ਨਵੀਂ ਦਿੱਲੀ: ਖੇਤੀ ਕਾਨੂੰਨ ਖਿਲਾਫ਼ ਨਿੱਤਰੇ ਕਿਸਾਨਾਂ ਨੂੰ ਪੂਰੇ ਦੇਸ਼ ਅਤੇ ਹਰ ਵਰਗ ਵੱਲੋਂ ਸਮਰਥਨ ਮਿਲਣਾ ਸ਼ੁਰੂ ਹੋ ਗਿਆ ਹੈ। ਹਰਿਆਣਾ ਦੀ ਖਾਪ ਪੰਚਾਇਤਾਂ ਤੋਂ ਬਾਅਦ ਹੁਣ ਦਿੱਲੀ ਦੀਆਂ ਟ੍ਰਾਂਸਪੋਰਟ ਯੂਨੀਅਨਾਂ ਕਿਸਾਨਾਂ ਦੇ ਹੱਕ ‘ਚ ਖੜ੍ਹ ਗਈਆਂ ਹਨ। ਦਿੱਲੀ ਦੀਆਂ 10 ਟ੍ਰਾਂਸਪੋਰਟ ਯੂਨੀਅਨਾਂ ਨੇ ਕੇਂਦਰ ਸਰਕਾਰ ਨੂੰ ਅਲਟੀਮੇਟਮ ਦਿੱਤਾ ਹੈ।
ਯੂਨੀਅਨਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਦੋ ਦਿਨਾਂ ਦੇ ਅੰਦਰ ਅੰਦਰ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਮੰਗ ਨਾ ਮੰਨੀ ਤਾਂ ਦਿੱਲੀ ਵਿੱਚ ਪਬਲਿਕ ਟ੍ਰਾਂਸਪੋਰਟ ਬੰਦ ਕਰ ਦਿੱਤੀ ਜਾਵੇਗੀ। ਯਾਨੀ ਦਿੱਲੀ ‘ਚ ਟੈਕਸੀਆਂ, ਪ੍ਰਾਈਵੇਟ ਬੱਸਾਂ, ਟਰੱਕਾਂ ਨੂੰ ਨਹੀਂ ਚਲਾਇਆ ਜਾਵੇਗਾ। ਇਹ ਉਦੋਂ ਤਕ ਬੰਦ ਰਹਿਣਗੀਆਂ ਜਦੋਂ ਤਕ ਕੇਂਦਰ ਸਰਕਾਰ ਕਿਸਾਨਾਂ ਦੀ ਮੰਗ ਪੂਰੀ ਨਹੀਂ ਕਰਦੀ।
ਦਿੱਲੀ ਟ੍ਰਾਂਸਪੋਰਟ ਯੂਨੀਅਨ ਤੋਂ ਪਹਿਲਾਂ ਹਰਿਆਣਾ ਦੀਆਂ ਖਾਪ ਪੰਚਾਇਤਾਂ ਨੇ ਫੈਸਲਾ ਲਿਆ ਸੀ ਕਿ ਦਿੱਲੀ ਨੂੰ ਕੂਚ ਕੀਤੀ ਜਾਵੇਗੀ। ਮੰਗਲਵਾਰ ਤੋਂ ਵੱਡੀ ਗਿਣਤੀ ‘ਚ ਹਰਿਆਣਾ ਖਾਪ ਪੰਚਾਇਤਾਂ ਦੇ ਮੈਂਬਰ ਟਰੈਕਟਰ ਟਰਾਲੀਆਂ ‘ਤੇ ਦਿੱਲੀ ਨੂੰ ਜਾਣਾ ਸ਼ੁਰੂ ਕਰਨਗੇ। ਦਿੱਲੀ ਦੀਆਂ ਸਰਹੱਦਾਂ ‘ਤੇ ਬੈਠੇ ਕਿਸਾਨਾਂ ਨੂੰ ਸਥਾਨਕ ਲੋਕਾਂ ਵੱਲੋਂ ਵੀ ਸਮੇਂ-ਸਮੇਂ ‘ਤੇ ਹਰ ਤਰ੍ਹਾਂ ਦੀ ਮਦਦ ਪਹੁੰਚਾਈ ਜਾ ਰਹੀ ਹੈ। ਹੁਣ ਦਿੱਲੀ ਦੀਆਂ ਟ੍ਰਾਂਸਪੋਰਟ ਯੂਨੀਅਨਾਂ ਵੀ ਕਿਸਾਨਾਂ ਦੇ ਨਾਲ ਖੜ੍ਹ ਗਈਆਂ ਹਨ।