ਨਵੀਂ ਦਿੱਲੀ : ਬੀਤੇ ਸਾਲ ਦਿੱਲੀ ‘ਚ ਦਸੰਬਰ ਮਹੀਨੇ ਕੜਾਕੇ ਦੀ ਠੰਡ ਰਹੀ। ਜਿੱਥੇ ਇਸ ਵਾਰ ਦਿੱਲੀ ‘ਚ ਠੰਡ ਵਧੀ ਉੱਥੇ ਹੀ ਸ਼ਰਾਬ ਦੀ ਵਿਕਰੀ ‘ਚ ਵੀ ਭਾਰੀ ਉਛਾਲ ਵੇਖਣ ਨੂੰ ਮਿਲਿਆ। ਦੱਸ ਦਈਏ ਕਿ ਦਸੰਬਰ ਮਹੀਨੇ ‘ਚ ਦਿੱਲੀ ਦੇ ਲੋਕ ਇੱਕ ਹਜ਼ਾਰ ਕਰੋੜ ਰੁਪਏ ਦੀ ਸ਼ਰਾਬ ਪੀ ਗਏ।
ਇਸ ਵਾਰ ਆਬਕਾਰੀ ਵਿਭਾਗ ਨੂੰ ਐਕਸਾਈਜ਼ ਡਿਊਟੀ ਦੇ ਰੂਪ ‘ਚ ਦਸੰਬਰ ਮਹੀਨੇ ਸ਼ਰਾਬ ਤੋਂ ਕੁਲ 465 ਕਰੋੜ ਰੁਪਏ ਦੀ ਕਮਾਈ ਹੋਈ ਹੈ। ਜਦਕਿ 2018 ਦੇ ਦਸੰਬਰ ਮਹੀਨੇ ‘ਚ ਕੁਲ 460 ਕਰੋੜ ਰੁਪਏ ਦੀ ਕਮਾਈ ਸ਼ਰਾਬ ਤੋਂ ਆਈ ਸੀ। ਇਸ ਵਾਰ ਯਾਨੀ ਦਸੰਬਰ 2019 ‘ਚ 2018 ਦੇ ਦਸੰਬਰ ਮਹੀਨੇ ਦੇ ਮੁਕਾਬਲੇ ਸ਼ਰਾਬ ਦੀ ਵਿਕਰੀ ‘ਚ ਇੱਕ ਪ੍ਰਤੀਸ਼ਤ ਦਾ ਵਾਧਾ ਦਰਜ ਕੀਤਾ ਗਿਆ ਹੈ।
ਆਬਕਾਰੀ ਵਿਭਾਗ ਦੇ ਅਧਿਕਾਰੀਆਂ ਅਨੁਸਾਰ ਸ਼ਰਾਬ ‘ਤੇ 48 ਪ੍ਰਤੀਸ਼ਤ ਵਿਕਰੀ ਕਰ ਹੁੰਦਾ ਹੈ। ਇਸ ਸਾਲ ਉਮੀਦ ਸੀ ਕਿ ਸ਼ਰਾਬ ਦੇ ਵਿਕਰੀ ਟੈਕਸ ਤੋਂ 485 ਕਰੋੜ ਰੁਪਏ ਆਬਕਾਰੀ ਵਿਭਾਗ ਨੂੰ ਮਿਲਣਗੇ। 11 ਦਸੰਬਰ ਨੂੰ ਵਿਭਾਗਾਂ ਦੇ ਲਗਭਗ 120 ਸਟੋਰ ਬੰਦ ਹੋਣ ਕਾਰਨ ਸ਼ਰਾਬ ਦੀ ਵਿਕਰੀ ਘੱਟ ਹੋਈ ਜਿਸ ਕਾਰਨ ਮਾਲੀਆ ਵੀ ਘਟਿਆ।
1 ਦਸੰਬਰ ਤੋਂ ਲੈ ਕੇ 10 ਦਸੰਬਰ ਤੱਕ ਇਨ੍ਹਾਂ ਸਟੋਰਾਂ ਤੋਂ ਲਗਭਗ 5 ਕਰੋੜ ਰੁਪਏ ਬੀਅਰ ਤੇ ਵਾਈਨ ਦੀ ਵਿਕਰੀ ਤੋਂ ਆਏ ਸਨ। ਇਨ੍ਹਾਂ ਸਟੋਰਾਂ ‘ਤੇ ਦੂਜੇ ਮਹੀਨਿਆਂ ‘ਚ ਲਗਭਗ 15 ਕਰੋੜ ਰੁਪਏ ਦੀ ਵਿਕਰੀ ਹੁੰਦੀ ਹੈ। ਦਸੰਬਰ ਮਹੀਨੇ ਲਗਭਗ 25 ਕਰੋੜ ਰੁਪਏ ਦਾ ਕਰ ਆਉਂਦਾ ਹੈ।
ਇਸ ਤੋਂ ਪਹਿਲਾਂ ਨਵੰਬਰ 2019 ‘ਚ ਆਬਕਾਰੀ ਵਿਭਾਗ ਨੂੰ ਨਵੰਬਰ 2018 ਦੇ ਮੁਕਾਬਲੇ 18 ਪ੍ਰਤੀਸ਼ਤ ਵਧੇਰੇ ਟੈਕਸ ਦੇ ਰੂਪ ‘ਚ 430 ਕਰੋੜ ਰੁਪਏ ਮਿਲੇ ਸਨ। ਇਸੇ ਤਰ੍ਹਾਂ ਅਕਤੂਬਰ 2019 ‘ਚ ਇਹ 2018 ਦੇ ਮੁਕਾਬਲੇ 15 ਪ੍ਰਤੀਸ਼ਤ ਟੈਕਸ ਦੇ ਰੂਪ ‘ਚ 453 ਕਰੋੜ ਰੁਪਏ ਮਿਲਿਆ। ਹੁਣ ਤੱਕ ਕੁਲ 3700 ਕਰੋੜ ਰੁਪਏ ਦਾ ਮਾਲੀਆ ਟੈਕਸ ਦੇ ਰੂਪ ‘ਚ ਆਇਆ ਹੈ ਤੇ ਮੰਨਿਆ ਜਾ ਰਿਹਾ ਹੈ ਕਿ ਇਸ ਵਾਰ ਇਹ 5200 ਕਰੋੜ ਰੁਪਏ ਤੋਂ ਵੱਧ ਆ ਸਕਦਾ ਹੈ।
ਦੱਸ ਦਈਏ ਕਿ ਦਿੱਲੀ ਵਾਸੀਆਂ ਨੇ ਨਵੇਂ ਸਾਲ ਦੇ ਜਸ਼ਨ ਮੌਕੇ 2018 ‘ਚ 16.5 ਲੱਖ ਤੋਂ ਜ਼ਿਆਦਾ ਸ਼ਰਾਬ ਦੀਆਂ ਬੋਤਲਾਂ ਦਾ ਸੇਵਨ ਕੀਤਾ ਸੀ। ਜਿਸ ਤੋਂ ਸਰਕਾਰ ਨੇ 1.64 ਕਰੋੜ ਰੁਪਏ ਇਕੱਠੇ ਕੀਤੇ ਸਨ। 31 ਦਸੰਬਰ 2019 ਨੂੰ ਨਵੇਂ ਸਾਲ ਦੇ ਜਸ਼ਨ ਮੌਕੇ ਸ਼ਰਾਬ ਦੀਆਂ ਕਿੰਨੀਆਂ ਬੋਤਲਾਂ ਵੇਚੀਆਂ ਗਈਆਂ ਇਸ ਦਾ ਮੁਲਾਂਕਣ ਕੀਤਾ ਜਾ ਰਿਹਾ ਹੈ।