾ ਹੈ। ਜਿਵੇਂ ਹੀ ਪੁਲਿਸ ਅਤੇ ਫਾਇਰਫਾਈਟਰ ਗਾਹਕ ਦੇ ਘਰ ਪਹੁੰਚੇ, ਤਾਂ ਵਿਅਕਤੀ ਨੇ ਦਰਵਾਜ਼ਾ ਖੋਲ੍ਹਣ ਤੋਂ ਇਨਕਾਰ ਕਰ ਦਿੱਤਾ ਅਤੇ ਖਿੜਕੀ ਤੋਂ ਛਾਲ ਮਾਰਨ ਦੀ ਧਮਕੀ ਦਿੱਤੀ। ਪੁਲਿਸ ਨੇ ਉਸਨੂੰ ਸ਼ਾਂਤ ਹੋਣ ਲਈ ਕਿਹਾ। ਜਦੋਂਕਿ ਅੱਗ ਬੁਝਾਊ ਅਮਲੇ ਨੇ ਚੁਪਚਾਪ ਘਰ ਵਿੱਚ ਦਾਖ਼ਲ ਹੋ ਕੇ ਉਸ ਨੂੰ ਬਚਾ ਲਿਆ।
ਪੁਲਿਸ ਨੇ ਵਿਅਕਤੀ ਨੂੰ ਖੁਦਕੁਸ਼ੀ ਤੋਂ ਬਚਾਉਣ ਲਈ ਡਿਲੀਵਰੀ ਬੁਆਏ ਦਾ ਧੰਨਵਾਦ ਕੀਤਾ। ਪੁੱਛਗਿੱਛ ਦੌਰਾਨ ਪਤਾ ਲੱਗਾ ਕਿ ਉਸ ਨੇ ਪੁਲਿਸ ਦੇ ਆਉਣ ਤੋਂ ਪਹਿਲਾਂ ਨੀਂਦ ਦੀਆਂ 60 ਗੋਲੀਆਂ ਖਾ ਲਈਆਂ ਸਨ। ਪੁਲਿਸ ਨੇ ਕਿਹਾ ਕਿ ਉਹ ਜ਼ਿੰਦਗੀ ਤੋਂ ਨਿਰਾਸ਼ ਹੋ ਗਿਆ ਸੀ ਅਤੇ ਨਿਵੇਸ਼ ਵਿੱਚ ਹੋਏ ਨੁਕਸਾਨ ਕਾਰਨ ਪਰੇਸ਼ਾਨ ਸੀ। ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਲੋਕਾਂ ਨੇ ਸੋਸ਼ਲ ਮੀਡੀਆ ‘ਤੇ ਲਿਖਿਆ ਕਿ ”ਇੱਕ ਹਤਾਸ਼ ਵਿਅਕਤੀ ਆਖਰੀ ਵਾਰ ਮਦਦ ਲਈ ਰੋ ਰਿਹਾ ਸੀ। ਖੁਸ਼ੀ ਹੈ ਕਿ ਡਿਲੀਵਰੀ ਬੁਆਏ ਨੇ ਉਸ ਦਾ ਨੋਟ ਸਮਝ ਲਿਆ ਅਤੇ ਉਸ ਦੀ ਜਾਨ ਬਚਾਈ।