ਨਵੀਂ ਦਿੱਲੀ— ਦੇਸ਼ ‘ਚ ਜੀ-20 ਪ੍ਰੋਗਰਾਮਾਂ ਦੀ ਮੇਜ਼ਬਾਨੀ ਦਾ ਸਿਲਸਿਲਾ ਜਾਰੀ ਹੈ। ਦੇਸ਼ ਦੇ ਵੱਖ-ਵੱਖ ਸੂਬਿਆਂ ‘ਚ ਹੋਣ ਵਾਲੇ ਪ੍ਰੋਗਰਾਮਾਂ ਲਈ ਸੂਬਾ ਸਰਕਾਰਾਂ ਵੱਖ-ਵੱਖ ਪੱਧਰ ‘ਤੇ ਤਿਆਰੀਆਂ ‘ਚ ਜੁਟੀਆਂ ਹੋਈਆਂ ਹਨ। ਦਿੱਲੀ ‘ਚ ਵੀ ਜੀ-20 ਪ੍ਰੋਗਰਾਮ ਆਯੋਜਿਤ ਕੀਤੇ ਜਾਣਗੇ, ਅਜਿਹੇ ‘ਚ ਦਿੱਲੀ ਸਰਕਾਰ ਨੇ ਕੇਂਦਰ ਸਰਕਾਰ ਤੋਂ ਜੀ-20 ਲਈ ਫੰਡਾਂ ਦੀ ਮੰਗ ਕੀਤੀ ਹੈ। ਦਿੱਲੀ ਦੇ ਉਪ ਮੁੱਖ ਮੰਤਰੀ ਅਤੇ ਵਿੱਤ ਮੰਤਰੀ ਮਨੀਸ਼ ਸਿਸੋਦੀਆ ਨੇ ਇਸ ਸਬੰਧੀ ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੂੰ ਪੱਤਰ ਲਿਖਿਆ ਹੈ।
ਮਨੀਸ਼ ਸਿਸੋਦੀਆ ਨੇ ਕੇਂਦਰੀ ਵਿੱਤ ਮੰਤਰੀ ਨੂੰ ਪੱਤਰ ਲਿਖ ਕੇ ਜੀ-20 ਦੀਆਂ ਤਿਆਰੀਆਂ ਨੂੰ ਤੇਜ਼ ਕਰਨ ਲਈ ਫੰਡ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ। ਆਪਣੇ ਪੱਤਰ ਵਿੱਚ ਸਿਸੋਦੀਆ ਨੇ ਕਿਹਾ ਕਿ ਦਿੱਲੀ ਵਿੱਚ ਹੋਣ ਵਾਲੀ ਜੀ-20 ਬੈਠਕ ਲਈ ਮਾਣ ਵਾਲੀ ਗੱਲ ਹੈ। ਸਿਸੋਦੀਆ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਕੇਂਦਰੀ ਬਜਟ ਵਿੱਚ ਕੋਈ ਫੰਡ ਨਹੀਂ ਮਿਲਦਾ, ਇਸ ਲਈ ਕੇਂਦਰ ਸਰਕਾਰ ਜੀ-20 ਦੀਆਂ ਤਿਆਰੀਆਂ ਲਈ ਵਾਧੂ ਫੰਡ ਮੁਹੱਈਆ ਕਰਵਾਏ।
ਇਸ ਦੇ ਨਾਲ ਹੀ ਉਨ੍ਹਾਂ ਨੇ ਆਪਣੇ ਪੱਤਰ ਵਿੱਚ ਕੇਂਦਰ ਸਰਕਾਰ ਨੂੰ ਕਿਹਾ ਹੈ ਕਿ ਜੀ-20 ਦੀਆਂ ਵਿਸ਼ੇਸ਼ ਤਿਆਰੀਆਂ ਲਈ 927 ਕਰੋੜ ਰੁਪਏ ਦੀ ਲੋੜ ਹੈ।
ਦੱਸ ਦਈਏ ਕਿ ਭਾਰਤ ਨੂੰ ਹਾਲ ਹੀ ‘ਚ G20 ਦੀ ਪ੍ਰਧਾਨਗੀ ਮਿਲੀ ਹੈ, ਅਜਿਹੇ ‘ਚ ਇਸ ਸਾਲ ਦੇਸ਼ 50 ਤੋਂ ਜ਼ਿਆਦਾ ਸ਼ਹਿਰਾਂ ‘ਚ G20 ਦੀਆਂ 200 ਤੋਂ ਜ਼ਿਆਦਾ ਬੈਠਕਾਂ ਦੀ ਮੇਜ਼ਬਾਨੀ ਕਰੇਗਾ। ਇਸ ਦੇ ਲਈ ਵੱਖ-ਵੱਖ ਰਾਜ ਲੰਬੇ ਸਮੇਂ ਤੋਂ ਵਿਸ਼ੇਸ਼ ਤਿਆਰੀਆਂ ‘ਚ ਲੱਗੇ ਹੋਏ ਹਨ।