ਨਵੀਂ ਦਿੱਲੀ : ਦਿੱਲੀ ਵਿੱਚ ਕਿਸਾਨ ਪਰੇਡ ਦੌਰਾਨ ਹੋਈ ਹਿੰਸਾ ਨੂੰ ਦੇਖਦੇ ਦਿੱਲੀ ਪੁਲਿਸ ਨੇ ਕਿਸਾਨ ਲੀਡਰਾਂ ‘ਤੇ ਵੀ ਕਾਰਵਾਈ ਕੀਤੀ ਹੈ। ਸੰਯੁਕਤ ਕਿਸਾਨ ਮੋਰਚਾ ਦੇ ਲੀਡਰ ਯੋਗੇਂਦਰ ਯਾਦਵ ਸਣੇ ਕਈ ਲੀਡਰਾਂ ਖਿਲਾਫ਼ ਐਫਆਈਆਰ ਦਰਜ ਕੀਤੀ ਹੈ। ਇਸ ਤੋਂ ਇਲਾਵਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਸਤਨਾਮ ਸਿੰਘ ਪੰਨੂ ਅਤੇ ਜਨਰਲ ਸਕੱਤਰ ਸਵਰਣ ਸਿੰਘ ਪੰਧੇਰ ਖਿਲਾਫ਼ ਵੀ ਮਾਮਲਾ ਦਰਜ ਕੀਤਾ ਗਿਆ ਹੈ। ਪੰਜਾਬੀ ਅਦਾਕਾਰ ਦੀਪ ਸਿੱਧੂ ਅਤੇ ਲੱਖਾ ਸਿਧਾਣਾ ਖਿਲਾਫ਼ ਵੀ ਦਿੱਲੀ ਪੁਲਿਸ ਨੇ ਐਫਆਈਆਰ ਦਰਜ ਕੀਤੀ ਹੈ।
ਇਸ ਤੋਂ ਪਹਿਲਾਂ ਦਿੱਲੀ ਪੁਲਿਸ ਨੇ 22 FIR ਦਰਜ ਕੀਤੀਆਂ ਸੀ। ਇਨ੍ਹਾਂ ਵਿਚ ਤਿੰਨ ਮਾਮਲੇ ਪੱਛਮੀ ਜ਼ਿਲ੍ਹਿਆਂ ਅੰਦਰ ਦਰਜ ਕੀਤੇ ਗਏ ਹਨ ਅਤੇ ਇਕ ਸ਼ਾਹਦਰਾ ਜ਼ਿਲ੍ਹੇ ਵਿੱਚ ਐਫਆਈਆਰ ਹੋਈ ਹੈ। ਇਸ ਤੋਂ ਇਲਾਵਾ ਇੱਕ ਇੱਕ ਨਜਫ਼ਗੜ੍ਹ, ਹਰੀਦਾਸ ਨਗਰ ਅਤੇ ਉੱਤਮ ਨਗਰ ਵਿਚ ਵੀ ਪੁਲਿਸ ਨੇ ਮਾਮਲਾ ਦਰਜ ਕੀਤਾ ਹੈ।
ਇਸ ਤੋਂ ਇਲਾਵਾ ਪੁਲਿਸ ਲਾਲ ਕਿਲ੍ਹੇ ਵਿੱਚ ਕੇਸਰੀ ਝੰਡਾ ਲਹਿਰਾਉਣ ਵਾਲਿਆਂ ਦੀ ਸ਼ਨਾਖ਼ਤ ਵੀ ਕਰ ਰਹੀ ਹੈ। ਹੁਣ ਤਕ ਦਿੱਲੀ ਪੁਲਿਸ 200 ਤੋਂ ਵੱਧ ਲੋਕਾਂ ਦੀ ਸ਼ਨਾਖਤ ਕਰ ਚੁੱਕੀ ਹੈ। ਦਿੱਲੀ ਹੰਗਾਮੇ ਤੋਂ ਬਾਅਦ ਕੇਂਦਰ ਸਰਕਾਰ ਦੀ ਪ੍ਰਤੀਕੀਰਿਆ ਵੀ ਸਾਹਮਣੇ ਆਈ ਹੈ। ਕੇਂਦਰ ਸਰਕਾਰ ਨੇ ਕਿਹਾ ਕਿ ਦਿੱਲੀ ਪੁਲਿਸ ਹਰ ਸਵਾਲਾ ਦੇ ਜਵਾਬ ਦੇਵੇਗੀ।