ਨਵੀਂ ਦਿੱਲੀ : 7 ਸਤੰਬਰ ਤੋਂ ਦੇਸ਼ ਅੰਦਰ ਮੈਟਰੋ ਰੇਲ ਸੇਵਾ ਸ਼ੁਰੂ ਹੋਣ ਜਾ ਰਹੀ ਹੈ। ਜਿਸ ਨੂੰ ਦੇਖਦੇ ਹੋਏ ਕੇਂਦਰ ਸਰਕਾਰ ਵੱਲੋਂ ਮੈਟਰੋ ਦੇ ਸੰਚਾਲਨ ਲਈ SOP ਜਾਰੀ ਕੀਤਾ ਗਿਆ ਹੈ। ਇਸ ਦੇ ਨਾਲ ਹੀ ਦਿੱਲੀ ਮੈਟਰੋ ਰੇਲ ਕਾਰਪੋਰੇਸ਼ਨ (DMRC) ਨੇ ਵੀ ਮੈਟਰੋ ਦੇ ਸੰਚਾਲਨ ਲਈ ਟਾਈਮ ਟੇਬਲ ਜਾਰੀ ਕਰ ਦਿੱਤਾ ਹੈ।
ਡੀਐੱਮਆਰਸੀ ਨੇ ਕਿਹਾ ਕਿ ਮੈਟਰੋ ਦੀ ਸਿਰਫ਼ ਇੱਕ ਲਾਈਨ ਹੀ ਖੋਲ੍ਹੀ ਜਾਵੇਗੀ। ਮੈਟਰੋ ਸਵੇਰੇ 7 ਵਜੇ ਤੋਂ ਸਵੇਰੇ 11 ਵਜੇ ਤੱਕ ਚੱਲੇਗੀ। ਬਾਕੀ ਸਮਾਂ ਮੈਟਰੋ ‘ਤੇ ਬ੍ਰੇਕ ਲੱਗੀ ਰਹੇਗੀ। ਫਿਰ ਸ਼ਾਮ ਨੂੰ ਮੈਟਰੋ 4 ਵਜੇ ਤੋਂ ਰਾਤ 8 ਵਜੇ ਤੱਕ ਚਲਾਈਆਂ ਜਾਣਗੀਆਂ। ਡੀਐੱਮਆਰਸੀ ਨੇ ਇਹ ਸ਼ਡਿਊਲ ਦਫਤਰਾਂ ਅਤੇ ਫੈਕਟਰੀਆਂ ‘ਚ ਜਾਣ ਵਾਲੇ ਕਾਮਿਆਂ ਲਈ ਜਾਰੀ ਕੀਤੇ ਹਨ।
ਇਸ ਤੋਂ ਇਲਾਵਾ ਕੇਂਦਰ ਸਰਕਾਰ ਦੀ ਗਾਈਡ ਲਾਈਨ ਵਿੱਚ ਇਹ ਦੱਸਿਆ ਗਿਆ ਹੈ ਕਿ ਕੰਟੋਨਮੈਂਟ ਜ਼ੋਨ ਅੰਦਰ ਮੈਟਰੋ ਸਟੇਸ਼ਨ ਬੰਦ ਰਹਿਣਗੇ। ਯਾਤਰੀਆਂ ਨੂੰ ਫੇਸ ਮਾਸਕ ਪਹਿਨਣ ਦੀ ਜ਼ਰੂਰਤ ਹੋਵੇਗੀ। ਥਰਮਲ ਸਕਰੀਨਿੰਗ ਤੋਂ ਬਾਅਦ ਯਾਤਰੀਆਂ ਨੂੰ ਮੈਟਰੋ ਸਟੇਸ਼ਨ ਅੰਦਰ ਆਉਣ ਦੀ ਇਜਾਜ਼ਤ ਹੋਵੇਗੀ। ਕੇਂਦਰ ਸਰਕਾਰ ਨੇ ਕਿਹਾ ਕਿ ਮੈਟਰੋ ਰੇਲ ਸੇਵਾਵਾਂ ਦਰਜਾਬੰਦੀ ਤਰੀਕੇ ਨਾਲ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦੌਰਾਨ ਜੇਕਰ ਸਮਾਜਿਕ ਦੂਰੀ ਦੀ ਪਾਲਣਾ ਨਹੀਂ ਹੋਈ ਤਾਂ ਸਥਿਤੀ ਦੀ ਸਮਿਖਿਆ ਕੀਤੀ ਜਾਵੇਗੀ। ਦਿਸ਼ਾ ਨਿਰਦੇਸ਼ਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਕਾਰਵਾਈ ਵੀ ਹੋਵੇਗੀ।