ਨਵੀਂ ਦਿੱਲੀ- ਗਣਤੰਤਰ ਦਿਵਸ ਤੋਂ ਪਹਿਲਾਂ ਰਾਸ਼ਟਰੀ ਰਾਜਧਾਨੀ ਦਿੱਲੀ ‘ਚ ਇਕ ਵਾਰ ਫਿਰ ਤੋਂ ਦੋ ਸ਼ੱਕੀ ਬੈਗ ਮਿਲੇ ਹਨ, ਜਿਸ ਤੋਂ ਬਾਅਦ ਬੰਬ ਨਿਰੋਧਕ ਦਸਤਾ ਮੌਕੇ ‘ਤੇ ਪਹੁੰਚ ਗਿਆ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ 14 ਜਨਵਰੀ ਨੂੰ ਵੀ ਗਾਜ਼ੀਪੁਰ ਫੂਲ ਮੰਡੀ ਵਿੱਚ ਇੱਕ ਬੈਗ ਵਿੱਚ ਆਈਈਡੀ ਬਰਾਮਦ ਕੀਤੀ ਗਈ ਸੀ, ਜਿਸ ਨੂੰ ਨਿਯੰਤਰਿਤ ਵਿਸਫੋਟ ਰਾਹੀਂ ਨਕਾਰਾ ਕੀਤਾ ਗਿਆ ਸੀ।
ਪੂਰਬੀ ਦਿੱਲੀ ਦੇ ਤ੍ਰਿਲੋਕਪੁਰੀ ਇਲਾਕੇ ‘ਚ ਸ਼ੱਕੀ ਬੈਗ ਮਿਲਣ ਦੀ ਸੂਚਨਾ ਮਿਲਦੇ ਹੀ ਹਲਚਲ ਮਚ ਗਈ ਹੈ ਅਤੇ ਕਈ ਪੁਲਸ ਅਧਿਕਾਰੀ ਮੌਕੇ ‘ਤੇ ਮੌਜੂਦ ਹਨ। ਦੱਸ ਦੇਈਏ ਕਿ ਗਣਤੰਤਰ ਦਿਵਸ ਦੇ ਮੌਕੇ ‘ਤੇ ਪੂਰੀ ਦਿੱਲੀ ‘ਚ ਅਲਰਟ ਹੈ ਅਤੇ ਰਾਜਧਾਨੀ ਦਿੱਲੀ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ।
ਦੋ ਲਾਵਾਰਿਸ ਬੈਗਾਂ ਵਿੱਚੋਂ ਇੱਕ ਲੈਪਟਾਪ, ਇੱਕ ਚਾਰਜਰ ਅਤੇ ਇੱਕ ਪਾਣੀ ਦੀ ਬੋਤਲ ਮਿਲੀ ਹੈ। ਮੌਕੇ ‘ਤੇ ਮੌਜੂਦ ਪੁਲਿਸ ਵੱਲੋਂ ਆਲੇ-ਦੁਆਲੇ ਦੀ ਜਾਂਚ ਕਰ ਰਹੇ ਹਨ। ਹਾਲਾਂਕਿ ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਬੈਗ ਕਿਸ ਦਾ ਹੈ ਅਤੇ ਕਿਸ ਨੇ ਇੱਥੇ ਰੱਖਿਆ ਸੀ। ਪੁਲਿਸ ਅਜੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।