ਨਵੀਂ ਦਿੱਲੀ— ਦਿੱਲੀ ਨਗਰ ਨਿਗਮ (ਐੱਮ.ਸੀ.ਡੀ.) ‘ਚ ਮੇਅਰ ਦੀ ਚੋਣ 6 ਫਰਵਰੀ ਨੂੰ ਹੋਵੇਗੀ। ਲੈਫਟੀਨੈਂਟ ਗਵਰਨਰ (ਐਲਜੀ) ਵਿਨੈ ਕੁਮਾਰ ਸਕਸੈਨਾ ਨੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। 6 ਫਰਵਰੀ ਨੂੰ ਐਮਸੀਡੀ ਵਿੱਚ ਮੇਅਰ, ਡਿਪਟੀ ਮੇਅਰ ਅਤੇ 6 ਸਟੈਂਡਿੰਗ ਕਮੇਟੀ ਦੇ ਮੈਂਬਰਾਂ ਦੀ ਚੋਣ ਹੋਵੇਗੀ।
ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ MCD ਦੇ ਮੇਅਰ ਦੀ ਚੋਣ ਦੀ ਤਰੀਕ ਦੇ ਐਲਾਨ ਤੋਂ ਬਾਅਦ ਭਾਜਪਾ ‘ਤੇ ਨਿਸ਼ਾਨਾ ਸਾਧਿਆ ਹੈ। ਉਨ੍ਹਾਂ ਕਿਹਾ, “ਐਮਸੀਡੀ ਦੇ ਰਾਜ ਵਿੱਚ ਦਿੱਲੀ ਦੇ ਲੋਕ ਭਾਜਪਾ ਤੋਂ ਨਾਖੁਸ਼ ਸਨ। ਦਿੱਲੀ ਦੇ ਲੋਕਾਂ ਨੇ ਅਰਵਿੰਦ ਕੇਜਰੀਵਾਲ ਦੀ ਗਾਰੰਟੀ ‘ਤੇ ਭਰੋਸਾ ਕਰਕੇ ਐਮਸੀਡੀ ਵਿੱਚ ਸਰਕਾਰ ਬਣਾਉਣ ਲਈ ‘ਆਪ’ ਨੂੰ ਵੋਟ ਦਿੱਤੀ। ਦਿੱਲੀ ਦੇ ਲੋਕਾਂ ਨੇ 15 ਸਾਲ ਦੇ ਰਾਜ ਤੋਂ ਬਾਅਦ ਭਾਜਪਾ ਨੂੰ ਹਰਾਇਆ ਹੈ। ਮੇਅਰ ਦੀ ਚੋਣ ਨੂੰ ਰੋਕਣ ਦੀ ਭਾਜਪਾ ਹੁਣ ਸਾਜ਼ਿਸ਼ ਰਚ ਰਹੀ ਹੈ।”
ਸਿਸੋਦੀਆ ਨੇ ਅੱਗੇ ਕਿਹਾ, ‘ਉਮੀਦ ਹੈ ਕਿ ਭਾਰਤੀ ਜਨਤਾ ਪਾਰਟੀ ਲੋਕਤੰਤਰ ਦਾ ਸਨਮਾਨ ਕਰਦੇ ਹੋਏ ਮੇਅਰ ਦੀ ਚੋਣ 6 ਫਰਵਰੀ ਨੂੰ ਹੋਣ ਦੇਵੇਗੀ। ਭਾਜਪਾ ਹੁਣ ਆਮ ਆਦਮੀ ਪਾਰਟੀ ਨੂੰ ਮੇਅਰ ਬਣਨ ਦੇਵੇਗੀ। ਜੇਕਰ ਆਮ ਆਦਮੀ ਪਾਰਟੀ ਦਾ ਮੇਅਰ ਕੰਮ ਕਰਦਾ ਹੈ ਤਾਂ ਸਾਰੇ ਕੰਮ ਤੁਰੰਤ ਹੋ ਜਾਣਗੇ।
ਇਸ ਤੋਂ ਪਹਿਲਾਂ ਐਮਸੀਡੀ ਦੇ ਮੇਅਰ ਅਤੇ ਡਿਪਟੀ ਮੇਅਰ ਦੀ ਚੋਣ ਹੰਗਾਮੇ ਕਾਰਨ ਦੋ ਵਾਰ ਰੱਦ ਹੋ ਚੁੱਕੀ ਹੈ। ਸਭ ਤੋਂ ਪਹਿਲਾਂ 5 ਜਨਵਰੀ ਨੂੰ ਐਮਸੀਡੀ ਹਾਊਸ ਵਿੱਚ ‘ਆਪ’ ਅਤੇ ਭਾਜਪਾ ਦੇ ਕੌਂਸਲਰਾਂ ਵਿਚਾਲੇ ਜ਼ਬਰਦਸਤ ਹੰਗਾਮਾ ਹੋਇਆ ਸੀ। ਜਿਸ ਤੋਂ ਬਾਅਦ ਸਦਨ ਦੀ ਕਾਰਵਾਈ ਰੱਦ ਕਰ ਦਿੱਤੀ ਗਈ। ਫਿਰ 24 ਜਨਵਰੀ ਨੂੰ ਵੀ ਅਜਿਹਾ ਹੀ ਹੰਗਾਮਾ ਹੋਇਆ। ਜਿਸ ਤੋਂ ਬਾਅਦ ਦਿੱਲੀ ਨਗਰ ਨਿਗਮ ਦਾ ਸਦਨ ਅਣਮਿੱਥੇ ਸਮੇਂ ਲਈ ਮੁਲਤਵੀ ਕਰ ਦਿੱਤਾ ਗਿਆ।