ਦਿੱਲੀ ਪੁਲਿਸ ਨੇ ਮਨਜਿੰਦਰ ਸਿੰਘ ਸਿਰਸਾ ਦੇ ਖਿਲਾਫ ਲੁਕਆਊਟ ਨੋਟਿਸ ਕੀਤਾ ਜਾਰੀ, ਸਰਨਾ ਨੇ ਸਿਰਸਾ ‘ਤੇ ਮੁੜ ਲਾਏ ਗੰਭੀਰ ਦੋਸ਼

TeamGlobalPunjab
4 Min Read

ਸਰਨਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਸਬੂਤ ਕੀਤੇ ਪੇਸ਼ 

ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰਾਂ ਦੀ ਚੁੱਪੀ ਉੱਤੇ ਚੁੱਕੇ ਸਵਾਲ  

ਨਵੀਂ ਦਿੱਲੀ (ਦਵਿੰਦਰ ਸਿੰਘ): ਦਿੱਲੀ ਗੁਰਦੁਆਰਾ ਕਮੇਟੀ ਦੇ ਅੰਦਰ ਫੰਡ ਦੀ ਚੋਰੀ ਅਤੇ ਫੰਡਾਂ ਦੇ ਗਲਤ ਇਸਤੇਮਾਲ ਦੇ ਮਾਮਲਿਆਂ ਬਾਰੇ ਚੱਲ ਰਹੀ ਜਾਂਚ ਵਿੱਚ ਦਿੱਲੀ ਪੁਲਿਸ ਨੇ ਡੀ.ਐੱਸ.ਜੀ.ਐੱਮ.ਸੀ. ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਦੇ ਖ਼ਿਲਾਫ਼ ਲੁੱਕ ਆਊਟ ਨੋਟਿਸ ਜਾਰੀ ਕੀਤਾ ਹੈ।

ਜਾਣਕਾਰੀ ਹੋਵੇ ਕਿ, ਸਿਰਸਾ ਦੇ ਖਿਲਾਫ ਕੋਰਟ ਕੇਸ ਸ਼੍ਰੋਮਣੀ ਅਕਾਲੀ ਦਲ (ਦਿੱਲੀ ) ਸਰਨਾ ਧੜੇ ਦੇ ਵੱਲੋਂ ਦਾਖ਼ਲ ਕੀਤਾ ਗਿਆ ਸੀ। ਕੇਸ ਦੀ ਸੁਣਵਾਈ ਕਰਦਿਆਂ ਮਾਣਯੋਗ ਕੋਰਟ ਨੇ 9 ਜੁਲਾਈ 2021 ਨੂੰ ਸਾਬਕਾ ਵਿਧਾਇਕ ਦੇ ਦੇਸ਼ ਛੱਡਣ ਉਤੇ ਪਾਬੰਦੀ ਲਗਾਈ ਸੀ। ਜਿਸ ਨੂੰ ਲੈ ਕੇ ਬੀਤੇ ਸੋਮਵਾਰ ਨੂੰ ਦਿੱਲੀ ਪੁਲਸ ਦੀ ਆਰਥਕ ਅਪਰਾਧ ਸ਼ਾਖਾ ਨੇ ਆਰੋਪੀ ਦੇ ਖਿਲਾਫ ਲੁਕਆਊਟ ਨੋਟਿਸ ਜਾਰੀ ਕੀਤਾ।

- Advertisement -

ਪੂਰੇ ਮਾਮਲੇ ਵਿਚ ਲੰਬੀ ਕਾਨੂੰਨੀ ਲੜਾਈ ਲੜਨ ਵਾਲੇ ਸ਼੍ਰੋ.ਅ.ਦ. ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਅਤੇ ਹਰਵਿੰਦਰ ਸਿੰਘ ਸਰਨਾ ਨੇ ਪ੍ਰੈੱਸ ਨਾਲ ਗੱਲਬਾਤ ਕਰਦਿਆਂ ਹੋਇਆਂ ਸਬੂਤ ਪੇਸ਼ ਕੀਤੇ।

ਸਰਨਾ ਨੇ ਕਿਹਾ ਕਿ “ਸਿੱਖ ਇਤਿਹਾਸ ਵਿੱਚ ਪਹਿਲੀ ਵਾਰ ਹੋ ਰਿਹਾ ਹੈ ਕਿ ਡੀਐਸਜੀਐਮਸੀ ਦੇ ਪ੍ਰਧਾਨ ਦੇ ਖ਼ਿਲਾਫ਼ ਚੋਰੀ, ਗਬਨ ਅਤੇ ਧੋਖਾਧੜੀ ਵਰਗੇ ਗੰਭੀਰ ਮਾਮਲਿਆਂ ਵਿਚ ਲੁਕ ਆਊਟ ਨੋਟਿਸ ਜਾਰੀ ਹੋਇਆ ਹੈ। ਅਪਰਾਧੀ ਦੇ ਦੇਸ਼ ਛੱਡਣ ਉਤੇ ਵੀ ਰੋਕ ਲੱਗੀ ਹੈ। ਪਰ ਹੈਰਾਨੀਜਨਕ ਗੱਲ ਇਹ ਹੈ ਕਿ ਜਿਨ੍ਹਾਂ ਨੂੰ ਸ਼ਹੀਦਾਂ ਦੀ ਜਥੇਬੰਦੀਆਂ ਦਾ ਉਦਾਹਰਣ ਹੋਣਾ ਚਾਹੀਦਾ, ਉਹ ਸਿਰਫ਼ ਟੋਲਾ-ਏ-ਠੱਗ ਬਣ ਕੇ ਰਹਿ ਗਏ ਹਨ। ਜੇਕਰ ਦੁਨੀਆ ਦਾ ਕੋਈ ਵੀ ਜ਼ਿੰਮੇਵਾਰ ਅਹੁਦੇਦਾਰ ਗਲਤ ਕੰਮਾਂ ਵਿੱਚ ਲਿਪਤ ਹੋਇਆ ਦਿੱਸਦਾ ਹੈ, ਤਾਂ ਉਹ ਖੁਦ ਅਸਤੀਫਾ ਦੇ ਦਿੰਦਾ ਹੈ ਪਰ ਇਹ ਕੁਰਸੀ ਅਤੇ ਰਾਜਨੀਤੀ ਦੇ ਭੁੱਖੇ ਹਿੱਲਣ ਨੂੰ ਤਿਆਰ ਨਹੀਂ।”

ਸਰਨਾ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ, ਐਸਜੀਪੀਸੀ ਪ੍ਰਮੁੱਖ ਜਗੀਰ ਕੌਰ ਅਤੇ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀ ਚੁੱਪੀ ਉੱਤੇ ਗਹਿਰਾ ਦੁੱਖ ਜਤਾਇਆ ਹੈ।

ਸਰਨਾ ਦੇ ਅਨੁਸਾਰ ਉਨ੍ਹਾਂ ਨੇ 2018-19 ਵਿੱਚ ਸ੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੇ ਨਾਲ ਮੁਲਾਕਾਤ ਕਰ ਕੇ ਦਿੱਲੀ ਕਮੇਟੀ ਦੇ ਅੰਦਰ ਹੋ ਰਹੇ ਭ੍ਰਿਸ਼ਟਾਚਾਰ ਦੇ ਮਾਮਲਾ ਚੁੱਕਿਆ ਸੀ। ਉਨ੍ਹਾਂ ਨੇ ਵਿਸ਼ਵਾਸ ਦਿਵਾਇਆ ਸੀ ਕਿ ਜਲਦ ਹੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ, ਪਰ ਕੁੱਝ ਵੀ ਨਹੀਂ ਹੋਇਆ।

ਪ੍ਰੈੱਸ ਨਾਲ ਗੱਲਬਾਤ ਕਰਦਿਆਂ ਪਾਰਟੀ ਦੇ ਸਕੱਤਰ ਜਨਰਲ ਗੁਰਮੀਤ ਸਿੰਘ ਸ਼ੰਟੀ ਅਤੇ ਬੇਨਤੀ ਕਰਤਾ ਭੁਪਿੰਦਰ ਸਿੰਘ ਵੀ ਮੌਜੂਦ ਸਨ। ਸ਼ੰਟੀ ਦੇ ਅਨੁਸਾਰ,”ਮੌਜੂਦਾ ਦਿੱਲੀ ਗੁਰਦੁਆਰਾ ਕਮੇਟੀ ਦੇ ਕਿਸੇ ਵੀ ਕੰਮ ਦਾ ਬਿਉਰਾ ਸੰਗਤ ਦੇ ਸਾਹਮਣੇ ਨਹੀਂ ਹੈ। 120 ਕਰੋੜ ਦੇ ਲਗਭਗ ਰਿਜ਼ਰਵ ਦੇ ਕਿਸੇ ਵੀ ਖ਼ਰਚੇ ਦਾ ਅੰਕੜਾ ਮੌਜੂਦ ਨਹੀਂ ਹੈ। ਸਕੂਲ-ਕਾਲਜ ਆਪਣੇ ਦਮ ਤੋੜਨ ਦੇ ਕਗਾਰ ਉੱਤੇ ਹਨ। ਸਟਾਫ ਨੂੰ ਤਨਖਾਹ ਨਹੀਂ ਮਿਲ ਰਹੀ ਹੈ। ਕੋਰੋਨਾ ਕਾਲ ਵਿੱਚ ਸੇਵਾ ਦੇ ਨਾਮ ਉੱਤੇ ਜਮ੍ਹਾਂ ਆਕਸੀਜਨ ਕੰਸੇਨਟ੍ਰੇਟਰ ਨੂੰ ਦਿੱਲੀ ਦੇ ਬਾਹਰ ਭੇਜਿਆ ਗਿਆ। ਅਮਿਤਾਭ ਬੱਚਨ ਵਰਗੇ 1984 ਦੇ ਕਾਤਿਲਾਂ ਦੇ ਦੋਸ਼ੀ ਤੋਂ 12 ਕਰੋੜ ਲਏ ਗਏ, ਉਸ ਦਾ ਕੋਈ ਹਿਸਾਬ ਕਿਤਾਬ ਨਹੀਂ। ਸਿੱਖ ਮਰਿਆਦਾ ਤਾਰ ਤਾਰ ਹੋ ਰਹੀਆਂ ਹਨ। ਉਨ੍ਹਾਂ ਨੂੰ ਵੇਖਣ ਵਾਲਾ ਕੋਈ ਨਹੀਂ।”

- Advertisement -

ਪ੍ਰੈੱਸ ਨੂੰ ਸੰਬੋਧਨ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਸੀਨੀਅਰ ਮੈਂਬਰ ਮੌਜੂਦ ਸਨ ਜਿਨ੍ਹਾਂ ਨੇ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਆਪਣੀ ਜੰਗ ਨੂੰ ਹੋਰ ਤੇਜ਼ ਕਰਨ ਦੀ ਗੱਲ ਕਹੀ।

ਸਰਨਾ ਨੇ ਅਪੀਲ ਕਰਦਿਆਂ ਹੋਇਆਂ ਕਿਹਾ ਕਿ “ਗੁਰੂ ਦੀ ਸੰਗਤ ਅੱਗੇ ਸਾਡੀ ਬੇਨਤੀ ਹੈ ਕਿ ਕਮੇਟੀ ਦੇ ਕਿਸੀ ਵੀ ਤਰ੍ਹਾਂ ਦੇ ਗਲਤ ਕੰਮਾਂ ਦੀ ਜਾਣਕਾਰੀ ਮਿਲਦੇ ਹੀ ਸਾਨੂੰ ਜਾਂ ਪੁਲਿਸ ਨੂੰ ਜਲਦ ਸੂਚਨਾ ਦੇਵੋ। ਗੋਲਕ ਚੋਰਾਂ ਨੂੰ ਸਜ਼ਾ ਦਿਵਾਉਣ ਲਈ ਤੁਸੀਂ ਸਾਰੇ ਸਾਡਾ ਸਹਿਯੋਗ ਕਰੋ।”

Share this Article
Leave a comment