ਨਵੀਂ ਦਿੱਲੀ: ਦਿੱਲੀ ਵਿਧਾਨ ਸਭਾ ਚੋਣਾਂ 2025 ਤੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਵੱਡਾ ਐਲਾਨ ਕੀਤਾ ਹੈ। ਆਪ ਸਰਕਾਰ ਨੇ ਦਿੱਲੀ ਦੀਆਂ ਔਰਤਾਂ ਨਾਲ ਜੋ ਵਾਅਦਾ ਕੀਤਾ ਸੀ, ਉਹ ਹੁਣ ਪੂਰਾ ਹੋ ਗਿਆ ਹੈ। ਕੇਜਰੀਵਾਲ ਨੇ ‘ਮਹਿਲਾ ਸਨਮਾਨ ਯੋਜਨਾ’ ਦਾ ਐਲਾਨ ਵੀਰਵਾਰ ਯਾਨੀਕਿ ਅੱਜ ਸਵੇਰੇ ਦਿੱਲੀ ਕੈਬਨਿਟ ਦੀ ਬੈਠਕ ‘ਚ ਕੀਤਾ, ਜਿਸ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਦੇ ਦਫਤਰ ‘ਚ ਇਸ ਦਾ ਐਲਾਨ ਕੀਤਾ।
ਇਸ ਸਕੀਮ ਤਹਿਤ ਸਰਕਾਰ ਯੋਗ ਔਰਤਾਂ ਦੇ ਖਾਤਿਆਂ ਵਿੱਚ ਹਰ ਮਹੀਨੇ ਇੱਕ ਹਜ਼ਾਰ ਰੁਪਏ ਟਰਾਂਸਫਰ ਕਰੇਗੀ। ਇੰਨਾ ਹੀ ਨਹੀਂ ਅਰਵਿੰਦ ਕੇਜਰੀਵਾਲ ਨੇ ਐਲਾਨ ਕੀਤਾ ਕਿ ਚੋਣਾਂ ਤੋਂ ਬਾਅਦ ਔਰਤਾਂ ਨੂੰ 1000 ਰੁਪਏ ਦੀ ਬਜਾਏ 2100 ਰੁਪਏ ਦਿੱਤੇ ਜਾਣਗੇ। ਔਰਤਾਂ ਇਸ ਸਕੀਮ ਲਈ ਭਲਕੇ ਯਾਨੀਕਿ 13 ਦਸੰਬਰ ਤੋਂ ਰਜਿਸਟਰ ਕਰ ਸਕਦੀਆਂ ਹਨ।
ਇਸ ਮੌਕੇ ਅਰਵਿੰਦ ਕੇਜਰੀਵਾਲ ਨੇ ਕਿਹਾ, “ਅੱਜ ਮੈਂ ਦੋ ਵੱਡੇ ਐਲਾਨ ਕਰਨ ਜਾ ਰਿਹਾ ਹਾਂ ਅਤੇ ਉਹ ਦੋਵੇਂ ਦਿੱਲੀ ਦੀਆਂ ਮਾਵਾਂ-ਭੈਣਾਂ ਲਈ ਹਨ। ਅਸੀਂ ਵਾਅਦਾ ਕੀਤਾ ਸੀ ਕਿ ਅਸੀਂ ਹਰ ਮਹੀਨੇ ਔਰਤਾਂ ਦੇ ਖਾਤਿਆਂ ‘ਚ 1000 ਰੁਪਏ ਜਮ੍ਹਾਂ ਕਰਵਾਵਾਂਗੇ।’ ਕੈਬਨਿਟ ਨੇ ਇਸ ਨੂੰ ਪਾਸ ਕਰ ਦਿੱਤਾ ਹੈ, ਇਸ ਲਈ ਔਰਤਾਂ ਨੂੰ ਰਜਿਸਟ੍ਰੇਸ਼ਨ ਕਰਵਾਉਣੀ ਪਵੇਗੀ, ਇੱਕ ਵਾਰ ਰਜਿਸਟਰ ਹੋਣ ਤੋਂ ਬਾਅਦ ਹਰ ਮਹੀਨੇ ਹਜ਼ਾਰਾਂ ਰੁਪਏ ਉਨ੍ਹਾਂ ਦੇ ਖਾਤੇ ਵਿੱਚ ਆਉਣੇ ਸ਼ੁਰੂ ਹੋ ਜਾਣਗੇ।
ਕੇਜਰੀਵਾਲ ਨੇ ਅੱਗੇ ਕਿਹਾ, “ਅਸੀਂ ਪਿਛਲੇ ਅਪ੍ਰੈਲ ਵਿੱਚ ਇਸਦੀ ਸ਼ੁਰੂਆਤ ਕਰਨ ਜਾ ਰਹੇ ਸੀ, ਪਰ ਬਦਕਿਸਮਤੀ ਨਾਲ ਇਨ੍ਹਾਂ ਲੋਕਾਂ ਨੇ ਮੈਨੂੰ ਗਲਤ ਕੇਸ ਵਿੱਚ ਜੇਲ੍ਹ ਭੇਜ ਦਿੱਤਾ। ਮੈਂ 6-7 ਮਹੀਨੇ ਜੇਲ੍ਹ ਵਿੱਚ ਰਿਹਾ ਅਤੇ ਬਾਹਰ ਆਉਣ ਤੋਂ ਬਾਅਦ ਆਤਿਸ਼ੀ ਨੇ ਇਸ ਯੋਜਨਾ ਨੂੰ ਲਾਗੂ ਕਰਨ ਵਿੱਚ ਬਹੁਤ ਮਦਦ ਕੀਤੀ। ਇਸ ਗੱਲ ‘ਤੇ ਸਹਿਮਤੀ ਬਣੀ ਕਿ ਇਸ ਯੋਜਨਾ ਦਾ ਖਰਚਾ ਸਰਕਾਰ ਨੂੰ ਨਹੀਂ ਹੋਵੇਗਾ ਪਰ ਦਿੱਲੀ ਸਰਕਾਰ ਨੂੰ ਫਾਇਦਾ ਹੋਵੇਗਾ।
‘ਆਪ’ ਕਨਵੀਨਰ ਨੇ ਕਿਹਾ, “ਭਾਜਪਾ ਵਾਲੇ ਕਹਿ ਰਹੇ ਹਨ ਕਿ ਇਸ ਦੇ ਲਈ ਪੈਸਾ ਕਿੱਥੋਂ ਆਵੇਗਾ? ਉਹ ਇਹ ਗੱਲ ਉਦੋਂ ਵੀ ਕਹਿੰਦੇ ਸਨ ਜਦੋਂ ਪਹਿਲਾਂ 2013 ‘ਚ ਅਸੀਂ ਬਿਜਲੀ ਮੁਫਤ ਕਰਨ ਦੀ ਗੱਲ ਕੀਤੀ ਸੀ ਅਤੇ ਅਸੀਂ ਇਸ ਨੂੰ ਮੁਫਤ ਕਰ ਦਿੱਤਾ ਸੀ। ਮੈਂ ਜਾਦੂਗਰ ਹਾਂ। ਮੈਨੂੰ ਅਕਾਊਂਟ ਚਲਾਉਣਾ ਆਉਂਦਾ ਹੈ। ਇਸ ਬਾਰੇ ਚਿੰਤਾ ਨਾ ਕਰੋ ਕਿ ਪੈਸਾ ਕਿੱਥੋਂ ਆਵੇਗਾ ਅਤੇ ਕਿਵੇਂ ਦੇਣਾ ਹੈ।”